ਅੱਜ ਜਦੋਂ ਖਾਲਾ ਨੇ ਉਹਨਾਂ ਸਾਰੀਆਂ ਨੂੰ ਕੁਛ ਸਮੇਂ ਲਈ ਬਾਹਰ ਘੁੰਮਣ-ਫਿਰਣ ਦੀ ਛੁੱਟੀ ਦੇ ਦਿੱਤੀ ਤਾਂ ਉਹ ਸਾਰੀਆਂ ਕੱਠੀਆਂ ਹੋ ਕਿ ਥੋੜੀ ਦੂਰੀ ਤੇ ਬਣੀ ਇੱਕ ਪਾਰਕ ਦੇ ਵਿੱਚ ਜਾ ਕੇ ਬੈਠ ਗਈਆਂ। ਸਾਰੀਆਂ ਵਿੱਚੋਂ ਇੱਕ ਕੁੜੀ ਜਾ ਕੇ ਭੁੱਜਿੳ ਦਾਣੇ ਲੈ ਆਈ ਫਿਰ ਉਹ ਦਾਣੇ ਚੱਬਣ ਲੱਗ ਪਈਆਂ ਤੇ ਆਪਸ ਵਿੱਚ ਗੱਲੀਂ ਜੁੱਟ ਗਈਆਂ।
ਰੌਸ਼ਨੀ ਇਹਨਾਂ ਸਭ ਕੁੜੀਆਂ ਤੋਂ ਅਲੱਗ ਇੱਕ ਬੈਂਚ ਤੇ ਬੈਠੀ ਹੋਈ ਸੀ ਤੇ ਪਾਰਕ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਖੇਡਦੇ ਹੋਏ ਦੇਖ ਰਹੀ ਸੀ। ਕੁਛ ਪਲ ਬਾਅਦ ਜਦ ਇੱਕ ਛੋਟੀ ਜਿਹੀ ਬੱਚੀ ਭੱਜਦੀ ਹੋਈ ਉਸਦੇ ਕੋਲੋਂ ਲੰਘਣ ਲੱਗੀ ਤਾਂ ਉਸਨੇ ਰੋਕ ਲਈ।
‘ਨੀ ਕੁੜੀਏ ਕਿਧਰ ਭੱਜੀ ਜਾਂਦੀ ਆ ਰੇਲਗੱਡੀ ਵਾਗੂੰ ਰੁਕ ਜਾ ਜਰਾ ਕੁ
”ਨਹੀਂ ਓ ਆਂਟੀ ਮੈਂ ਖੇਡਣਾ ਆ ਮੈਨੂੰ ਖੇਡਣ ਦਿਉ….
‘ਉਹ ਯਾਰ ਤੂੰ ਮੇਰੇ ਨਾਲ਼ ਖੇਡ ਲਾ ਮੈਨੂੰ ਵੀ ਖੇਡਣਾ ਸਿਖਾ ਦੇ।
”ਨਹੀਂ ਓ ਤੁਸੀਂ ਵੱਡੇ ਆਂ ਵੱਡਿਆਂ ਨਾਲ ਖੇਡੋ ਆਂਟੀ।
ਅਚਾਨਕ ਰੌਸ਼ਨੀ ਦੀ ਨਜ਼ਰ ਕੁੜੀ ਦੇ ਹੱਥ ਵਿੱਚ ਪਏ ਇੱਕ ਕੰਗਣ ਤੇ ਚਲੀ ਗਈ।
‘ਉਹ ਬੱਲੇ ਆਹ ਕਿੱਥੋਂ ਲਿਆ ਤੂੰ ਕੁੜੀਏ?
”ਇਹ ਤਾਂ ਮੈਨੂੰ ਪਾਪਾ ਜੀ ਨੇ ਲਿਆ ਕੇ ਦਿੱਤਾ ਸੀ।
‘ਕੀ ਨਾਅ ਤੇਰੇ ਪਾਪਾ ਦਾ ਮੈਨੂੰ ਵੀ ਦੱਸਦੇ ਤਾਂ….
”ਪਾਪਾ ਦਾ ਨਾਮ ਅਨਿਲ ਆ….ਬਾਏ ਮੈਂ ਚੱਲੀ ਖੇਡਣ।
ਸਾਰਾ ਦਿਨ ਰੌਸ਼ਨੀ ਉਸ ਕੁੜੀ ਬਾਰੇ ਹੀ ਸੋਚੀ ਗਈ। ਜਦ ਰਾਤ ਹੋਈ ਤਾਂ ਉਸਨੇ ਕਮਰੇ ਵਿੱਚ ਪਈ ਅਲਮਾਰੀ ਖੋਹਲੀ ਤੇ ਉਸ ਵਿੱਚੋਂ ਇੱਕ ਲਾਲ ਰੰਗ ਦਾ ਕੱਪੜਾ ਕੱਢ ਕੇ ਖੋਹਲਣਾ ਸ਼ੁਰੂ ਕਰਤਾ ਇਸ ਕੱਪੜੇ ਵਿੱਚ ਇੱਕ ਕੰਗਣ ਸੀ ਜਿਸਨੂੰ ਦੇਖ ਕੇ ਰੌਸ਼ਨੀ ਨੂੰ ਅਨਿਲ ਦੇ ਆਖਰੀ ਵਾਰ ਦੇ ਕਹੇ ਸ਼ਬਦ ਯਾਦ ਆ ਗਏ ਜਦ ਉਹਦਾ ਵਿਆਹ ਹੋ ਗਿਆ ਸੀ ”ਰੌਸ਼ਨੀ ਮੇਰੇ ਕੋਲ ਆਹ ਦੋ ਕੰਗਣ ਆ ਮੇਰੀ ਮਾਂ ਮਰਦੀ-ਮਰਦੀ ਦੇ ਗਈ ਸੀ ਕਿ ਮੈਂ ਉਸਦੇ ਪੋਤੇ-ਪੋਤੀ ਦੇ ਪਾਵਾਂ ਲੈ ਇੱਕ ਤੂੰ ਰੱਖ ਲਾ ਮੇਰੀ ਨਿਸ਼ਾਨੀ ਸਮਝ ਕੇ ਜਿੱਦਾਂ ਮੇਰੇ ਕੋਲ ਮਾਂ ਦੀ ਇਹ ਨਿਸ਼ਾਨੀ ਆ।”
ਵਿਕਾਊ
ਕੋਠੇ ਤੇ ਅੱਜ ਡਾਕਟਰ ਸਾਰੀਆਂ ਕੁੜੀਆਂ ਦਾ ਚੈੱਕਅਪ ਕਰਨ ਆਇਆ ਸੀ। ਨਵੀਆਂ ਕੁੜੀਆਂ ਤਾਂ ਕੁਛ ਕੁ ਡਰ ਜਿਹੀਆਂ ਗਈਆਂ ਸੀ ਪਰ ਪੁਰਾਣੀਆਂ ਕੁੜੀਆਂ ਸਭ ਤੌਰ ਤਰੀਕਿਆਂ ਤੋਂ ਜਾਣੂ ਹੋਣ ਕਰਕੇ ਡਾਕਟਰ ਨੂੰ ਟਿੱਚ ਸਮਝਦੀਆਂ ਸੀ। ਹੇਮਾ ਇਸ ਕੋਠੇ ਦੀ ਸਭ ਤੋਂ ਵੱਧ ਮਸ਼ਹੂਰ ਹੋਣ ਕਰਕੇ ਡਾਕਟਰ ਨੇ ਉਸਨੂੰ ਦੂਰੋਂ ਸਲਾਮ ਠੋਕਤਾ ਸੀ।
ਡਾਕਟਰ ਵਾਰੋ-ਵਾਰੀ ਸਾਰੀਆਂ ਕੁੜੀਆਂ ਕੋਲ ਜਾ ਰਿਹਾ ਸੀ ਹਰ ਕੁੜੀ ਡਾਕਟਰ ਨੂੰ ਤਰਾਂ-ਤਰਾਂ ਦੇ ਗੰਦੇ-ਮੰਦੇ ਮਜ਼ਾਕ ਕਰ ਰਹੀ ਸੀ ਤੇ ਡਾਕਟਰ ਵੀ ਹੀ-ਹੀ ਕਰਕੇ ਹੱਸੀ ਜਾ ਰਿਹਾ ਸੀ। ਫਿਰ ਜਦੋਂ ਡਾਕਟਰ ਕਾਵਿਕਾ ਦੇ ਕਮਰੇ ਵਿੱਚ ਗਿਆ ਤਾਂ ਹੇਮਾ ਨੂੰ ਕੁਛ-ਕੁਛ ਫਿਕਰ ਜਿਹਾ ਹੋਇਆ। ਕਿਉਂਕਿ ਕੁਛ ਸਮੇਂ ਤੋਂ ਕਾਵਿਕਾ ਨੂੰ ਕੁਛ ਕੁ ਬਿਮਾਰੀਆਂ ਦੇ ਲੱਛਣ ਨਿਕਲ ਆਏ ਸੀ।
ਪਰ ਉਸ ਵਕਤ ਹੇਮਾ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਡਾਕਟਰ ਵਾਪਿਸ ਚਲਾ ਗਿਆ ਤੇ ਕਾਵਿਕਾ ਡਾਕਟਰ ਦੀ ਦਿੱਤੀ ਰਿਪੋਰਟ ਸਭ ਨੂੰ ਖੁਸ਼ ਹੋ ਹੋ ਦਿਖਾ ਰਹੀ ਸੀ ਜੋ ਸਿੱਧ ਕਰਦੀ ਸੀ ਕਿ ਕਾਵਿਕਾ ਬਿਲਕੁਲ ਠੀਕ ਹੈ ਉਸਨੂੰ ਕੋਈ ਬਿਮਾਰੀ ਨਹੀਂ।
ਜਦ ਹੇਮਾ ਨੇ ਕਾਵਿਕਾ ਨੂੰ ਸਾਰੀ ਗੱਲ ਪੁੱਛੀ ਤਾਂ ਕਾਵਿਕਾ ਨੇ ਉਸਨੂੰ ਝੱਟ ਦੱਸ ਦਿੱਤਾ ਕਿ ਕਿਵੇਂ ਡਾਕਟਰ ਨੇ ਉਸਨੂੰ ਕਿਹਾ ਸੀ ਕਿ ਤੈਨੂੰ ਡਰਨ ਦੀ ਲੋੜ ਨੀ ਬਿਸਤਰਾ ਬਿਛਾ ਤੇ ਮੈਨੂੰ ਖੁਸ਼ ਕਰ ਮੈਂ ਤੈਨੂੰ ਮੈਡੀਕਲ ਫਿਟ ਦੀ ਰਿਪਰੋਟ ਦੇ ਦਊਂ। ਸਾਰੀ ਗੱਲ ਸੁਣ ਕੇ ਹੇਮਾ ਆਪਣੇ ਮਨ ਵਿੱਚ ਹੀ ਸੋਚਣ ਲੱਗੀ ਕੀ ਸਾਨੂੰ ‘ਵਿਕਾਊ’ ਕਹਿਣ ਵਾਲੇ ਕਿੱਦਾਂ ਜਿਸਮ ਦੀ ਖ਼ਾਤਿਰ ਆਪਣਾ ਇਮਾਨ ਵੀ ਵੇਚ ਦਿੰਦੇ ਨੇ।