ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਕਿਸਾਨ ਮੋਰਚੇ ਵਲੋਂ ਆਪਣੀਆਂ ਮੰਗਾ ਮੰਨਵਾਣ ਲਈ 26 ਜਨਵਰੀ ਨੂੰ ਦਿੱਲੀ ਚਲੋ ਐਲਾਨ ਵਿਚ ਜਦੋ ਲਾਲ ਕਿਲੇ ਤੇ ਕੁਝ ਸਿੰਘਾਂ ਵਲੋਂ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ ਤਦ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਅਤੇ ਸਿੰਘਾਂ ਦੀ ਫੜੋ ਫੜਾਈ ਕੀਤੀ ਗਈ ਸੀ । ਦਿੱਲੀ ਕਮੇਟੀ ਅਤੇ ਕੁਝ ਕੁ ਜਥੇਬੰਦੀਆਂ ਵਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਕਿਸਾਨ ਅਤੇ ਨਾਮਜਦ ਕੀਤੇ ਗਏ ਸਿੰਘ ਜਮਾਨਤਾਂ ਤੇ ਰਿਹਾਅ ਕੀਤੇ ਗਏ ਸੀ । ਇਸੇ ਮਾਮਲੇ ਵਿਚ ਬੀਤੇ ਦਿਨ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਅੰਦਰ ਅਕਾਸ਼ਪ੍ਰੀਤ ਸਿੰਘ, ਹਰਜੀਤ ਸਿੰਘ, ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਸੰਦੀਪ ਸਿੰਘ, ਮਨਿੰਦਰ ਸਿੰਘ, ਖੇਮਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਇਕਬਾਲ ਸਿੰਘ ਪ੍ਰਚਾਰਕ ਅਤੇ ਜਬਰਜੰਗ ਸਿੰਘ ਪੇਸ਼ ਹੋਏ ਸਨ ਤੇ ਬਿਨਾਂ ਕਿਸੇ ਸੁਣਵਾਈ ਤੋਂ ਜੱਜ ਸਾਹਿਬ ਨੇ ਅਗਲੀ ਪਾ ਦਿੱਤੀ । ਪੇਸ਼ੀ ਭੁਗਤਣ ਉਪਰੰਤ ਮਾਮਲੇ ਵਿਚ ਨਾਮਜਦਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਜਾਣਬੁਝ ਕੇ ਖੱਜਲਖੁਆਰ ਕੀਤਾ ਜਾਂਦਾ ਹੈ । ਵੱਖ ਵੱਖ ਜਿਲਿਆ ਤੋਂ ਤਰੀਕ ਭੁਗਤਣ ਆਂਦੇ ਹਾਂ ਪਰ ਕੋਈ ਸੁਣਵਾਈ ਨਹੀਂ ਹੁੰਦੀ ਅਗਲੀ ਤਰੀਕ ਦੇ ਦੇਂਦੇ ਹਨ । ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਦਾਲਤ ਨੇ ਸਾਡਾ ਜਬਤ ਕੀਤਾ ਸਮਾਨ ਵਾਪਿਸ ਕਰਨ ਦੇ ਆਦੇਸ਼ ਵੀ ਦਿਤੇ ਹਨ ਪਰ ਓਹ ਸਾਨੂੰ ਵਾਪਿਸ ਨਹੀਂ ਕੀਤਾ ਜਾ ਰਿਹਾ ਹੈ । ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਇਸ ਗੱਲ ਦਾ ਨੋਟਿਸ ਲੈ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ ।