ਉੱਘੇ ਸਾਹਿਤਕਾਰਾਂ ਦੀ ਜਨਮ ਸ਼ਤਾਬਦੀ ਨੂੰ ਨਿਵੇਕਲੇ ਢੰਗ ਨਾਲ ਜ਼ਮੀਨੀ ਪੱਧਰ ਉਪਰ ਮਨਾਉਣ ਹਿੱਤ ਸਾਰਥਕ ਪਹਿਲ ਕਰਦਿਆਂ ਪੰਜਾਬ ਸਾਹਿਤ ਅਕਾਦਮੀ ਵਲੋਂ ਨਾਮਵਰ ਪੰਜਾਬੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦੇ ਜੱਦੀ ਪਿੰਡ ਡਡਹੇੜੀ (ਫਤਿਹਗੜ੍ਹ ਸਾਹਿਬ) ਵਿਖੇ ਇਕ—ਰੋਜ਼ਾ ਅਦਬੀ ਮੇਲਾ ਕਰਵਾਇਆ ਗਿਆ। ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਸ੍ਰੀ ਸੰਤੋਖ ਸਿੰਘ ਧੀਰ ਦੇ ਜੱਦੀ ਘਰ ਨੂੰ ਸੈਕਸ਼ਪੀਅਰ ਦੇ ਘਰ ਵਾਂਗ ਪੂਰਨ ਰੂਪ ਵਿਚ ਇਕ ਅਜਾਇਬ ਘਰ ਵਾਂਗ ਸਾਂਭਣ ਦੇ ਠੋਸ ਉਪਰਾਲੇ ਕੀਤੇ ਜਾਣਗੇ।
ਕਾਕਾ ਸਿੰਘ ਮੈਮੋਰੀਅਲ ਟਰਸਟ, ਡਡਹੇੜੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਅਦਬੀ ਮੇਲੇ ਦੀ ਸ਼ੁਰੂਆਤ ਸ੍ਰੀ ਸੰਤੋਖ ਸਿੰਘ ਧੀਰ ਦੇ ਜੱਦੀ ਘਰ, ਜਿੱਥੇ ਉਹਨਾਂ ਸ਼ਾਹਕਾਰ ਸਾਹਿਤ ਦੀ ਸਿਰਜਣਾ ਕੀਤੀ, ਤੋਂ ਬਹੁਤ ਹੀ ਭਾਵੁਕ ਮਾਹੌਲ ਵਿਚ ਸਾਹਿਤ ਅਕਾਦਮੀ ਦੇ ਅਹੁਦੇਦਾਰਾਂ, ਸਾਹਿਤਕਾਰਾਂ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਿ਼ਲ੍ਹਾ ਆਗੂਆਂ ਦਾ ਪਿੰਡ ਦੀ ਪੰਚਾਇਤ ਅਤੇ ਧੀਰ ਪਰਿਵਾਰ ਵਲੋਂ ਉਨ੍ਹਾਂ ਦੇ ਸਾਹਿਤਕਾਰ ਭਰਾ ਐਡਵੋਕੇਟ ਰਿਪੁਦਮਨ ਸਿੰਘ ਰੂਪ, ਮਹਿੰਦਰ ਸਿੰਘ ਰੰਗ, ਬੇਟੇ ਨਵਰੀਤ, ਨੂੰਹ ਰਜਨੀ, ਬੇਟੀਆਂ ਨਵਰੂਪ, ਨਵਜੀਤ ਤੇ ਨਵਤੇਜ ਦਰਸ਼ੀ, ਭਤੀਜਿਆਂ ਸੰਜੀਵਨ, ਰੰਜੀਵਨ, ਕਮਲਜੀਤ ਸਿੰਘ ਤੇ ਅਜੀਤਪਾਲ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ।ਇਸ ਮੌਕੇ ਸ੍ਰੀ ਧੀਰ ਦੇ ਲਿਖਣ ਵਾਲੇ ਮੇਜ, ਕੁਰਸੀ ਸਮੂਚੀ ਸਾਹਿਤ ਰਚਨਾ, ਚਿੱਠੀਆਂ ਅਤੇ ਹੋਰ ਨਿੱਜੀ ਵਸਤਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਪੂਰਾ ਦਿਨ ਚਲੇ ਇਸ ਅਦਬੀ ਮੇਲੇ ਦੇ ਅਕਾਦਮਿਕ ਭਾਗ ਵਿਚ ਕਰਵਾਏ ਗਏ ਸੈਮੀਨਾਰ ਵਿਚ ਪੰਜਾਬ ਭਰ ਤੋਂ ਪਹੁੰਚੇ ਸਾਹਿਤਕਾਰਾਂ, ਵਿਦਵਾਨਾਂ ਅਤੇ ਪਿੰਡ ਵਾਸੀਆਂ ਦਾ ਸਮਾਗਮ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਅਤੇ ਕੋਆਡੀਨੇਟਰ ਜਗਵਿੰਦਰ ਗਰੇਵਾਲ ਨੇ ਸਵਾਗਤ ਕੀਤਾ। ਇਸ ਭਾਗ ਵਿਚ ਸ਼ਾਮਿਲ ਹੁੰਦਿਆਂ ਡਾ. ਸਰਬਜੀਤ ਕੌਰ ਸੋਹਲ, ਡਾ. ਭੀਮਇੰਦਰ ਸਿੰਘ, ਡਾ. ਸੁਖਦੇਵ ਸਰਸਾ, ਡਾ. ਨਾਹਰ ਸਿੰਘ, ਕਹਾਣੀਕਾਰ ਸੁਖਜੀਤ, ਨਿੰਦਰ ਘੁਗਿਆਣਵੀ, ਜਸਪਾਲ ਜੱਸੀ, ਨਵਦੀਪ ਗਿੱਲ, ਸਿ਼ਵਨਾਥ ਨੇ ਇਕਸੁਰ ਕਿਹਾ ਕਿ ਸ੍ਰੀ ਧੀਰ ਨੇ ਮਾਰਕਸਵਾਦੀ ਅਤੇ ਗੁਰਮਤਿ ਵਿਚਾਰਧਾਰਾ ਨੂੰ ਸੰਤੁਲਿਤ ਪਹੁੰਚ ਦੇ ਰੂਪ ਵਿਚ ਪਰਿਭਾਸਿ਼ਤ ਕੀਤਾ। ਉਨ੍ਹਾਂ ਕਿਹਾ ਕਿ ਧੀਰ ਇਕ ਬੇਬਾਕ, ਨਿੱਡਰ ਅਤੇ ਜਨ ਸਾਧਾਰਨ ਦੇ ਹੱਕ ਵਿਚ ਖੜਣ ਵਾਲਾ ਪ੍ਰਤੀਬੱਧ ਅਤੇ ਕੁਲਵਕਤੀ ਸਾਹਿਤਕਾਰ ਸੀ ਜਿਸ ਨੂੰ ਉਸਦੀਆਂ ਤੰਗੀਆਂ ਤਰੁਸੀਆਂ ਵੀ ਡੁਲਾ ਨਹੀਂ ਸਕੀਆਂ। ਬੁਲਾਰਿਆ ਨੇ ਕਿਹਾ ਸ੍ਰੀ ਧੀਰ ਦੇ ਪਿਤਾ ਲੋਕ—ਕਵੀ ਗਿਆਨੀ ਇਸ਼ਰ ਸਿੰਘ ‘ਦਰਦ’ ਤੋਂ ਸੁਰੂ ਹੋਏ ਸਾਹਿਤ ਦਾ ਸਫ਼ਰ ਸ੍ਰੀ ਧੀਰ ਤੋਂ ਹੁੰਦਿਆਂ ਉਹਨਾਂ ਦੇ ਭਰਾ ਰਿਪੁਦਮਨ ਸਿੰਘ ਰੂਪ, ਬੇਟੀ ਨਵਤੇਜ ਕੌਰ ਦਰਸ਼ੀ, ਭਤੀਜਿਆ ਸੰਜੀਵਨ, ਰੰਜੀਵਨ ਸਿੰਘ ਤੇ ਕੰਵਲਜੀਤ ਤੋਂ ਅਗੇ ਸ੍ਰੀ ਰੂਪ ਦੀ ਪੋਤਰੀ ਰਿਤੂ ਰਾਗ, ਪੋਤਰੇ ਰਿਸ਼ਮ ਰਾਗ ਸਿੰਘ ਅਤੇ ਸ੍ਰੀ ਧੀਰ ਦੇ ਭਰਾ ਮਹਿੰਦਰ ਸਿੰਘ ਰੰਗ ਦੇ ਪੋਤਰੇ ਰਸਨਜੀਤ ਸਿੰਘ ਰਾਹੀਂ ਅੱਜ ਵੀ ਪ੍ਰਤੀਬੱਧਤਾ ਨਾਲ ਪੀੜ੍ਹੀ ਦਰ ਪੀੜ੍ਹੀ ਚਲ ਰਿਹਾ ਹੈ ਜੋ ਕਿ ਸਾਹਿਤ ਸੰਸਾਰ ਦੀ ਇਕ ਦੁਰਲੱਭ ਮਿਸਾਲ ਹੈ। ਅਦਬੀ ਮੇਲੇ ਮੌਕੇ ਸ੍ਰੀ ਧੀਰ ਦੇ ਜੀਵਨ ਅਤੇ ਸਾਹਿਤਕ ਸਫਰ ਨਾਲ ਸਬੰਧਤ ਵੱਡ—ਅਕਾਰੀ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਵਿਸ਼ਵ ਵਾਰਤਾ ਟਾਇਮਜ਼ ਵਲੋਂ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਨੂੰ ਸਮਰਪਿਤ 2022 ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਸ੍ਰੀ ਜੋਗਿੰਦਰ ਸਿੰਘ ਉਗਰਾਹਾਂ, ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਸੀ.ਪੀ.ਆਈ. ਸੂਬਾ ਸਕੱਤਰ ਸ੍ਰੀ ਬੰਤ ਬਰਾੜ ਵਲੋਂ ਪੁੱਜੇ ਸੰਦੇਸ਼ਾਂ ਵਿਚ ਸ੍ਰੀ ਧੀਰ ਦੀ ਲੋਕ—ਪੱਖੀ ਸਾਹਿਤ ਰਚਨਾ ਲਈ ਉਨ੍ਹਾਂ ਨੂੰ ਨਮਨ ਕੀਤਾ ਗਿਆ।
ਪਿੰਡ ਵਾਸੀਆਂ ਅਤੇ ਅਦੀਬਾਂ ਦੀ ਭਰਵੀਂ ਸਮੂਲੀਅਤ ਦੌਰਾਨ ਸ਼ਾਮ ਨੂੰ ਕਰਵਾਏ ਗਏ ਸਮਾਗਮ ਦੇ ਦੂਜੇ ਹਿੱਸੇ ਵਿਚ ਸ੍ਰੀ ਸੰਤੋਖ ਸਿੰਘ ਧੀਰ ਦੀ ਹਿੰਦ—ਪਾਕਿ ਵੰਡ ਦੀ ਤ੍ਰਾਸਦੀ ਬਿਆਨਦੀ ਕਹਾਣੀ ‘ਮੇਰਾ ਉੱਜੜਿਆ ਗੁਆਂਢੀ’ ਦਾ ਸੰਜੀਵਨ ਸਿੰਘ ਵਲੋਂ ਰੁਪਾਂਤਰਿਤ ਨਾਟਕ ਸਰਘੀ ਕਲਾ ਕੇਂਦਰੀ ਮੁਹਾਲੀ ਵਲੋਂ ਰੰਜੀਵਨ ਸਿੰਘ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਨਾਟਕ ਦੀ ਦਿਲ—ਟੁੰਬਵੀਂ ਪੇਸ਼ਕਾਰੀ ਨੂੰ ਰੰਗਮੰਚ ਅਤੇ ਫਿਲਮੀ ਦੁਨੀਆਂ ਦੇ ਪ੍ਰਸਿੱਧ ਕਲਾਕਾਰਾਂ ਨਰਿੰਦਰ ਪਾਲ ਸਿੰਘ ਨੀਨਾ, ਸੰਜੀਵ ਦੀਵਾਨ ਕੁੱਕੂ, ਸੁਖਬੀਰ ਪਾਲ ਕੌਰ, ਰਿਤੂ ਰਾਗ, ਮਨਪ੍ਰੀਤ ਮਨੀ, ਜਸਦੀਪ ਸਿੰਘ ਅਤੇ ਮਨਦੀਪ ਨੇ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਯਾਦਗਾਰੀ ਬਣਾ ਦਿਤਾ। ਇਪਟਾ ਪੰਜਾਬ ਵੱਲੋਂ ਸੰਜੀਵਨ ਸਿੰਘ ਦੀ ਅਗਵਾਈ ਅਤੇ ਡਾ. ਕੁਲਦੀਪ ਸਿੰਘ ਦੀਪ ਦੀ ਨਿਰਦੇਸ਼ਨਾ ਵਿਚ ਬਣਾਏ ਫੀਚਰ ‘ਪੰਜਾਬੀ ਸਾਹਿਤ ਦੀ ਖੜੀ ਉਂਗਲ: ਸੰਤੋਖ ਸਿੰਘ ਧੀਰ’ ਅਤੇ ਦੂਰਦਰਸ਼ਨ ਵਲੋਂ ਸ੍ਰੀ ਧੀਰ ਦੀ ਕਹਾਣੀ ‘ਮੰਗੋ’ ਉਪਰ ਬਣਾਈ ਫਿਲਮ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਕੌਰ ਅਤੇ ਸਰਕਾਰੀ ਸੈਕੰਡਰੀ ਸਕੂਲ, ਪੰਜੋਲੀ ਦੀਆਂ ਵਿਦਿਆਰਥਣਾਂ ਮਨਕਿਰਤ ਕੌਰ, ਅਰਸ਼ਪ੍ਰੀਤ ਕੌਰ ਅਤੇ ਸੰਦੀਪ ਕੌਰ ਨੇ ਸ੍ਰੀ ਧੀਰ ਦੀਆਂ ਪ੍ਰਸਿੱਧ ਕਵਿਤਾਵਾਂ ਨੂੰ ਬਾਖੂਬੀ ਪੇਸ਼ ਕੀਤਾ। ਵਿਸ਼ਵ ਪ੍ਰਸਿੱਧ ਕਲਾਕਾਰ ਅਨੁਪਾਲ ਕੌਰ ਨੇ ਅਲਗੋਜਿ਼ਆ ਰਾਹੀਂ ਇਕ ਵੱਖਰਾ ਹੀ ਰੰਗ ਬੰਨਿਆ।
ਅਦਬੀ ਮੇਲੇ ਦੇ ਸਹਾਇਕ—ਕੋਆਰਡੀਨੇਟਰਾਂ ਇੰਦਰਜੀਤ ਅਤੇ ਆਰ.ਪੀ.ਸ਼ਾਰਦਾ ਨੇ ਸਭਨਾਂ ਦਾ ਧੰਨਵਾਦ ਕੀਤਾ।