ਭੂਟਾਨੀ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ’ਚ ਸ਼ਮੂਲੀਅਤ ਕਰਦਿਆਂ ਪ੍ਰਤੀਭਾ ਦਾ ਦਿੱਤਾ ਸਬੂਤ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਆਪਣੇ ਭੂਟਾਨੀ ਵਿਦਿਆਰਥੀਆਂ ਨਾਲ ਮਿਲ ਕੇ ਭੂਟਾਨ ਦੇ 114ਵਾਂ ਰਾਸ਼ਟਰੀ ਦਿਵਸ ਧੂਮਧਾਮ ਨਾਲ ਮਨਾਇਆ। ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੜ੍ਹਦੇ ਭੂਟਾਨੀ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ’ਚ ਜ਼ੋਸ਼ੋ-ਖਰੋਸ਼ੀ ਨਾਲ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਡਾਂਸ, ਸੰਗੀਤ ਸਮੇਤ ਹੋਰਨਾਂ ਪੇਸ਼ਕਾਰੀਆਂ ਨਾਲ ਆਪਣੇ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਸਬੂਤ ਦਿੱਤਾ।
ਇਸ ਦੌਰਾਨ ਡਾ. ਬਾਵਾ ਨੇ ਭੂਟਾਨ ਦੇ 114ਵੇਂ ਰਾਸ਼ਟਰੀ ਦਿਵਸ ਮੌਕੇ ਦੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਜਿੱਥੇ ਹਮੇਸ਼ਾ ਭਾਰਤ ਦੇ ਪ੍ਰਸਿੱਧ ਤਿਉਹਾਰ ਵਿਦਿਆਰਥੀਆਂ ਨਾਲ ਮਿਲ ਕੇ ਮਨਾਉਂਦੀ ਹੈ ਉਥੇ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਵੀ ਵੱਖ-ਵੱਖ ਦੇਸ਼ਾਂ ਦੇ ਦਿਵਸ ਧੂਮਧਾਮ ਨਾਲ ਮਨਾਉਂਦੀ ਹੈ।ਉਨ੍ਹਾਂ ਅਜਿਹੇ ਸਮਾਗਮਾਂ ਨੂੰ ਲਾਜ਼ਮੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਾਂ ਨੂੰ ਨੇੜਿਉਂ ਜਾਣਨ ਦਾ ਮੌਕਾ ਮਿਲਦਾ ਹੈ।