ਸਾਰੀਆਂ ਕੁੜੀਆਂ ਆਪਣੇ-ਆਪਣੇ ਥਾਂ ਬੈਠੀਆਂ ਮਾੜੀ-ਮੋਟੀ ਕੋਈ ਨਾ ਕੋਈ ਗੱਲਬਾਤ ਕਰ ਰਹੀਆਂ ਸਨ। ਮਾਸੀ ਆਪਣਾ ਨੋਟਾਂ ਵਾਲਾ ਪਰਸ ਚੁੱਕ ਕੇ ਬਾਹਰ ਆਈ ਤਾਂ ਉਸਨੇ ਨੌਕਰਾਣੀ ਨੂੰ ਉਪਰ ਵਾਲੇ ਕਮਰਿਆਂ ਵਿੱਚ ਸਫਾਈ ਕਰਨ ਲਈ ਭੇਜ ਦਿੱਤਾ। ਆਪ ਖਾਲਾ ਫਿਰ ਤੋਂ ਅੰਦਰ ਜਾ ਕੇ ਪਲੰਘ ਤੇ ਸਰਾਣੇ ਨਾਲ ਢਾਸਣਾ ਲਾ ਕੇ ਪਾਨ ਖਾਣ ਲੱਗ ਪਈ।
ਜਦੋਂ ਨੌਕਰਾਣੀ ਉਪਰਲੇ ਕਮਰੇ ਵਿੱਚ ਸਾਫ਼-ਸਫਾਈ ਕਰਨ ਆਈ ਤਾਂ ਧੂੜ-ਘੱਟੇ ਤੋਂ ਬਚਦੀ ਜੈਨਬ ਬਾਹਰ ਬਾਲਕੋਨੀ ਵਿੱਚ ਆ ਕੇ ਖੜ ਗਈ। ਜਦ ਉਸਨੇ ਥੱਲੇ ਦੇਖਿਆ ਤਾਂ ਜੈਨਬ ਦੀ ਉਮਰ ਦੀ ਹੀ ਕੁੜੀ ਬਾਕੀ ਸਾਰੀਆਂ ਕੁੜੀਆਂ ਦੇ ਕੱਪੜੇ ਧੋ ਰਹੀ ਸੀ। ਇਹ ਕੱਪੜੇ ਧੋਣ ਵਾਲੀ ਕੁੜੀ ਖਾਲਾ ਨੇ ਨਵੀਂ ਰੱਖੀ ਸੀ। ਪਹਿਲਾਂ ਕੁੜੀਆਂ ਕੱਪੜੇ ਆਪ ਧੋਦੀਆਂ ਸੀ ਫਿਰ ਧੰਦੇ ਵਿੱਚ ਮੁਨਾਫਾ ਹੋਇਆ ਤਾਂ ਕੱਪੜੇ ਧੋਣ ਵਾਲੀ ਖਾਲਾ ਨੇ ਕੁੜੀ ਰੱਖ ਲਈ। ਜਦ ਉਹ ਕੁੜੀ ਕੋਈ ਮੋਟਾ ਕੱਪੜਾ ਨਿਚੋੜਨ ਲੱਗੀ ਤਾਂ ਖਾਲਾ ਬਾਹਰ ਆ ਗਈ ਤੇ ਕੜਕ ਕੇ ਬੋਲੀ ‘ਕੋਈ ਕੁੜੀ ਨਾਲ ਨੀ ਲਗ ਸਕਦੀ? ਇੱਕ ਕੁੜੀ ਬਾਹਰ ਆ ਗਈ। ‘ਮਾਸੀ ਕੀ ਗੱਲ ਹੋ ਗਈ ਗੁੱਸਾ ਕਾਹਦਾ?
”ਐਡਾ ਮੋਟਾ ਕੱਪੜਾ ਇਹ ਕੱਲੀ ਧੋਹ ਕੇ ਨਿਚੋੜ ਰਹੀ ਆ ਤੂੰ ਨਾਲ ਲੱਗ ਜਾ ਇਹਦੇ ਉਸ ਵਿੱਚ ਵੀ ਜਾਨ ਆ ਕੱਲੀ ਕਿੱਦਾਂ ਧੋਊ ਉਹ ਕੋਈ ਮਸ਼ੀਨ ਆ?
ਖਾਲਾ ਦੀ ਗੱਲ ਸੁਣ ਕੇ ਉਪਰ ਬਾਲਕੋਨੀ ਵਿੱਚ ਖੜੀ ਜੈਨਬ ਨੂੰ ਹਾਸਾ ਆ ਗਿਆ ਤੇ ਉਹ ਮਨ ਵਿੱਚ ਸੋਚਣ ਲੱਗੀ ਕਿ ”ਆਪ ਜਦੋਂ ਖਾਲਾ ਇੱਕ-ਇੱਕ ਕੁੜੀ ਨੂੰ ਚਾਰ-ਚਾਰ ਸੇਠਾਂ ਕੋਲ ਭੇਜ ਦਿੰਦੀ ਆ ਉਦੋਂ ਨੀ ਉਹਨੂੰ ਦਿਖਦਾ ਹੁੰਦਾ ਕਿ ਕੱਲੀ ਕੁੜੀ ਚਾਰ ਬੰਦੇ ਕਿੱਦਾਂ ਸਾਂਭ ਲਊ ਓੁਦੋਂ ਕੁੜੀ ਕਿਹੜਾ ਮਸ਼ੀਨ ਹੁੰਦੀ ਆ?
ਖਾਲੀ ਡੱਬੀ
ਇਧਰ-ਉਧਰ ਦੇ ਖਿਆਲਾਂ ਵਿੱਚੋਂ ਨਿਕਲ ਕੇ ਜਦ ਸਤਵੀਰ ਨੇ ਦਰਾਜ ਵਿੱਚੋਂ ਸਿਗਰੇਟਾਂ ਦੀ ਡੱਬੀ ਕੱਢੀ ਤਾਂ ਉਸਨੂੰ ਪਤਾ ਹੀ ਨੀ ਲੱਗਿਆ ਕਿ ਕਦ ਉਸਨੇ ਇੱਕ ਤੋਂ ਬਾਅਦ ਇੱਕ ਕਰਕੇ ਚਾਰ-ਪੰਜ ਸਿਗਰੇਟਾਂ ਫੂਕ ਦਿੱਤੀਆਂ। ਫਿਰ ਉਸਨੇ ਦੇਖਿਆ ਕੀ ਡੱਬੀ ਖਾਲੀ ਹੋ ਚੁੱਕੀ ਸੀ ਤਾਂ ਉਸਨੇ ਵਗਾਹ ਕੇ ਡੱਬੀ ਪਰੇ ਮਾਰੀ।
ਹੁਣ ਪਰੇ ਡਿੱਗੀ ਹੋਈ ਡੱਬੀ ਨੂੰ ਸਤਵੀਰ ਬਿਟਰ-ਬਿਟਰ ਦੇਖੀ ਜਾ ਰਹੀ ਸੀ ਤੇ ਨਾਲ-ਨਾਲ ਉਸਦੇ ਦਿਮਾਗ ਵਿੱਚ ਇੱਕ ਰੀਲ ਚੱਲੀ ਜਾਵੇ ਕੀ ਜਦ ਇਹ ਬੰਦ ਡੱਬੀ ਉਸਨੇ ਲਈ ਸੀ ਤਾਂ ਕਿੰਨੀ ਸੋਹਣੀ ਲੱਗਦੀ ਸੀ ਫਿਰ ਪਹਿਲੀ ਸਿਗਰੇਟ ਕੱਢਣ ਲਈ ਉਸਨੇ ਡੱਬੀ ਨੂੰ ਪਾੜਿਆ ਸੀ ਤੇ ਦੋ ਕੁ ਸਿਗਰੇਟਾਂ ਪੀਣ ਤੋਂ ਬਾਅਦ ਉਹ ਸਿਗਰੇਟਾਂ ਦੀ ਉਸ ਡੱਬੀ ਨੂੰ ਮੁੜ ਕੇ ਫਿਰ ਤੋਂ ਦਰਾਜ ਵਿੱਚ ਰੱਖ ਦਿੰਦੀ ਸੀ।
ਪਰ ਅੱਜ ਜਦੋਂ ਸਿਗਰੇਟਾਂ ਦੀ ਉਹ ਸਾਰੀ ਡੱਬੀ ਖਾਲੀ ਹੋ ਗਈ ਤਾਂ ਉਸਨੇ ਕਿੰਨੀ ਬੇ ਰਹਿਮੀ ਨਾਲ ਉਸ ਡੱਬੀ ਨੂੰ ਵਗਾਹ ਕੇ ਪਰੇ ਮਾਰਿਆ ਸੀ ਜਿਵੇਂ ਉਸਦੀ ਹੁਣ ਕੋਈ ਲੋੜ ਹੀ ਨਹੀਂ ਰਹੀ ਸੀ। ਫਿਰ ਉਸਨੇ ਸੋਚਿਆ ਕਿ ਜਦ ਕੋਈ ਸਿਗਰੇਟ ਬਾਕੀ ਹੀ ਨਹੀਂ ਬਚੀ ਸੀ ਤਾਂ ਫਿਰ ਡੱਬੀ ਨੂੰ ਸੁੱਟਣਾ ਹੀ ਸੀ ਹੋਰ ਕੀ ਕਰਨਾ ਸੀ?
ਇਸੇ ਖਿਆਲ ਨਾਲ ਉਹ ਉੱਠ ਕੇ ਸ਼ੀਸ਼ੇ ਦੇ ਮੂਹਰੇ ਖੜੀ ਹੋ ਗਈ ਆਪਣੇ ਚਿਹਰੇ ਨੂੰ ਦੇਖ ਕੇ ਉਸਨੂੰ ਖਿਆਲ ਆਇਆ ਕੀ ਜਦੋਂ ਉਹ ਇੱਥੇ ਆਈ ਸੀ ਤਾਂ ਕਿੰਨੀ ਸੋਹਣੀ ਲੱਗਦੀ ਸੀ ਫਿਰ ਹੌਲੀ-ਹੌਲੀ ਚਿਹਰਾ ਝੁਰੜੀਆਂ ਨਾਲ ਭਰ ਗਿਆ। ਹੁਣ ਉਹ ਸੋਚਣ ਲੱਗੀ ਕਿ ਸਿਗਰੇਟ ਦੀ ਖਾਲੀ ਡੱਬੀ ਵਾਂਗੂ ਉਹ ਦਿਨ ਦੂਰ ਨਹੀਂ ਜਦੋਂ ਉਸਨੂੰ ਵੀ ਵਗਾਹ ਕੇ ਸਿੱਟਿਆ ਜਾਊਗਾ। ਇਸੇ ਡਰ ਕਰਕੇ ਉਸਨੇ ਝਟਪਟ ਜ਼ਮੀਨ ਤੋਂ ਉਹ ਖਾਲੀ ਡੱਬੀ ਚੁੱਕੀ ਤੇ ਮੁੜ ਉਸਨੂੰ ਦਰਾਜ ਵਿੱਚ ਰੱਖਤਾ।