ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦਾ ਯੂਕੇ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਅਹਿਮ ਸਥਾਨ ਹੈ। ਇਸ ਸ਼ਹਿਰ ਵਿੱਚ ਵਿਸ਼ਵ ਪੱਧਰ ਦੀਆਂ ਗਤੀਵਿਧੀਆਂ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ। ਗਲਾਸਗੋ ਵਿੱਚ ਪਿਛਲੇ ਮਹੀਨੇ ਵਿਸ਼ਵ ਪੱਧਰੀ ਜਲਵਾਯੂ ਕਾਨਫਰੰਸ ਕੋਪ 26 ਹੋਣ ਦੇ ਬਾਅਦ ਹੁਣ ਵਿਸ਼ਵ ਅਥਲੈਟਿਕਸ ਨੇ ਘੋਸ਼ਣਾ ਕੀਤੀ ਹੈ ਕਿ ਗਲਾਸਗੋ 2024 ਵਿਸ਼ਵ ਇਨਡੋਰ ਚੈਂਪੀਅਨਸ਼ਿਪ ਲਈ ਮੇਜ਼ਬਾਨ ਸ਼ਹਿਰ ਹੋਵੇਗਾ। ਇਹ ਈਵੈਂਟ ਪਹਿਲਾਂ ਵੀ ਦੋ ਵਾਰ ਯੂਕੇ ਵਿੱਚ ਹੋ ਚੁੱਕੀ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਕਾਟਲੈਂਡ ਦਾ ਕੋਈ ਸ਼ਹਿਰ ਇਸਦਾ ਮੇਜ਼ਬਾਨ ਹੋਵੇਗਾ। ਦੁਨੀਆ ਭਰ ਦੇ ਐਥਲੀਟ ਇਸ ਹਾਈ-ਪ੍ਰੋਫਾਈਲ ਈਵੈਂਟ ਵਿੱਚ ਹਿੱਸਾ ਲੈਣਗੇ। ਗਲਾਸਗੋ ਦੋ ਸਾਲ ਪਹਿਲਾਂ ਵੀ ਯੂਰਪੀਅਨ ਇਨਡੋਰ ਚੈਂਪੀਅਨਸ਼ਿਪ ਦਾ ਮੇਜ਼ਬਾਨ ਸੀ ਅਤੇ ਇੱਥੇ 2014 ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਵੀ ਕੀਤਾ ਸੀ। ਅਗਲੀ ਵਿਸ਼ਵ ਇਨਡੋਰ ਚੈਂਪੀਅਨਸ਼ਿਪ ਅਗਲੇ ਸਾਲ ਮਾਰਚ ਵਿੱਚ ਬੇਲਗ੍ਰੇਡ ਵਿੱਚ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਇਸਨੂੰ ਗਲਾਸਗੋ ਲਈ ਇੱਕ ਮਾਣ ਵਾਲੀ ਗੱਲ ਕਿਹਾ ਹੈ। ਇਸਦੇ ਇਲਾਵਾ ਯੂਕੇ ਅਥਲੈਟਿਕਸ ਨੇ ਵੀ 2024 ਵਿਸ਼ਵ ਅਥਲੈਟਿਕਸ ਇਨਡੋਰ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਗਲਾਸਗੋ 2024 ‘ਚ ਕਰੇਗਾ ਵਿਸ਼ਵ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ
This entry was posted in ਅੰਤਰਰਾਸ਼ਟਰੀ.