ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) -: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਇਕ ਵਿਸ਼ੇਸ਼ ਫਲਾਈਟ ਰਾਹੀਂ ਇਥੇ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਨ ਗੁਰਮਰਿਆਦਾ ਨਾਲ ਇਥੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਮਹਾਂਵੀਰ ਨਗਰ ਵਿਖੇ ਪਹੁੰਚਾਏ ਗਏ।
ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਹਨਾਂ ਦੋ ਸਰੂਪਾਂ ਨੁੰ ਲਿਆਉਣ ਲਈ ਵਿਸ਼ੇਸ਼ ਤੌਰ ‘ਤੇ ਫੁੱਲਾਂ ਨਾਲ ਸ਼ੁਸੋਭਿਤ ਪਾਲਕੀ ਸਾਹਿਬ ਸਮੇਤ ਕਮੇਟੀ ਦੀ ਟੀਮ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ ਸੀ ਜਿਸਨੇ ਅਫਗਾਨਿਸਤਾਨ ਤੋਂ ਪਹੁੰਚੇ ਸਿੰਘਾਂ ਦਾ ਵੀ ਨਿੱਘਾ ਸਵਾਗਤ ਕੀਤਾ। ਸਰੂਪ ਲਿਆਉਣ ਵਾਲੇ ਜੱਥੇ ਵਿਚ ਸ਼ਾਮਲ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਕਮੇਟੀ ਦੀ ਟੀਮ ਨੇ ਪੂਰੇ ਅਦਬ ਤੇ ਸਤਿਕਾਰ ਨਾਲ ਇਹ ਸਰੂਪ ਅਫਗਾਨਿਸਤਾਨੀ ਸਿੱਖਾਂ ਤੋਂ ਲਏ ਤੇ ਬੱਸ ਵਿਚ ਸ਼ੁਸੋਭਿਤ ਕੀਤੇ ਗਏ ਜਿਥੋਂ ਇਹਨਾਂ ਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਮਹਾਂਵੀਰ ਨਗਰ ਲਿਆਂਦਾ ਗਿਆ ਹੈ। ਉਹਨਾਂ ਦੱਸਿਆ ਕਿ ਸਰੂਪਾਂ ਨੁੰ ਲਿਆਉਣ ਵਾਸਤੇ ਗਏ ਜੱਥੇ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਕਮੇਟੀ ਦੇ ਮੈਂਬਰ ਰਮਨਜੋਤ ਸਿੰਘ, ਗੁਰਪ੍ਰੀਤ ਸਿੰਘ ਜੱਸਾ, ਜਸਮੇਨ ਸਿੰਘ ਨੋਨੀ, ਗੁਰਮੀਤ ਸਿੰਘ ਭਾਟੀਆ ਤੇ ਸੰਗਤ ਵੱਡੀ ਗਣਤੀ ਵਿਚ ਹਾਜ਼ਰ ਸੀ।