ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂਆਂ ਡਾ. ਦਰਸ਼ਨਪਾਲ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ 7ਵੇਂ ਪੇਅ ਸਕੇਲ ਦੀ ਮੰਗ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਡਾ. ਐੱਚ.ਐੱਸ. ਕਿੰਗਰਾ, ਪ੍ਰਧਾਨ, ਦਾ ਮਰਨ ਵਰਤ ਅੱਜ 7 ਵੇਂ ਦਿਨ ਵੀ ਜਾਰੀ ਰਿਹਾ, ਜਿਸ ਨਾਲ ਪੰਜਾਬ ਸਰਕਾਰ ਦਾ ਉਚੇਰੀ ਸਿਖਿਆ ਪ੍ਰਤੀ ਬੇਰਹਿਮ ਰਵੱਈਆ ਜਗ-ਜ਼ਾਹਿਰ ਹੋ ਰਿਹਾ ਹੈ। ਡਾ. ਕਿੰਗਰਾ ਪਿਛਲੇ 1 ਦਸੰਬਰ ਤੋਂ ਮਰਨ ਵਰਤ ਤੇ ਹਨ, ਜਦਕਿ ਪੰਜਾਬ ਸਰਕਾਰ ਅਤੇ ਖਾਸ ਤੌਰ ਤੇ ਪੰਜਾਬ ਦੇ ਵਿਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ 7ਵੇਂ ਪੇ ਸਕੇਲ ਲਾਗੂ ਕਰਨ ਲਈ ਸਹਮਿਤੀ ਨਹੀਂ ਦਿੱਤੀ ਜਾ ਰਹੀ। ਅਧਿਆਪਕਾਂ ਨੇ ਪੰਜਾਬ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਭੁੱਖ ਹੜਤਾਲਾਂ ਸ਼ੁਰੂ ਕਰ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਦੇ ਸਮੂਹ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਮੁਕੰਮਲ ਸਿਖਿਆ ਬੰਦ ਦਾ ਪ੍ਰੋਗ੍ਰਾਮ ਅੱਜ 7ਵੇਂ ਦਿਨ ਵੀ ਜ਼ਾਰੀ ਰਿਹਾ। ਇਸ ਸੰਘਰਸ਼ ਕਾਰਨ ਪੰਜਾਬ ਦੇ ਤਮਾਮ ਵਿਦਿਆਰਥੀਆਂ ਦਾ ਭਵਿੱਖ ਦਾਅ ਉੱਤੇ ਲੱਗਾ ਹੈ, ਪਰ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।
ਕਿਸਾਨ-ਆਗੂਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਕਿਸੇ ਵਿਸ਼ੇਸ਼ ਖੇਤੀਬਾੜੀ ਮਾਹਿਰ ਨੂੰ ਵਾਇਸ ਚਾਂਸਲਰ ਲਾਇਆ ਜਾਵੇ। ਜ਼ਿਕਰਯੋਗ ਹੈ ਕਿ ਇਹ ਅਸਾਮੀ ਖਾਲੀ ਪਈ ਹੈ।