ਦਿੱਲੀ – ਬੀਤੇ ਦਿਨੀ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅਸਤੀਫਾ ਦੇਣ ਤੋਂ ਉਪਰੰਤ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਚ ਨਵੀਂ ਹਲਚੱਲ ਸ਼ੁਰੂ ਹੋ ਗਈ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਨਵੇਂ ਕਾਰਜਕਾਰੀ ਬੋਰਡ ਦੇ ਗਠਨ ਹੋਣ ਤੱਕ ਹੁਣ ਕਮੇਟੀ ਦਾ ਕੰਮ-ਕਾਜ ਕਾਰਜਕਾਰੀ ਪ੍ਰਧਾਨ ਦੇ ਤੋਰ ‘ਤੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਦੇਖਣਗੇ ਕਿਉਂਕਿ ਸਾਬਕਾ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੋਰ ਦੀ ਮੁੱਢਲੀ ਮੈਂਬਰਸ਼ਿਪ ਜਿਲਾ ਅਦਾਲਤ ਦੇ ਬੀਤੇ 25 ਜਨਵਰੀ 2021 ਦੇ ਆਦੇਸ਼ਾਂ ਮੁਤਾਬਿਕ ਪਹਿਲਾਂ ਹੀ ਰੱਦ ਕੀਤੀ ਜਾ ਚੁਕੀ ਹੈ ‘ਤੇ ਉਨ੍ਹਾਂ ਬੀਤੇ 29 ਨਵੰਬਰ 2021 ਨੂੰ ਮਾਣਯੋਗ ਦਿੱਲੀ ਹਾਈ ਕੋਰਟ ‘ਚ ਦਾਖਿਲ ਕੀਤੀ ਅਪੀਲ ਵੀ ਵਾਪਿਸ ਲੈ ਲਈ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸ. ਸਿਰਸਾ ਦਾ ਅਸਤੀਫਾ ਮੰਜੂਰ ਕਰਨ ਲਈ ਕਮੇਟੀ ਦੇ ਜਨਰਲ ਹਾਉਸ ਦੀ ਮੀਟਿੰਗ ਬੁਲਾਣੀ ਲਾਜਮੀ ਹੋਵੇਗੀ ਜਿਸ ‘ਚ ਕੇਵਲ 2017 ‘ਚ ਚੁਣੇ ‘ਤੇ ਨਾਮਜਦ ਮੈਂਬਰ ਹੀ ਸ਼ਿਰਕਤ ਕਰ ਸਕਦੇ ਹਨ ਕਿਉਂਕਿ ਅਗਸਤ 2021 ‘ਚ ਹੋਈਆਂ ਮੋਜੂਦਾ ਦਿੱਲੀ ਗੁਰੂਦੁਆਰਾ ਚੋਣਾਂ ਤੋਂ ਬਾਅਦ ਹਾਲ ਦੀ ਘੜ੍ਹੀ ਨਵੇਂ ਜਨਰਲ ਹਾਉਸ ਦਾ ਗਠਨ ਨਹੀ ਹੋਇਆ ਹੈ। ਸ. ਇੰਦਰ ਮੋਹਨ ਸਿੰਘ ਨੇ ਕਿਹਾ ਮੋਜੂਦਾ ਹਾਲਾਤਾਂ ‘ਚ ਮਾਮਲਾ ਪੇਚੀਦਾ ਬਣਿਆ ਹੋਇਆ ਹੈ ਕਿਉਂਕਿ ਜਨਰਲ ਸਕੱਤਰ ਦੇ ਵਾਹਿਦ ਦਸਤਖਤਾਂ ਨਾਲ ਕਮੇਟੀ ਦਾ ਕੋਈ ਕੰਮ-ਕਾਜ ਨਹੀ ਕੀਤਾ ਜਾ ਸਕਦਾ ਹੈ ‘ਤੇ ਸ. ਸਿਰਸਾ ਵਲੋਂ ਬਾਦਲ ਧੜ੍ਹੇ ਨੂੰ ਅਲਵਿਦਾ ਕਹਿਣ ਤੋਂ ਉਪਰੰਤ ਉਹ ਹੁਣ ਆਪਣਾ ਅਸਤੀਫਾ ਵਾਪਿਸ ਨਹੀ ਲੈ ਸਕਦੇ ਹਨ।
ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸ. ਸਿਰਸਾ ਆਪਣੇ ਅਸਤੀਫੇ ਤੋਂ ਬਾਅਦ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵਜੋਂ ਦਿੱਲੀ ਕਮੇਟੀ ‘ਚ ਨਾਮਜਦ ਹੋਣ ਦਾ ਦਾਵਾ ਛੱਡ ਕੇ 9 ਦਿਸੰਬਰ ਨੂੰ ਅਦਾਲਤੀ ਮੁਕੱਦਮਾ ਵਾਪਿਸ ਲੈ ਸਕਦੇ ਹਨ ਜਿਸ ਨਾਲ ਨਵੀ ਕਮੇਟੀ ਦੇ ਗਠਨ ਦਾ ਰਾਹ ਪੱਧਰਾ ਹੋ ਸਕਦਾ ਹੈ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਗਏ ਨਵੇਂ ਨੁਮਾਇੰਦੇ ਤੋਂ ਇਲਾਵਾ ਦਿੱਲੀ ਦੇ ਸਿੰਘ ਸਭਾ ਗੁਰਦੁਆਰਿਆਂ ‘ਚੋ ਲਾਟਰੀ ਰਾਹੀ ਇਕ ਹੋਰ ਪ੍ਰਧਾਨ ਨੂੰ ਨਾਮਜਦ ਕਰਣ ਤੋਂ ਬਾਅਦ ਦਿੱਲੀ ਗੁਰੁਦੁਆਰਾ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦਾ ਗਠਨ ਇਸੇ ਮਹੀਨੇ ਦੇ ਆਖਰੀ ਹਫਤੇ ਤੱਕ ਹੋਣ ਦੀ ਸੰਭਾਵਨਾ ਹੈ।