ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਪਾਕਿਸਤਾਨ ਦੀ ਕੱਟੜਪੰਥੀ ਪਾਰਟੀ ‘ਜਮਾਤ-ਏ-ਇਸਲਾਮੀ’ ਨੇ ਖੈਬਰ ਪਖਤੂਨਖਵਾ ਦੇ 17 ਜ਼ਿਲ੍ਹਿਆਂ ਵਿੱਚ ਹੋਣ ਵਾਲੀਆਂ ਮਿਊਂਸਪਲ ਚੋਣਾਂ ਅੰਦਰ ਇੱਕ ਸਿੱਖ ਹਰਦੀਪ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਜਮਾਤ-ਏ-ਇਸਲਾਮੀ ਦੇ ਸੂਬਾਈ ਪ੍ਰਧਾਨ ਮੁਸ਼ਤਾਕ ਅਹਿਮਦ ਖਾਨ ਨੇ ਐਲਾਨ ਕੀਤਾ ਕਿ ਹਰਦੀਪ ਸਿੰਘ ਨਾਮ ਦਾ ਇੱਕ ਸਿੱਖ ਨੌਜਵਾਨ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਵਿੱਚ ਮਿਊਂਸਪਲ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਹੋਵੇਗਾ। ਇਸ ਐਲਾਨ ਤੋਂ ਬਾਅਦ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ’ਤੇ ਜਮਾਤ-ਏ-ਇਲਸਾਮੀ ਛਾਇਆ ਹੋਇਆ ਹੈ।
ਜਿਕਰਯੋਗ ਹੈ ਕਿ ਖੈਬਰ ਪਖਤੂਨਖਵਾ ਦੇ 17 ਜ਼ਿਲ੍ਹਿਆਂ ਵਿੱਚ ਮਿਊਂਸਪਲ ਚੋਣਾਂ 17 ਦਸੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਮੁਸ਼ਤਾਕ ਨੇ ਕਿਹਾ ਕਿ ਖੈਬਰ ਪਖਤੂਨਖਵਾ ਸੂਬੇ ਵਿੱਚ ਉਨ੍ਹਾਂ ਦੀ ਪਾਰਟੀ ਦਾ ਟਿਕਟ ਹਾਸਲ ਕਰਨ ਲਈ ਕਈ ਘੱਟਗਿਣਤੀ ਉਮੀਦਵਾਰ ਵੀ ਜ਼ੋਰ ਅਜ਼ਮਾਈ ਕਰ ਰਹੇ ਸਨ, ਪਰ ਉਨ੍ਹਾਂ ਦੀ ਪਾਰਟੀ ਨੇ ਹਰਦੀਪ ਸਿੰਘ ਨੂੰ ਆਪਣਾ ਉਮੀਦਵਾਰ ਚੁਣਿਆ ਹੈ ਤੇ ਉਹ ਪਾਕਿਸਤਾਨ ਦੇ ਸਭ ਤੋਂ ਕੱਟੜਪੰਥੀ ਖੇਤਰਾਂ ਵਿੱਚੋਂ ਇੱਕ ‘ਤਾਲਿਬਾਨੀ’ ਇਲਾਕੇ ਤੋਂ ਚੋੜ ਲੜੇਗਾ ਜਦਕਿ ਇਸ ਸੂਬੇ ਵਿੱਚ ਤਹਿਰੀਕ-ਏ-ਤਾਲਿਬਾਨ-ਪਾਕਿਸਤਾਨ (ਟੀਟੀਪੀ) ਦਾ ਵੀ ਚੰਗਾ ਦਬਦਬਾ ਹੈ ਕਿਉਂਕਿ ਖ਼ੈਬਰ ਪਖਤੂਨਖਵਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਗ੍ਰਹਿ ਸੂਬਾ ਵੀ ਹੈ।
ਹਰਦੀਪ ਸਿੰਘ ਨੂੰ ਉਮੀਦਵਾਰ ਬਣਾਉਣ ’ਤੇ ਜਮਾਤ-ਏ-ਇਸਲਾਮੀ ਦੇ ਫ਼ੈਸਲੇ ਦੀ ਚਾਰੇ ਪਾਸਿਓਂ ਸ਼ਲਾਘਾ ਹੋ ਰਹੀ ਹੈ, ਕਿਉਂਕਿ ਇੱਕ ਪ੍ਰਮੁੱਖ ਇਸਲਾਮੀ ਅਤੇ ਕੱਟੜਪੰਥੀ ਪਾਰਟੀ ਹੋਣ ਦੇ ਬਾਵਜੂਦ ਜਮਾਤ-ਏ-ਇਸਲਾਮੀ ਦੇ ਗ਼ੈਰ-ਮੁਸਲਿਮ ਨੂੰ ਉਮੀਦਵਾਰ ਬਣਾਇਆ ਹੈ। ਪਾਕਿਸਤਾਨ ਦੀਆਂ ਸੂਬਾਈ ਚੋਣਾਂ ਵਿੱਚ ਘੱਟਗਿਣਤੀ ਭਾਈਚਾਰਿਆਂ ਲਈ ਸੀਟਾਂ ਰਾਖਵੀਆਂ ਹਨ। ਕਈ ਪਾਰਟੀਆਂ ਨੇ ਇਨ੍ਹਾਂ ਸੀਟਾਂ ’ਤੇ ਘੱਟਗਿਣਤੀ ਉਮੀਦਵਾਰ ਉਤਾਰੇ ਹਨ।