ਲੁਧਿਆਣਾ, (ਕਵਿਤਾ ਖੁੱਲਰ) – ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵਕ ਸਰਪੰਚ ਸ.ਗੁਰਚਰਨ ਸਿੰਘ ਖੁਰਾਣਾ ਨੇ ਪਾਰਟੀ ਨਾਲ ਸਬੰਧਤ ਸਮੂਹ ਸ਼ਹਿਰੀ ਸਿੱਖ ਆਗੂਆਂ ਤੇ ਵਰਕਰਾਂ ਨੂੰ ਜ਼ੋਰਦਾਰ ਸੱਦਾ ਦਿੰਦਿਆਂ ਹੋਇਆ ਕਿਹਾ ਕਿ ਕਾਂਗਰਸ ਪਾਰਟੀ ਵੱਲੋ ਆਗਾਮੀ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੌਣਾਂ ਵਿੱਚ ਅਤੇ ਪਾਰਟੀ ਵੱਲੋਂ ਨਵੇਂ ਬਣਾਏ ਜਾ ਰਹੇ ਰਾਜ ਪੱਧਰੀ ਤੇ ਜ਼ਿਲ੍ਹਾ ਪੱਧਰ ਦੇ ਜੱਥੇਬੰਧਕ ਢਾਂਚੇ ਅੰਦਰ ਸ਼ਹਿਰੀ ਸਿੱਖਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੀ ਕੋਝੀ ਨੀਤੀ ਦੇ ਖਿਲਾਫ ਡੱਟ ਕੇ ਆਪਣੀ ਆਵਾਜ਼ ਬੁਲੰਦ ਕਰਨ ਤਾਂ ਕਿ ਸ਼ਹਿਰੀ ਸਿੱਖਾਂ ਨੂੰ ਵੀ ਯੋਗ ਪ੍ਰਤੀਨਿਧਤਾ ਮਿਲ ਸਕੇ।ਅੱਜ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਰਪੰਚ ਸ.ਗੁਰਚਰਨ ਸਿੰਘ ਖੁਰਾਣਾ ਨੇ ਕਿਹਾ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ,ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਅਤੇ ਨਵੇਂ ਭਾਰਤ ਦੇ ਨਿਰਮਾਣ ਦੇ ਨਾਲ – ਨਾਲ ਦੇਸ਼ ਨੂੰ ਆਰਥਿਕ ਤੌਰ ਤੇ ਨਿਰਭਰ ਬਣਾਉਣ ਵਿੱਚ ਸ਼ਹਿਰੀ ਸਿੱਖਾਂ( ਅਰੋੜਾ ,ਖੱਤਰੀ ਭਾਈਚਾਰਾ) ਦੀ ਹਮੇਸ਼ਾ ਬੜੀ ਅਹਿਮ ਭੂਮਿਕਾ ਰਹੀ ਹੈ। ਪਰ ਕਾਂਗਰਸ ਪਾਰਟੀ ਅੰਦਰ ਕਾਬਜ਼ ਕੁੱਝ ਸੁਆਰਥੀ ਲੋਕ ਆਪਣੇ ਨਿੱਜੀ ਮੁਫਾਦਾਂ ਲਈ ਲਗਤਾਰ ਪਿਛਲੇ ਲੰਮੇ ਸਮੇਂ ਤੋ ਵਿਤਕਰੇ ਵਾਲੀ ਭਾਵਨਾ ਦੇ ਨਾਲ ਸ਼ਹਿਰੀ ਸਿੱਖਾਂ ਦੀ ਸ਼ਕਤੀ ਨੂੰ ਖੋਰਾ ਲਗਾਉਣ ਦੀਆਂ ਕਾਰਵਾਈਆਂ ਕਰਦੇ ਆ ਰਹੇ ਹਨ। ਜਿਸ ਨੂੰ ਰੋਕਣ ਦੇ ਲਈ ਪਾਰਟੀ ਦੇ ਸਮੂਹ ਸ਼ਹਿਰੀ ਸਿੱਖ ਆਗੂਆਂ ਤੇ ਵਰਕਰਾਂ ਨੂੰ ਕੋਈ ਵੱਡਾ ਠੋਸ ਫੈਸਲਾ ਲੈਣਾ ਪਵੇਗਾ।ਉਨ੍ਹਾਂ ਨੇ ਪਾਰਟੀ ਦੇ ਆਗੂਆਂ ਪ੍ਰਤੀ ਦੋਸ਼ ਲਗਾਉਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋ ਨਵੀ ਐਲਾਨੀ ਗਈ ਲੁਧਿਆਣਾ ਸ਼ਹਿਰੀ ਇਕਾਈ ਅੰਦਰ ਜਿੱਥੇ ਦੂਜੀਆਂ ਵੱਖ ਵੱਖ ਬਰਾਦਰੀਆਂ ਦੇ ਆਗੂਆਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਉੱਥੇ ਅਰੋੜਾ ਖੱਤਰੀ ਬਰਾਦਰੀ ਦੇ ਆਗੂਆਂ ਨਾਲ ਹਮੇਸ਼ਾਂ ਦੀ ਤਰ੍ਹਾਂ ਮੁੜ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ। ਜੋ ਕਿ ਸ਼ਹਿਰੀ ਸਿੱਖ ਭਾਈਚਾਰੇ ਨਾਲ ਵੱਡੀ ਬੇਇਨਸਾਫ਼ੀ ਹੈ। ਜਦ ਕਿ ਅਸਲ ਸੱਚਾਈ ਤਾਂ ਇਹ ਹੈ ਕਿ ਲੁਧਿਆਣੇ ਸ਼ਹਿਰ ਦੀਆਂ ਸਮੂਹ ਵਿਧਾਨ ਸਭਾ ਦੀਆਂ ਸੀਟਾਂ ਦੀ ਜਿੱਤ ਹਾਰ ਦਾ ਫੈਸਲਾ ਸ਼ਹਿਰੀ ਸਿੱਖਾਂ ਦੀਆਂ ਨਿਰਣਾਇਕ ਵੋਟਾਂ ਨੇ ਹੀ ਕਰਨਾ ਹੈ। ਜੇਕਰ ਪਾਰਟੀ ਆਗੂ ਹੁਣ ਵੀ ਹੋਸ਼ ਵਿੱਚ ਨਾ ਆਏ ਤਾਂ ਆਉਣ ਵਾਲੇ ਸਮੇਂ ਅੰਦਰ ਸ਼ਹਿਰੀ ਸਿੱਖਾਂ ਦੀਆਂ ਫੈਸਲਾਕੁੰਨ ਵੋਟਾਂ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੂੰ ਬਦਲਣ ਦੀਆਂ ਭੂਮਿਕਾ ਨਿਭਾ ਸਕਦੀਆਂ ਹਨ।