ਅਚਾਨਕ ਲਾਇਟ ਜਾਣ ਕਰਕੇ ਮਨਦੀਪ ਨੇ ਫਟਾ-ਫਟ ਉਠ ਕੇ ਆਸੇ-ਪਾਸੇ ਹੱਥ ਮਾਰ ਕੇ ਮੋਮਬੱਤੀ ਲੱਭ ਕੇ ਤੇ ਜਲਾ ਕੇ ਸਾਹਮਣੇ ਕੋਈ ਥਾਂ-ਸਿਰ ਕਰ ਕੇ ਰੱਖ ਦਿੱਤੀ। ਹੁਣ ਉਹ ਬੈਠੀ-ਬੈਠੀ ਮੋਮਬੱਤੀ ਵੱਲ ਨੂੰ ਹੀ ਦੇਖੀ ਜਾ ਰਹੀ ਸੀ। ਮੋਮਬੱਤੀ ਵੱਲ ਦੇਖਦੇ-ਦੇਖਦੇ ਉਸਦਾ ਧਿਆਨ ਪਿਛੋਕੜ ਵੱਲ ਚਲ ਗਿਆ ਜਦੋਂ ਉਹ ਕਾਫੀ ਛੋਟੀ ਹੁੰਦੀ ਸੀ ਤੇ ਕਿਸੇ ਹਾਦਸੇ ਵਿੱਚ ਉਸਦੇ ਮਾਂ-ਬਾਪ ਦੋਵੇਂ ਥਾਂ ਤੇ ਹੀ ਮਰ ਗਏ ਸੀ। ਕਿਸਮਤ ਦੀ ਮਾਰੀਊ ਜਦ ਉਹ ਇਸ ਧੰਦੇ ਵੱਲ ਨੂੰ ਆ ਗਈ ਸੀ ਜਾਂ ਲਿਆਈ ਗਈ ਸੀ ਤਾਂ ਉਸਨੂੰ ਉਹ ਰਾਤ ਵੀ ਯਾਦ ਸੀ ਜਦ ਕਾਫੀ ਕੁਝ ਸਮਝਾਉਣ ਤੋਂ ਬਾਅਦ ਵੀ ਉਸਦਾ ਮਨ ਨਹੀਂ ਸੀ ਮੰਨਦਾ ਤਾਂ ਧੋਲ-ਧੱਫਿਆਂ ਦੀ ਇੱਕ ਬਰਸਾਤ ਜਿਹੀ ਉਸਦੇ ਉਪਰ ਹੋਈ ਸੀ।
ਫਿਰ ਅਚਾਨਕ ਲਾਇਟ ਜਾਣ ਕਰਕੇ ਹਨੇਰੇ ਵਿੱਚ ਉਹ ਮੌਕਾ ਦੇਖ ਕੇ ਕਿਸੇ ਆਸੇ-ਪਾਸੇ ਲੁਕ ਗਈ ਸੀ ਕਈ ਜਣੇ ਉਸਨੂੰ ਸਾਰੀ ਰਾਤ ਲੱਭਦੇ ਰਹੇ ਸੀ ਤੇ ਉਹ ਲੱਭੀ ਨਹੀਂ ਸੀ। ਫਿਰ ਕਿਸੇ ਨੇ ਉੱਚੀ ਸਾਰੀ ਅਵਾਜ਼ ਵਿੱਚ ਧਮਕੀ ਵੀ ਦਿੱਤੀ ਸੀ ਕਿ ‘ਜੇ ਆਪਣੇ-ਆਪ ਬਾਹਰ ਨਾ ਨਿੱਕਲੀ ਤਾਂ ਉਸਦੀ ਖੈਰ ਨਹੀਂ’ ਪਰ ਫਿਰ ਵੀ ਉਹ ਡਰੀ ਨਹੀਂ ਸੀ ਤੇ ਜਿੱਥੇ ਲੁਕੀਊ ਸੀ ਉੱਥੇ ਹੀ ਬੈਠੀ ਰਹੀ ਸੀ। ਕੁਛ ਪਲ ਬਾਅਦ ਜਦ ਮੋਮਬੱਤੀ ਦੇ ਚਾਨਣ ਵਿੱਚ ਉਹ ਕਿਸੇ ਦੇ ਨਜ਼ਰੀ ਪੈ ਗਈ ਸੀ ਤਾਂ ਉਸਨੂੰ ਘੜੀਸ ਕੇ ਪਲੰਘ ਤੇ ਸਿੱਟਿਆ ਗਿਆ ਸੀ ਜਦ ਸਾਹਮਣੇ ਵਾਲਾ ਉਸਦੇ ਵੱਲ ਦੇਖਕੇ ਹੱਸਦਾ ਹੋਇਆ ਆਪਣੀ ਕਮੀਜ਼ ਦੇ ਬਟਨ ਖੋਲ ਰਿਹਾ ਸੀ ਤਾਂ ਉਸਨੇ ਫਟਾ-ਫਟ ਉੱਠ ਕੇ ਮੋਮਬੱਤੀ ਬੁਝਾ ਦਿੱਤੀ ਸੀ ਜਦ ਉਹ ਫਿਰ ਤੋਂ ਹਨੇਰੇ ਵਿੱਚ ਭੱਜ ਕੇ ਲੁਕਣ ਲੱਗੀ ਸੀ ਤਾਂ ਅਚਾਨਕ ਲਾਇਟ ਆ ਗਈ ਸੀ ਫਿਰ ਉਹ ਚਾਰ ਜਣਿਆਂ ਦੇ ਕਾਬੂ ਆ ਗਈ ਤਾਂ ਉਸਦੀ ਕੋਈ ਵਾਹ-ਪੇਸ਼ ਨਹੀਂ ਸੀ ਚੱਲੀ। ਉਹ ਬੱਸ ਨਹੀਂ ਨਹੀਂ ਨਹੀਂ ਕਰਦੀ ਰਹਿ ਗਈ ਸੀ।
ਇਹ ਸਭ ਸੋਚਦੀ ਮਨਦੀਪ ਡਰ ਨਾਲ ਕੰਬ ਗਈ ਤੇ ਉਸਨੇ ਫਟਾ-ਫਟ ਉਠ ਕੇ ਜਾ ਕੇ ਮੋਮਬੱਤੀ ਬੁਝਾ ਦਿੱਤੀ ਜਦ ਨੂੰ ਅਚਾਨਕ ਲਾਇਟ ਆ ਗਈ ਤਾਂ ਉਸਨੇ ਕੰਨਾਂ ਤੇ ਹੱਥ ਰੱਖਕੇ ਕਹਿਣਾ ਸ਼ੁਰੂ ਕਰਤਾ ”ਨਹੀਂ ਨਹੀਂ ਨਹੀਂ।”
ਸੂਈ
ਹਰਪਾਲ ਪਲੰਘ ਤੇ ਪਿਆ ਵਾਰ-ਵਾਰ ਸਰੋਜ ਦੇ ਵਾਲਾਂ ਵਿੱਚ ਹੱਥ ਫੇਰੀ ਜਾਂਦਾ ਸੀ ਜਦ ਸਰੋਜ ਨੇ ਉਹਦੇ ਵੱਲ ਨੂੰ ਧਿਆਨ ਦਿੱਤਾ ਤਾਂ ਉਸਦੇ ਨਜਰੀਂ ਉਸਦੀ ਕਮੀਜ਼ ਦਾ ਟੁੱਟਿਆ ਹੋਇਆ ਬਟਨ ਪੈ ਗਿਆ। ਤਾਂ ਉਸਨੇ ਲੱਭ ਕੇ ਝੱਟ ਸੂਈ ਧਾਗਾ ਲੈ ਆਂਦਾ।
‘ਇਹ ਬਟਨ ਕਿੱਦਾਂ ਟੁੱਟ ਗਿਆ ਐਥੇ ਤਾਂ ਨੀ ਟੁੱਟਿਆ?
”ਨਹੀਂ ਯਾਰ ਐਥੇ ਨੀ ਇਹ ਤਾਂ ਪਹਿਲਾਂ ਦਾ ਟੁੱਟਿਆ ਆ।
‘ਲਿਆਓ ਮੈਂ ਲਾ ਦਿੰਦੀ ਆਂ ਨਾਲ਼ੇ ਉਸਨੇ ਕਿਉਂ ਨੀ ਲਾਇਆ?
”ਯਾਰ ਉਹ ਨੂੰ ਇਹ ਸਭ ਕਰਨਾ ਘੱਟ ਈ ਆਉਂਦਾ ਨਿਆਣੇ ਸਾਂਭ ਲਵੇ ਉਹੀ ਬਹੁਤ….
”ਹਾ-ਹਾ-ਹਾ ਚਲੋ ਕੋਈ ਨਾ ਮੈਂ ਲਾ ਤਾ ਰਹੀ ਆਂ ਮੈਂ ਆਪਣੀ ਮੰਮੀ ਤੋਂ ਸਿੱਖਿਆ ਸੀ….
”ਫਿਰ ਤਾਂ ਤੇਰੀ ਮੰਮੀ ਬੜੀ ਸੰਸਕਾਰੀ ਹੋਊ ਜੋ ਤੈਨੂੰ ਇਹ ਸਭ ਸਿਖਾਇਆ।
‘ਹਾਂ ਮੰਮੀ ਵੀ ਸੰਸਕਾਰੀ ਸੀ ਤੇ ਮੈਂ ਵੀ ਮਹਿਲਾਂ ਸੰਸਕਾਰੀ ਸੀ।
‘ਉਹ ਹੋ ਬੱਲੇ ਤੇ ਹੁਣ?
‘ਫਿਰ ਕੀ ਕੁਛ ਦੁਰਾਚਾਰੀਆਂ ਨੇ ਮੈਨੂੰ ਸੰਸਕਾਰੀ ਤੋਂ ਐਦਾਂ ਦੇ ਕੰਮਾਂ ਵਿੱਚ ਪਾਤਾ
”ਹੌਲੀ ਕਰ ਆ ਹਾ ਚੁੱਭ ਗਈ ਸੂਈ ਛਾਤੀ ਪਾੜਨੀ ਆ?
”ਨਹੀਂ ਨਹੀਂ ਡਰੋ ਨਾ ਪਾਟ ਵੀ ਗਈ ਤਾਂ ਜਖ਼ਮ ਵੀ ਇਸੇ ਨਾਲ ਸੀਉਂ ਦਊਂ।
”ਅੱਛਾ ਤੇ ਜੋ ਤੇਰੇ ਜ਼ਖਮ ਆ ਉਹ?
”ਹਾ-ਹਾ-ਹਾ ਔਰਤ ਦੇ ਜ਼ਖਮ ਸੀਣ ਵਾਲੀ ਕੋਈ ਸੂਈ ਹੀ ਹੈ ਨਹੀਂ।
”ਜੇ ਉਹ ਸੂਈ ਵੀ ਬਣ ਗਈ ਫਿਰ?
”ਹਾਂ ਜੇ ਕਿਤੇ ਉਹ ਸੂਈ ਬਣ ਵੀ ਗਈ ਤਾਂ ਮਰਦ ਨੂੰ ਉਹ ਸੂਈ ਚਲਾਉਣੀ ਨੀ ਆਉਣੀ।
”ਹੈ ਕੀ ਮਤਲਬ?
”ਮਤਲਬ ਛੱਡੋ ਬਟਨ ਲਾਤਾ ਆ ਤੇ ਜਾਓ ਹੁਣ ਚਲੋ-ਚਲੋ ਉਠੋ।
ਹਰਪਾਲ ਦੇ ਜਾਣ ਤੋਂ ਬਾਅਦ ਸਰੋਜ ਕਾਫੀ ਸਮਾਂ ਹੱਥ ਵਿੱਚ ਸੂਈ ਲੈ ਕੇ ਬੈਠੀ ਰਹੀ ਉਸਨੂੰ ਆਪਣੀ ਹੀ ਕਹੀ ਗੱਲ ਤੇ ਹੈਰਾਨੀ ਹੋਈ ਜਾ ਰਹੀ ਸੀ ਕਿ ਸੱਚਮੁੱਚ ਜੇ ਐਸੀ ਸੂਈ ਨਾ ਹੀ ਬਣੀ ਤਾਂ ਕੀ ਔਰਤ ਦੇ ਜ਼ਖ਼ਮ ਅਣਸੀਤੇ ਹੀ ਰਹਿ ਜਾਣਗੇ?