ਅਚਾਨਕ ਕੁਛ ਬੱਚੇ ਖੇਡਦੇ-ਖੇਡਦੇ ਉਹਨਾਂ ਦੀ ਗਲੀ ਵੱਲ ਆ ਗਏ। ਪਹਿਲਾਂ ਇਹ ਬੱਚੇ ਗਲ਼ੀ ਤੋਂ ਹਟਕੇ ਖੁੱਲੇ ਮੈਦਾਨ ਵੱਲ ਖੇਲਦੇ ਸੀ ਅੱਜ ਉੱਥੇ ਕੋਈ ਪ੍ਰੋਗਰਾਮ ਰੱਖਿਆ ਹੋਣ ਕਰਕੇ ਇਹ ਬੱਚੇ ਆਸ-ਪਾਸ ਨੱਚਦੇ-ਟੱਪਦੇ ਇਧਰਲੀ ਗਲ਼ੀ ਵੱਲ ਆ ਗਏ। ਜਦ ਖਾਲਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਝਿੜਕ ਕੇ ਉਹਨਾਂ ਸਾਰਿਆਂ ਨੂੰ ਉੱਥੋਂ ਭਜਾ ਦਿੱਤਾ ਤੇ ਆਪ ਅੰਦਰ ਚਲੀ ਗਈ।
ਜਦੋਂ ਹੀ ਖਾਲਾ ਅੰਦਰ ਗਈ ਤਾਂ ਉਹ ਸ਼ਰਾਰਤੀ ਬੱਚੇ ਫਿਰ ਤੋਂ ਅੱਖ ਬਚਾ ਕੇ ਉੱਥੇ ਹੀ ਮੁੜ ਆ ਕੇ ਨੱਚਣ-ਟੱਪਣ ਲੱਗ ਪਏ। ਇਹ ਸਭ ਦੇਖ ਕੇ ਪਰਵੀਨ ਨੂੰ ਬੜਾ ਹਾਸਾ ਆਇਆ। ਉਹ ਬੱਚਿਆਂ ਨੂੰ ਇਸ ਤਰਾਂ ਨੱਚਦਾ-ਟੱਪਦਾ ਦੇਖਕੇ ਵੀ ਬੜੀ ਖੁਸ਼ ਹੋ ਰਹੀ ਸੀ। ਫਿਰ ਉਹ ਆਸੇ-ਪਾਸੇ ਦੇਖ ਕੇ ਉਹਨਾਂ ਵੱਲ ਨੂੰ ਚਲ ਪਈ।
‘ਓਏ ਬੱਚਿਓ ਤੁਸੀਂ ਜਾਓ ਖਾਲਾ ਆ ਗਈ ਤਾਂ ਡੰਡਾ ਲੈ ਕੇ ਲੱਤਾਂ ਭੰਨ ਦਓੂ ਤੁਹਾਡੀਆਂ।
”ਇਹ ਦੀਦੀ ਖੇਡ ਲੈਣ ਦਓੁ ਤਾਂ ਸਾਨੂੰ ਆਸ-ਪਾਸ ਕੋਈ ਨੀ ਖੇਡਣ ਦਿੰਦਾ ਇਧਰ ਆਏ ਤਾਂ ਖਾਲਾ ਮਾਰਨ ਪੈਂਦੀ ਆ ਤੇ ਹੁਣ ਤੁਸੀਂ ਵੀ….
‘ਮੈਨੂੰ ਤੁਹਾਡੇ ਖੇਡਣ ਤੋਂ ਇਤਰਾਜ਼ ਨੀ ਪਰ ਖਾਲਾ ਤਾਂ ਮੇਰੀ ਵੀ ਨੀਂ ਮੰਨਦੀ ਤੁਸੀਂ ਜਾਓ ਐਥੋਂ….
”ਠੀਕ ਹੈ ਦੀਦੀ ਜਾਂਦੇ ਆਂ ਪਰ ਜਦੋਂ ਅਸੀਂ ਵੱਡੇ ਹੋ ਗਏ ਨਾ ਉਦੋਂ ਜੇ ਖਾਲਾ ਨੇ ਸਾਨੂੰ ਇਧਰ ਆਉਣ ਤੋਂ ਰੋਕਿਆ ਤਾਂ ਅਸੀਂ ਕੁੱਟ ਦੇਣਾ ਖਾਲਾ ਨੂੰ।
‘ਹਾ-ਹਾ-ਹਾ ਤੁਸੀਂ ਤਾਂ ਹਜੇ ਭੋਲ਼ੇ ਓ ਜਦੋਂ ਤੁਸੀਂ ਵੱਡੇ ਹੋ ਗਏ ਫਿਰ ਤੁਹਾਡੇ ਇਧਰ ਆਉਣ ਤੇ ਗੁੱਸੇ ਨੀ ਹੋਇਆ ਕਰਨਾ ਸਗੋਂ ਉਸਨੇ ਤਾਂ ਚਾਹਿਆ ਕਰਨਾ ਕੀ ਤੁਸੀਂ ਰੋਜ਼ ਆਇਆ ਕਰੋ।
”ਉਹ ਅੱਛਾ ਉਦੋਂ ਸਾਡੇ ਕੋਲ ਪਾਪਾ ਵਾਂਗੂੰ ਪੈਸੇ ਹੋਇਆ ਕਰਨੇ ਨਾ ਫਿਰ ਖਾਲਾ ਨੇ ਪੈਸੇ ਲੈ ਲਿਆ ਕਰਨੇ ਸਾਡੇ ਤੋਂ ਇੱਥੇ ਖੇਡਣ ਦੇ।
”ਐਦਾਂ ਨਾ ਕਹੋ ਬੱਚੇ ਰੱਬ ਕਰੇ ਤੁਸੀਂ ਕਦੇ ਉਸ ਖੇਡ ਦੇ ਖਿਡਾਰੀ ਨਾ ਬਣੋ ਜੋ ਐਥੇ ਖੇਡੀ ਜਾਂਦੀ ਹੈ।
ਜੂਠੀ
ਮਸੀਂ ਕਿਤੇ ਜਾ ਕੇ ਰਾਧਿਕਾ ਨੂੰ ਦੁਪਹਿਰ ਦੀ ਰੋਟੀ ਖਾਣ ਦਾ ਸਮਾਂ ਮਿਲਿਆ ਸੀ ਹੁਣ ਗਪਲ-ਗਪਲ ਕਰਕੇ ਨਾਲ਼ੇ ਤਾਂ ਉਹ ਰੋਟੀ ਖਾਈ ਜਾਵੇ ਤੇ ਨਾਲ਼ੇ ਮਨ ਵਿੱਚ ਹੀ ਖਾਲਾ ਨੂੰ ਗਾਲਾਂ ਕੱਫੀ ਜਾਵੇ। ‘ਕੀ ਸਮਝਦੀ ਆ ਮਾਸੀ ਆਪਣੇ-ਆਪ ਨੂੰ ਅਗਲੇ ਦੀ ਭਾਵੇਂ ਜਾਨ ਨਿੱਕਲ ਜਾਵੇ ਪਰ ਇਹਨੂੰ ਤਾਂ ਬੱਸ ਨੋਟ ਜੋੜਨੇ ਦੀ ਪਈ ਰਹਿੰਦੀ ਆ।’ ਘੰਟਾ ਕੁ ਪਹਿਲਾਂ ਵੀ ਰਾਧਿਕਾ ਰੋਟੀ ਖਾਣ ਹੀ ਲੱਗੀ ਸੀ ਕਿ ਖਾਲਾ ਨੇ ਉਸਨੂੰ ਕਿਸੇ ਕਮਰੇ ਵਿੱਚ ਭੇਜ ਦਿੱਤਾ।
ਹੁਣ ਰਾਧਿਕਾ ਰੋਟੀ ਖਾਂਦੀ-ਖਾਂਦੀ ਵਾਰ-ਵਾਰ ਇਧਰ ਉਧਰ ਦੇਖੀ ਜਾ ਰਹੀ ਸੀ ਜਿਵੇਂ ਉਸਨੂੰ ਡਰ ਹੋਵੇ ਕਿ ਖਾਲਾ ਕਿਤੇ ਫਿਰ ਨਾ ਅਚਾਨਕ ਸਿਰ ਤੇ ਆ ਕੇ ਖੜ ਜਾਵੇ ਤੇ ਉਸਨੂੰ ਫਿਰ ਕਿਸੇ ਕਮਰੇ ਵਿੱਚ ਜਾਣਾ ਪਵੇ। ਜਦ ਨੂੰ ਅਚਾਨਕ ਦੀਪਕ ਅੰਦਰ ਆ ਗਿਆ। ‘ਹੌਲ਼ੀ ਖਾ ਲਾ ਮਰਲਾ ਪਿੱਛੇ ਪਿਆ ਕੋਈ?’
”ਤੈਨੂੰ ਪਤਾ ਈ ਆ ਕੌਣ ਆ ਐਥੇ ਪਿੱਛੇ ਪੈਣ ਵਾਲਾ ਆਉਂਦੀ ਈ ਹੁਣੀ ਆ ਹੈਥੇ ਕਿਤੇ ਤੁਰੀਉ……
‘ਚਲ ਉਹ ਵੀ ਗੱਲ ਤੇਰੀ ਠੀਕ ਆ ਚੰਗਾ ਤੂੰ ਖਾਹ ਰੋਟੀ।
”ਆਜਾ ਖਾ ਲਾ ਤੂੰ ਵੀ ਲਾ ਲਾ ਬੁਰਕੀ….
‘ਹਾ-ਹਾ ਮੈਂ ਕਿਉਂ ਤੇਰੀ ਜੂਠੀ ਖਾਵਾਂ ਖਾਈ ਚਲ ਆਪੇ।
ਇਹ ਕਹਿਕੇ ਦੀਪਕ ਬਾਹਰ ਚਲਾ ਗਿਆ। ਰਾਧਿਕਾ ਬੁਰਕੀ ਤੋੜਦੀ-ਤੋੜਦੀ ਮਨ ਵਿੱਚ ਸੋਚ ਰਹੀ ਸੀ ਕਿ ‘ਮਰਦ ਵੀ ਕੀ ਅਜ਼ੀਬ ਚੀਜ਼ ਆ ਦੁਨੀਆਂ ਤੇ ਰੋਟੀ ਨੂੰ ਇਹ ਜੂਠੀ ਦੇਖਕੇ ਮੂੰਹ ਨੀ ਲਾਉਂਦਾ ਰੋਟੀ ਤਾਂ ਕਿ ਇੱਕ ਬੁਰਕੀ ਨੂੰ ਵੀ ਨੀ ਤਿਆਰ ਪਰ ਔਰਤ ਇਸਨੂੰ ਚਾਹ ਕੀਵੇਂ ਦੀ ਵੀ ਦੇ ਦੋ ਕਾਲ਼ੀ-ਪਾਲ਼ੀ ਗਰੀਬ ਅਮੀਰ ਸੁੱਕੀ-ਸੜੀ ਇਹ ਉਸਤੇ ਭੁੱਖੇ ਸ਼ੇਰ ਵਾਂਗੂੰ ਝਪਟ ਪੈਂਦਾ।’
ਹੁਣ ਆਪਣਾ ਆਪ ਰਾਧਿਕਾ ਨੂੰ ਜੂਠੀ ਰੋਟੀ ਵਾਂਗ ਜੂਠਾ-ਜੂਠਾ ਜਿਹਾ ਲੱਗ ਰਿਹਾ ਸੀ ਜਿਵੇਂ ਉਹ ਸਾਰੀ ਦੀ ਸਾਰੀ ਜੂਠੀ ਹੀ ਹੋਵੇ।