ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 346ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਮੇਟੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਧਾਰਮਿਕ ਦੀਵਾਨ ਸਜਾਏ ਗਏ ਤੇ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ।
ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਇਆ। ਇਥੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਿੱਖ ਕੌਮ ਦੁਨੀਆਂ ਦੀ ਇਕਲੌਤੀ ਕੌਮ ਹੈ ਜਿਸਨੁੰ ਸ਼ਹਾਦਤਾਂ ਗੁਰੂ ਸਾਹਿਬਾਨ ਵੱਲੋਂ ਵਿਰਸੇ ਵਿਚ ਮਿਲੀਆਂ ਹਨ। ਉਹਨਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹੀਦੀ ਦੇ ਕੇ ਇਸਦੀ ਸ਼ੁਰੂਆਤ ਕੀਤੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਮਨੁੱਖਤਾ ਦੀ ਰਾਖੀ ਕੀਤੀ।
ਸਰਦਾਰ ਕਾਲਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੁਦ ਮੰਨ ਚੁੱਕੇ ਹਨ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਅੱਜ ਦੇਸ਼ ਦਾ ਸਰੂਪ ਕੁਝ ਹੋਰ ਹੀ ਹੁੰਦਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਦਿਹਾੜਾ ਅਗਲੇ ਸਾਲ ਹੋਰ ਵੱਡੀ ਪੱਧਰ ‘ਤੇ ਮਨਾਇਆ ਜਾਵੇਗਾ ਤੇ ਇਸ ਤਹਿਤ ਗੁਰਦੁਆਰਾ ਸੀਸਗੰਜ ਸਾਹਿਬ ‘ਤੇ ਨੌਵੇਂ ਮਹੱਲੇ ਦੀ ਸੰਪੂਰਨ ਵਿਆਖਿਆ ਕਰ ਕੇ ਇਹ ਦਿਹਾੜਾ ਮਨਾਇਆ ਜਾਵੇਗਾ।
ਸੰਗਤਾਂ ਨੂੰ ਅਪੀਲ ਕਰਦਿਆਂ ਸਰਦਾਰ ਕਾਲਕਾ ਨੇ ਦਿੱਲੀ ਕਮੇਟੀ ਵੱਲੋਂ ਪੰਥ ਦੀ ਸੇਵਾ ਵਾਸਤੇ ਜੋ ਕਾਰਜ ਕੀਤੇ ਜਾ ਰਹੇ ਹਨ, ਉਸ ਵਿਚ ਸੰਗਤ ਦਾ ਯੋਗਦਾਨ ਬਹੁਤ ਅਹਿਮੀਅਤ ਰੱਖਦਾ ਹੈ। ਉਹਨਾਂ ਕਿਹਾ ਕਿ ਭਾਵੇਂ ਕੋਈ ਵੀ ਸੇਵਾ ਹੋਵੇ, ਸੰਗਤਾਂ ਦਾ ਦਸੰਵਧ ਜਿਥੇ ਕਾਰਜਾਂ ਨੂੰ ਪ੍ਰਵਾਨ ਚੜ੍ਹਾਉਣ ਵਿਚ ਕਮੇਟੀ ਲਈ ਸਹਾਈ ਹੁੰਦਾ ਹੈ, ਉਥੇ ਹੀ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਕਮੇਟੀ ਨੂੰ ਇਹ ਕਾਰਜ ਕਰਨ ਲਈ ਤਾਕਤ ਦੀ ਬਖ਼ਸਦਾ ਹੈ।
ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਨਾਲ ਭਾਈ ਸਤੀ ਦਾਸ, ਭਾਈ ਮਤੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਵੀ ਕਦੇ ਭੁੱਲੀ ਨਹੀਂ ਜਾ ਸਕਦੀ ਜਿਹਨਾਂ ਨੇ ਗੁਰੁ ਸਾਹਿਬ ਤੋਂ ਪਹਿਲਾ ਸ਼ਹਾਦਤਾਂ ਦਿੱਤੀਆਂ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸ਼ਹਾਦਤਾਂ ਦੇ ਕੇ ਇਹ ਨਿਆਰਾ ਪੰਥ ਚਲਾਇਆ ਤੇ ਸਿੱਖੀ ਸਰੂਪ ਵਿਚ ਸਾਨੂੰ ਜਨਮ ਦੇ ਸਾਡਾ ਜੀਵਨ ਸਫਲਾ ਕੀਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਹੀ ਅਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ।
ਇਸ ਮੌਕੇ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੇ ਵਰੋਸਾਏ ਬਾਬਾ ਬਚਨ ਸਿੰਘ, ਬੀਬੀ ਰਣਜੀਤ ਕੌਰ, ਵਿਕਰਮਜੀਤ ਸਿੰਘ ਰੋਹਿਣੀ, ਸਰਵਜੀਤ ਸਿੰਘ ਵਿਰਕ, ਅਮਰਜੀਤ ਸਿੰਘ ਪਿੰਕੀ, ਗੁਰਦੇਵ ਸਿੰਘ, ਆਤਮਾ ਸਿੰਘ ਲੁਬਾਣਾ, ਹਰਜੀਤ ਸਿੰਘ ਪੱਪਾ, ਦਲਜੀਤ ਸਿੰਘ ਸਰਨਾ, ਸੁਖਬੀਰ ਸਿੰਘ, ਜਸਵੀਰ ਸਿੰਘ ਕਰਮਸਰ ਕਨਵੀਨਰ ਧਰਮ ਪ੍ਰਚਾਰ ਕਮੇਟੀ, ਇੰਦਰਜੀਤ ਸਿੰਘ ਮੋਂਟੀ, ਸੁਰਜੀਤ ਸਿੰਘ ਅਤੇ ਹੋਰ ਸ਼ਖਸੀਅਤਾਂ ਵੀ ਸਮਾਗਮ ਵਿਚ ਹਾਜ਼ਰ ਸਨ।