ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਰੇਨਫਰਿਊਸ਼ਾਇਰ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਫੈਲਣ ਕਾਰਨ ਇੱਕ ਪ੍ਰਾਇਮਰੀ ਸਕੂਲ ਨੂੰ ਬੰਦ ਕਰਨਾ ਪਿਆ ਹੈ। ਨਵੇਂ ਕੋਵਿਡ -19 ਓਮੀਕਰੋਨ ਵੇਰੀਐਂਟ ਦੇ ਫੈਲਣ ਤੋਂ ਬਾਅਦ ਸਕੂਲ ਦੇ ਬਹੁਤ ਸਾਰੇ ਸਟਾਫ ਨੂੰ ਇਕਾਂਤਵਾਸ ਵੀ ਕੀਤਾ ਗਿਆ ਹੈ।
ਪੇਜ਼ਲੀ ਵਿੱਚ ਟੋਡਹੋਲਮ ਪ੍ਰਾਇਮਰੀ ਸਕੂਲ ਨੂੰ ਐੱਨ ਐੱਚ ਐੱਸ ਟੈਸਟ ਅਤੇ ਪ੍ਰੋਟੈਕਟ ਦੁਆਰਾ ਸਕੂਲ ਕਮਿਊਨਿਟੀ ਵਿੱਚ ਵਿੱਚ ਕਈ ਨਜ਼ਦੀਕੀ ਸੰਪਰਕਾਂ ਦੀ ਪਛਾਣ ਕਰਨ ਤੋਂ ਬਾਅਦ ਸੋਮਵਾਰ ਤੋਂ ਪੰਜ ਦਿਨਾਂ ਲਈ ਬੰਦ ਕੀਤਾ ਗਿਆ। ਸਕੂਲ ਵਿੱਚ ਪ੍ਰਭਾਵਿਤ ਸਟਾਫ ਦੀ ਸੰਖਿਆ ਦੇ ਕਾਰਨ, ਰੇਨਫਰਿਊਸ਼ਾਇਰ ਕੌਂਸਲ ਨੇ ਮਾਪਿਆਂ ਤੋਂ ਮੁਆਫੀ ਮੰਗਣ ਦੇ ਨਾਲ ਭਰੋਸਾ ਦਿਵਾਇਆ ਹੈ ਕਿ ਇਹ ਜਨਤਕ ਸਿਹਤ ਦਾ ਮਾਮਲਾ ਨਹੀਂ ਹੈ ਅਤੇ ਨਾਲ ਹੀ ਕਲਾਸਾਂ ਨੂੰ ਰਿਮੋਟ ਲਰਨਿੰਗ ਲਈ ਭੇਜਿਆ ਗਿਆ ਹੈ। ਸੋਮਵਾਰ ਤੱਕ, ਸਕਾਟਲੈਂਡ ਵਿੱਚ ਓਮੀਕਰੋਨ ਦੇ 71 ਮਾਮਲੇ ਸਾਹਮਣੇ ਆਏ ਹਨ। ਸਕਾਟਲੈਂਡ ਵਿੱਚ ਪਹਿਲੇ 9 ਪਛਾਣੇ ਗਏ ਕੇਸ ਇੱਕ ਜਨਮਦਿਨ ਦੀ ਪਾਰਟੀ ਨਾਲ ਜੁੜੇ ਹੋਏ ਸਨ, ਜਦੋਂ ਕਿ ਪਿਛਲੇ ਹਫ਼ਤੇ ਪੁਸ਼ਟੀ ਕੀਤੇ ਗਏ 6 ਹੋਰ ਕੇਸ ਗਲਾਸਗੋ ਦੇ ਹਾਈਡਰੋ ਵਿਖੇ ਇੱਕ ਸੰਗੀਤ ਸੰਮੇਲਨ ਨਾਲ ਜੁੜੇ ਹੋਏ ਸਨ। ਇਸ ਸਕੂਲ ਦੇ ਸਬੰਧ ਵਿੱਚ ਰੇਨਫਰਿਊਸ਼ਾਇਰ ਕੌਂਸਲ ਅਨੁਸਾਰ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਢੁਕਵੇਂ ਸਿਹਤ ਅਤੇ ਸੁਰੱਖਿਆ ਉਪਾਅ ਕੀਤੇ ਗਏ ਹਨ।