ਪਿਰੰਸੀਪਲ ਸੁਜਾਨ ਸਿੰਘ ,
ਸੀ ਇੱਕ ਸਫਲ ਕਹਾਣੀ ਕਾਰ।
ਉੱਚਾ ਲੰਮਾ ਕੱਦ ਸੀ ਉਸ ਦਾ,
ਸਾਦ ਮੁਰਾਦਾ, ਸੱਭ ਦਾ ਯਾਰ।
ਧਨੀ ਕਲਮ ਦਾ,ਕਹਿਨ ਕਥਨ ਦਾ,
ਬੜਾ ਅਨੋਖਾ ਕਲਮ ਕਾਰ।
ਸਾਹਿਤ ਦੀ ਹਸਤੀ ਸਿਰ-ਮੌਰ,
ਮਹਿਫਲ ਦਾ ਸੀ ਅਸਲ ਸ਼ਿੰਗਾਰ।
ਪਰਬਤ ਵਰਗੇ ਸਹਿਜ ਸੁਭਾ ਦਾ,
ਠੰਡੀ ਛਾਂ ਤੇ ਠੰਡਾ ਠਾਰ।
ਸੱਭ ਨੂੰ ਉੰਗਲੀ ਲਾ ਕੇ ਤੁਰਦਾ,
ਮਾਂ ਬੋਲੀ ਦਾ ਸੇਵਾਦਾਰ।
ਮੇਹਣਤ ਕਰਕੇ ਰੁਤਬਾ ਪਾਇਆ,
ਸਾਹਿਤ ਦਾ ਭਰਿਆ ਭੰਡਾਰ।
ਉਸ ਦੀ ਲਿਖੀ ਕਹਾਣੀ ਵੱਖਰੀ,
ਕਾਮੇ ਤੇ ਕਿਰਤੀਆਂ ਦਾ ਯਾਰ।
‘ਕੁਲਫੀ’ ਤੇ ‘ਬਾਗਾਂ ਦਾ ਰਾਖਾ’,
‘ਜਗਰਾਤਾ’ ਵੱਡੇ ਸ਼ਾਹਕਾਰ,
ਪਾਠਕ ਨੀਝਾਂ ਲਾ ਲਾ ਪੜ੍ਹਦੇ ,
ਖੁਲ੍ਹੇ ਜੋ ਉਸ ਦੇ ਵੀਚਾਰ।
ਤੰਗੀ ਤੁਰਸ਼ੀ,ਔਖ ਸੌਚ ਵਿੱਚ,
ਤੁਰ ਗਿਆ ਜੀਵਣ ਸਫਰ ਗੁਜ਼ਾਰ।
ਭੇਟਾ ਕਰਾਂ ’ਸ਼ਰਧਾ ਸ਼ਰਧਾ ਦੇ ਫੁੱਲ,
ਆਦਰ ਤੇ ਕਰਕੇ ਸਤਿਕਾਰ ,
ਜੀਵਣ ਲਾਕੇ ਜਿਸ ਨੇ ਭਰਿਆ ,
ਮਾਂ ਬੋਲੀ ਦਾ ਸਾਹਿਤ ਭੰਡਾਰ।