ਸਿਰ ਸੁੱਟ ਕੇ ਪਈ ਆਨੰਦੀ ਨੂੰ ਉਸ ਵੇਲੇ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਜਦੋਂ ਅਚਾਨਕ ਕਰਨ ਅੰਦਰ ਆ ਗਿਆ ਸੀ। ਯਕੀਨ ਆਨੰਦੀ ਨੂੰ ਉਸ ਗੱਲ ਤੇ ਵੀ ਨਹੀਂ ਹੋ ਰਿਹਾ ਸੀ ਜਦੋਂ ਕੁਝ ਮਹੀਨੇ ਪਹਿਲਾਂ ਕਰਨ ਨੇ ਉਸ ਨੂੰ ਦੱਸਿਆ ਕਿ ‘ਅਗਲੇ ਹਫਤੇ ਮੇਰਾ ਵਿਆਹ ਆ’। ਹੁਣ ਵਿਆਹ ਤੋਂ ਬਾਅਦ ਵੀ ਕਰਨ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਆਨੰਦੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਉਹ ਉਠ ਕੇ ਬੈਠ ਗਈ।
‘ਆਓ ਜਨਾਬ ਅੱਜ ਕਿੱਦਾਂ ਆਉਣੇ ਹੋ ਗਏ?
‘ਕਿਉਂ ਆ ਨੀ ਸਕਦਾਂ ਮੈਂ?
‘ਨਹੀਂ ਨਹੀਂ ਆ ਤਾਂ ਸਕਦੇ ਓ ਪਰ ਵਿਆਹ ਤੋਂ ਬਾਅਦ ਵੀ?
”ਉਹ ਨਹੀਂ ਮੈਂ ਆਉਣਾ ਤਾਂ ਨਹੀਂ ਸੀ ਦਰਾਸਲ ਘਰਵਾਲੀ ਪੇਕਿਆਂ ਦੇ ਗਈਊ ਆ ਮੈਂ ਸੋਚਿਆ….
‘ਉਹ ਅੱਛਾ ਤਾਂ ਇਹ ਗੱਲ ਹੈ ਵਿੱਚੋਂ ਮੈਂ ਸੋਚਿਆ ਕੋਈ ਲੜਾਈ ਝਗੜਾ ਹੋ ਗਿਆ ਹੋਊ।
”ਨਹੀਂ-ਨਹੀਂ ਮੈਂ ਤੈਨੂੰ ਦੱਸਿਆ ਨਾ ਘਰਵਾਲੀ ਗਈਊ ਆ।
‘ਅੱਛਾ ਉਹ ਘਰਵਾਲੀ ਆ ਇਹ ਤਾਂ ਠੀਕ ਆ ਵੈਸੇ ਮੈਂ ਕੌਣ ਆ?
”ਕਿਉਂ ਤੈਨੂੰ ਨੀ ਪਤਾ ਤੂੰ ਕੌਣ ਆ?
”ਤੁਸੀਂ ਵੀ ਮੈਨੂੰ ਕਈ ਕੁਛ ਕਹਿ ਕੇ ਬੁਲਾਉਂਦੇ ਸੀ ਪਹਿਲਾਂ….
”ਤੂੰ ਤੂੰ ਹੁਣ ਮੈਂ ਕਿ ਕਹਾਂ ਚਲ ਤੂੰ ਬਾਹਰਵਾਲੀ ਆਂ ਖੁਸ਼?
‘ਪਹਿਲਾਂ ਮੈਨੂੰ ਜਾਨ, ਹੀਰ, ਸੱਸੀ ਸੋਹਣੀ ਤੇ ਹੁਣ ਮੈਨੂੰ ਬਾਹਰਵਾਲੀ ਬਣਾਤਾ?
‘ਯਾਰ ਤੂੰ ਜ਼ਿਆਦਾ ਗੱਲਾਂ ਨਾ ਕਰ ਚੱਲ ਪੈੱਗ ਬਣਾ
”ਐਨਾ ਰੋਅਬ ਉਹਦੇ ਤੇ ਵੀ ਪਾਉਂਦੇ ਓ ਹਾ-ਹਾ ਆਜੋ ਬੈਠੋ।
ਪਰੀ
ਖਾਲਾ ਕਿੰਨੇ ਹੀ ਸਮੇਂ ਤੋਂ ਬਾਹਰ ਕਿਸੇ ਨੂੰ ਮੰਦਾ-ਚੰਗਾ ਬੋਲੀ ਜਾ ਰਹੀ ਸੀ। ਕਿਸੇ ਦੀ ਐਨੀ ਹਿੰਮਤ ਨਾ ਪਈ ਕਿ ਖਾਲਾ ਨੂੰ ਜਾ ਕੇ ਚੁੱਪ ਕਰਾਵੇ ਤੇ ਉਸਦਾ ਗੁੱਸਾ ਠੰਢਾ ਕਰਕੇ ਉਸਨੂੰ ਮੁੜ ਅੰਦਰ ਲੈ ਆਵੇ।
ਸ਼ਬਾਨਾ ਨੇ ਜਦ ਆਪਣੇ ਕਮਰੇ ਤੋਂ ਬਾਹਰ ਨਿਕਲ ਕੇ ਦੇਖਿਆ ਤਾਂ ਸਾਹਮਣੇ ਕੋਈ ਬੁੱਢੀ ਜਿਹੀ ਖੜੀ ਸੀ ਜਿਸਦੇ ਨਾਲ ਖਾਲਾ ਕਾਫੀ ਤੱਤੀ-ਠੰਢੀ ਹੋ ਰਹੀ ਸੀ।
‘ਤੂੰ ਜਾਂਦੀ ਕੇ ਨਹੀਂ ਜਾਂਦੀ ਕਿੰਨੀ ਵਾਰ ਕਿਹਾ ਤੈਨੂੰ?
”ਮਾਸੀ ਗੱਲ ਤਾਂ ਸੁਣ ਮੇਰੀ ਮੈਂ ਬਹੁਤ ਤੰਗ ਆਂ?
‘ਹੈ ਨਹੀਂ ਕੋਈ ਮਾਸੀ-ਮੁਸੀ ਐਥੇ ਤੂੰ ਦਫਾ ਹੋ ਜਾ।
”ਮਾਸੀ ਮੈਂ ਥੋੜੇ ਪੈਸੇ ਲੈ ਲਊਂਗੀ ਤੂੰ ਸੁਣ ਤਾਂ ਸਹੀ।
‘ਤੂੰ ਚਾਹੇ ਫਰੀ ਵਿੱਚ ਆਵੇਂ ਮੈਂ ਤਾਂ ਵੀ ਤੇਰੀ ਗੱਲ ਨੀ ਮੰਨਣੀ।
”ਇੱਦਾਂ ਨਾਂ ਕਹਿ ਮਾਸੀ ਪੁਰਾਣੇ ਜਾਦਾ ਉਮਰ ਦੇ ਗਾਹਕਾਂ ਨੂੰ ਈ ਪੁੱਛ ਲਾ ਮੇਰੀ ਬੇਨਤੀ ਹੀ ਆ।
‘ਜੇ ਤੂੰ ਐਥੋਂ ਨਾ ਗਈ ਤਾਂ ਦੇਖ ਤੇਰਾ ਕੀ ਹਾਲ ਕਰਾਉਂਦੀ।
ਫਿਰ ਉਹ ਬੁੱਢੀ ਖਾਲਾ ਤੋਂ ਡਰਦੀ ਚਲੀ ਗਈ। ਸ਼ਬਾਨਾ ਨੂੰ ਉਸਦੇ ਜਾਣ ਤੋਂ ਬਾਅਦ ਕਿਸੇ ਹੋਰ ਕੁੜੀ ਤੋਂ ਪਤਾ ਲੱਗਿਆ ਕਿ ਕਿਸੇ ਸਮੇਂ ਉਹ ਬੁੱਢੀ ਇਸੇ ਕੋਠੇ ਤੇ ਹੁੰਦੀ ਸੀ ਸ਼ਹਿਰ ਦੇ ਸਾਰੇ ਧਨਾਢ ਉਸਦੇ ਪੈਰ ਚੁੰਮਦੇ ਸੀ। ਵੱਡੇ-ਵੱਡੇ ਲੋਕ ਉਸਨੂੰ ਮਨ ਚਾਹੀ ਕੀਮਤ ਅਦਾ ਕਰਦੇ ਸੀ ਪਰ ਫਿਰ ਬੁੱਢੀ ਹੋਣ ਕਰਕੇ ਕੋਈ ਜਦ ਉਸਨੂੰ ਮੂੰਹ ਲਾ ਕੇ ਰਾਜੀ ਨੀ ਸੀ ਤਾਂ ਖਾਲਾ ਨੇ ਉਸਨੂੰ ਕੱਢਤਾ ਸੀ। ਇਹ ਸਭ ਸੁਣ ਕੇ ਸ਼ਬਾਨਾ ਨੂੰ ਉਹਨਾਂ ਸਾਰਿਆਂ ਤੇ ਅੰਤ ਦਾ ਗੁੱਸਾ ਆ ਰਿਹਾ ਸੀ ਜੋ ਹੁਣ ਉਸਨੂੰ ‘ਪਰੀ’, ‘ਜਾਨ’, ਕਹਿ-ਕਹਿ ਥੱਕਦੇ ਨਹੀਂ ਸੀ।