ਸਾਡੇ ਤੇ ਹੈ ਭਾਰੀ ਬੋਤਲ,
ਜਾਂਦੀ ਹੈ ਮੱਤ ਮਾਰੀ ਬੋਤਲ।
ਪੈਸੇ ਧੇਲਾ ਸਭ ਹੀ ਰੋਲੇ,
ਤਾਂ ਵੀ ਲਗਦੀ ਪਿਆਰੀ ਬੋਤਲ।
ਹੱਦਾਂ ਸਭ ਹੀ ਟੱਪ ਜਾਂਦੀ ਹੈ,
ਬਣਦੀ ਨਹੀਂ ਵਿਚਾਰੀ ਬੋਤਲ।
ਹਰਕਤ ਨੀਵੀਂ ਕਰ ਜਾਂਦੀ ਹੈ,
ਕਤਲ ਕਰੇ ਕਿਲਕਾਰੀ ਬੋਤਲ।
ਇੱਜ਼ਤ ਘਰ ਦੀ ਔਰਤ ਹੁੰਦੀ,
ਰੋਲ ਦਵੇ ਪਰ ਨਾਰੀ ਬੋਤਲ।
ਵੈਰੀ ਕਰਦੀ ਵੀਰਾਂ ਨੂੰ ਇਹ,
ਲਗਦੀ ਖੂਨ ਪੁਜਾਰੀ ਬੋਤਲ।
ਮੌਤ ਵਿਆਹੁੰਦੀ ਲਾੜਾ ਬਣਕੇ,
ਰੱਖਦੀ ਨਿੱਤ ਤਿਆਰੀ ਬੋਤਲ।
ਦਾਅ ਤੇ ਲਗਦੀ ਸਾਰੀ ਪੂੰਜੀ,
ਬਣਦੀ ਜਦੋਂ ਜੁਆਰੀ ਬੋਤਲ।
ਭੁੱਲ ਜਾਂਦੀ ਹੈ ਛੋਟਾ ਵੱਡਾ,
ਹੁੰਦੀ ਜਦ ਹੰਕਾਰੀ ਬੋਤਲ।
ਟੈਕਸ ਖਾਤਿਰ ਨਾ ਪਾਬੰਦੀ,
ਮਾਣੇ ਛਾਂ ਸਰਕਾਰੀ ਬੋਤਲ।