ਇਸ ਤਰਾਂ ਕਦੇ-ਕਦੇ ਹੀ ਹੁੰਦਾ ਸੀ ਕਿ ਉਹ ਆਪੋ-ਆਪਣੇ ਕਮਰਿਆਂ ਵਿੱਚੋਂ ਨਿੱਕਲ ਕੇ ਬਾਹਰ ਬਜ਼ਾਰ ਵਿੱਚ ਜਾਣ। ਪਰ ਅੱਜ ਖਾਲਾ ਨੇ ਜਦ ਉਹਨਾਂ ਨੂੰ ਕੁਛ ਵਕਤ ਦੀ ਮੌਹਲਤ ਦਿੱਤੀ ਤਾਂ ਉਹ ਬਾਹਰ ਬਜ਼ਾਰ ਵੱਲ ਨੂੰ ਨਿਕਲ ਗਈਆਂ। ਕੁਛ ਕੁ ਪਾਰਕ ਵਿੱਚ ਬੈਠ ਗਈਆਂ ਤੇ ਕੁਛ ਕੁ ਹੋਰ ਨਿੱਕ-ਸੁੱਕ ਦੀਆਂ ਦੁਕਾਨਾਂ ਤੇ ਜਾ ਕੇ ਖੜ ਗਈਆਂ।
ਬਜ਼ਾਰ ਘੁੰਮ ਘੁਮਾ ਕੇ ਸਭ ਮੂਹਰੇ-ਮੂਹਰੇ ਚਲ ਗਈਆਂ। ਪਰ ਉਰਮਿਲਾ ਕਿਸੇ ਦੁਕਾਨ ਤੇ ਕੁਛ ਲੈ ਰਹੀ ਸੀ ਤਾਂ ਉਹ ਬਾਕੀਆਂ ਨਾਲੋਂ ਪਿੱਛੇ ਰਹਿ ਗਈ। ਜਦ ਉਰਮਿਲਾ ਬਜ਼ਾਰ ਲੰਘ ਕੇ ਆਪਣੇ ਟਿਕਾਣੇ ਵੱਲ ਆ ਰਹੀ ਸੀ ਤਾਂ ਰਸਤੇ ਵਿੱਚ ਉਸਨੂੰ ਇੱਕ ਬੱਚਾ ਦਿਸਿਆ ਤਾਂ ਉਸਤੋਂ ਰਿਹਾ ਨਾ ਗਿਆ ਉਹ ਉਸਨੂੰ ਬੁਲਾਉਣ ਲੱਗ ਪਈ।
‘ਓਏ ਕਾਕੇ ਕੀ ਨਾਮ ਆ ਤੇਰਾ ਕਿੱਧਰ ਚੱਲਾਂ?
”ਮੇਰਾ ਨਾਮ ਜਨਕ ਆ ਮੈਂ ਚੀਜ਼ੀ ਲੈਣ ਚੱਲਾਂ ਆਂ।
‘ਹਾ-ਹਾ-ਹਾ ਚੀਜ਼ੀ ਲੈਣ ਕਿਸਨੇ ਪੈਸੇ ਦਿੱਤੇ ਤੈਨੂੰ?
”ਮੈਨੂੰ ਮੇਰੇ ਪਾਪਾ ਜੀ ਨੇ ਪੈਸੇ ਦਿੱਤੇ ਆ….
‘ਅੱਛਾ ਤਾਂ ਫਿਰ ਕੀ ਨਾਮ ਆ ਤੇਰੇ ਪਾਪਾ ਜੀ ਦਾ….
”ਮੇਰੇ ਪਾਪਾ ਜੀ ਦਾ ਨਾਮ ਸੁਰੇਸ਼ ਆ ਉਹ ਮੈਨੂੰ ਬਹੁਤ ਪਿਆਰ ਕਰਦੇ। ਸੁਰੇਸ਼ ਦਾ ਨਾਮ ਸੁਣ ਕੇ ਉਰਮਿਲਾ ਹੈਰਾਨ ਜਿਹੀ ਹੋ ਗਈ ਸੀ।
‘ਠੀਕ ਹੈ ਠੀਕ ਹੈ ਪੁੱਤਰ ਮੰਮਾ ਦਾ ਕੀ ਨਾਮ ਆ?
”ਮੰਮਾ ਦਾ ਨਾਮ ਆਰਤੀ ਆ ਪਾਪਾ ਜੀ ਉਹਨੂੰ ਉਰਮੀ ਕਹਿੰਦੇ ਹੁੰਦਦੇ।
ਬੱਚੇ ਦੇ ਮੂੰਹੋਂ ਉਰਮੀ ਸੁਣ ਕੇ ਉਰਮਿਲਾ ਦਾ ਕਾਲਜਾ ਠਰ ਗਿਆ।
‘ਚੱਲ ਆ ਜਾ ਪੁੱਤਰ ਮੇਰੇ ਨਾਲ ਮੈਂ ਤੈਨੂੰ ਚੀਜ਼ੀ ਦਊਂ ਫਿਰ ਤੂੰ ਚਲਿਆ ਜਾਵੀਂ ਘਰ।
”ਨਹੀਂ ਮੈਂ ਨੀ ਇਹ ਵਾਲੀ ਗਲ਼ੀ ਵਿੱਚ ਜਾਣਾ ਪਾਪਾ ਜੀ ਕਹਿੰਦੇ ਉਧਰੋਂ ਦੀ ਲੰਘਣਾ ਵੀ ਨੀ ਉਹ ਨਿੰਮ ਵਾਲੀ ਗਲ਼ੀ ਗੰਦੀ ਆ।
‘ਬੱਚੇ ਦਾ ਜੁਆਬ ਸੁਣ ਕੇ ਉਰਮਿਲਾ ਨੇ ਅੱਖਾਂ ਭਰ ਲਈਆਂ ਉਸਨੂੰ ਖਿਆਲ ਆਇਆ ਕਿ ਹੁਣ ਸੁਰੇਸ਼ ਨੂੰ ਇਹ ਗਲ਼ੀ ਗੰਦੀ ਲੱਗਣ ਲੱਗ ਪਈ?
ਮੰਮੀ
ਜੈਸ਼ੀਰੀ ਬਾਹਰ ਦਰਵਾਜ਼ੇ ਕੋਲ ਬੈਠੀ ਬਾਲ ਸੁਕਾ ਰਹੀ ਸੀ। ਮਿੰਟ ਕੁ ਬਾਅਦ ਉਹ ਆਪਣੇ ਵਾਲਾਂ ਵਿੱਚ ਹੱਥ ਮਾਰ ਕੇ ਦੇਖਦੀ ਕਿ ਸੁੱਕ ਗਏ ਜਾਂ ਹਜੇ ਨਹੀਂ। ਅਚਾਨਕ ਜੈਸ਼ੀਰੀ ਦਾ ਧਿਆਨ ਗਲ਼ੀ ਵਿੱਚੋਂ ਲੰਘ ਰਹੀ ਇੱਕ ਪਿਆਰੀ ਜਿਹੀ ਬੱਚੀ ਵੱਲ ਚਲਿਆ ਗਿਆ।
‘ਇਹ ਛੋਟੀ ਰੁਕ ਰੁਕ ਕਿੱਧਰ ਭੱਜੀ ਜਾਂਦੀ ਤੂੰ?
”ਹਾਂਜੀ
‘ਹਾਂਜੀ ਦੀ ਬੱਚੀ ਕਿਧਰ ਚੱਲੀ ਗੱਲ ਤਾਂ ਸੁਣ ਉਰੇ ਆ ਕੇ।
”ਮੈਂ ਤਾਂ ਖੇਡਣ ਚੱਲੀ ਆ ਪਵਨੀ ਨਾਲ….
”ਹਾ-ਹਾ ਪਵਨੀ ਕੌਣ ਅੱਛਾ ਤੇਰੀ ਸਹੇਲੀ ਹੁਣੀ ਆ ਨਾ?
”ਹਾਂਜੀ ਮੇਰੀ ਸਹੇਲੀ ਆ ਮੇਰੇ ਨਾਲ ਪੜਦੀ ਵੀ ਖੇਡਦੀ ਵੀ ਲੜਦੀ ਵੀ।
‘ਹਾ-ਹਾ-ਹਾ ਲੜਦੀ ਵੀ ਆ ਅੱਛਾ ਮੰਮੀ ਦਾ ਕੀ ਨਾਮ ਆ?
”ਮੰਮੀ ਤਾਂ ਹੈ ਨਹੀਂ….
‘ਹੈਂ ਕੀ ਮਤਲਬ ਹੈ ਨਹੀਂ ਕਿੱਥੇ ਚੱਲੀ ਗਈ?
”ਮੈਂ ਤਾਂ ਨਾਨੀ ਅੰਮਾ ਕੋਲ ਰਹਿੰਦੀ ਆਂ ਮੰਮੀ ਤਾਂ ਰੱਬ ਜੀ ਕੋਲ ਚੱਲ ਗਈ ਆ ਹੈ ਨੀ ਉਹ ਤਾਂ।
ਬੱਚੀ ਦੀ ਗੱਲ ਸੁਣ ਕੇ ਜੈਸ਼ੀਰੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ।
‘ਮੇਰੀ ਗੱਲ ਸੁਣ ਆਪਣੀ ਨਾਨੀ ਨੂੰ ਕਹਿ ਤੈਨੂੰ ਕਿਤੇ ਦੂਰ ਲੈ ਜਾਵੇ।
”ਮੈਂ ਨੀ ਜਾਣਾ ਦੂਰ ਮੰਮੀ ਵੀ ਦੂਰ ਗਈ ਤਾਂ ਮੁੜ ਕੇ ਨੀ ਆਈ ਕਦੀਂ।
”ਹਾ-ਹਾ-ਹਾ ਝੱਲੀ ਨਾ ਹੋਵੇ ਤੇ ਨਾਲ਼ੇ ਗੱਲ ਸੁਣ ਇਧਰ ਨਾ ਆਇਆ ਕਰ।
”ਕਿਉਂ ਐਧਰ ਤਾਂ ਅੱਗੇ ਜਾ ਕੇ ਪਵਨੀ ਰਹਿੰਦੀ ਆ ਉਸ ਕੋਲੇ ਜਾਣਾ ਮੈਂ….
”ਨਾ ਮੇਰਾ ਪੁੱਤ ਪਵਨੀ ਕੋਲ ਤੂੰ ਉਧਰੋਂ ਬਾਹਰੋਂ-ਬਾਹਰ ਚਲ ਜਾਇਆ ਕਰ।
”ਠੀਕ ਹੈ ਨਹੀਂ ਆਉਂਦੀ ਅੱਗੇ ਤੋਂ….
‘ਆਹ ਹੋਈ ਨਾ ਗੱਲ ਤੂੰ ਸੋਹਣਾ ਪੁੱਤ ਆਂ ਗੱਲ ਮੰਨਦੀ ਆਂ ਮੇਰੀ।
”ਇੱਕ ਗੱਲ ਤੁਸੀਂ ਵੀ ਮੰਨੋ ਪਤਾ ਪਤਾ ਕੀ ਅੱਜ ਤੋਂ ਮੈਂ ਤੁਹਾਨੂੰ ਮੰਮੀ ਕਹਿ ਲਵਾਂ?
ਹੁਣ ਜੈਸ਼ੀਰੀ ਦਾ ਬੋਲ ਗਲ਼ ਵਿੱਚ ਹੀ ਕਿਧਰੇ ਅੱਟਕ ਗਿਆ ਉਸਨੇ ਬੱਚੀ ਗਲ਼ ਲਾ ਲਈ….
‘ਹਾਂ ਕਹਿ ਲਿਆ ਕਰ ਜੋ ਦਿਲ ਕਰੇ ਕਹਿ ਲਿਆ ਕਰ।’