ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਵਾਪਰੀ ਮੰਦਭਾਗੀ ਘਟਨਾ ਦੇ ਮੱਦੇਨਜ਼ਰ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੁੰ ਅਪੀਲ ਕੀਤੀ ਹੈ ਕਿ ਕੌਮੀ ਰਾਜਧਾਨੀ ਵਿਚ ਗੁਰਦੁਆਰਾ ਸਾਹਿਬ ਅੰਦਰ ਪੂਰੀ ਚੌਕਸੀ ਰੱਖੀ ਜਾਵੇ।
ਅੱਜ ਇਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਚ ਭਾਈ ਨੰਦ ਲਾਲ ਗੋਇਆ ਜੀ ਦੇ ਨਾਂ ‘ਤੇ ਬਣੇ ਲੰਗਰ ਹਾਲ ਦੇ ਉਦਘਾਟਨ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜੋ ਘਟਨਾ ਸ੍ਰੀ ਦਰਬਾਰ ਸਾਹਿਬ ਵਿਚ ਵਾਪਰੀ ਹੈ, ਉਹ ਬਹੁਤ ਹੀ ਮੰਦਭਾਗੀ ਹੈ ਜਿਸਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਉਹਨਾਂ ਕਿਹਾ ਕਿ ਉਹ ਗਿਆਨੀ ਬਲਜੀਤ ਸਿੰਘ ਦੇ ਅੱਗੇ ਨਤਮਸਤਕ ਹੁੰਦੇ ਹਨ ਜਿਹਨਾਂ ‘ਤੇ ਗੁਰੂ ਰਾਮ ਦਾਸ ਜੀ ਨੇ ਕ੍ਰਿਪਾ ਕੀਤੀ ਤੇ ਉਹ ਬਿਨਾਂ ਵਿਚਲਤ ਹੋਏ ਨਿਰਵਿਘਨ ਰਹਿਰਾਸ ਸਾਹਿਬ ਦਾ ਪਾਠ ਕਰਦੇ ਰਹੇ ਅਤੇ ਮੌਕੇ ‘ਤੇ ਹਾਜ਼ਰ ਸਿੰਘਾਂ ਨੇ ਉਸ ਦੁਸ਼ਟ ਨੁੰ ਕਾਬੂ ਕੀਤਾ।
ਸਰਦਾਰ ਕਾਲਕਾ ਨੇ ਕਿਹਾ ਕਿ ਉਹ ਅਫਗਾਨਿਸਤਾਨ ਸਿੱਖ ਭਾਈਚਾਰੇ ਖਾਸ ਤੌਰ ‘ਤੇ ਭਾਈ ਤੇਜਿੰਦਰ ਸਿੰਘ ਸੋਨੀ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਭਾਈ ਨੰਦ ਲਾਲ ਜੀ ਦੇ ਇਤਿਹਾਸ ਬਾਰੇ ਸਾਨੁੰ ਜਾਣੂ ਕਰਵਾਇਆ ਤੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੁੰ ਕਲਮ ਦੇ ਕੇ ਜ਼ਿੰਮੇਵਾਰੀ ਸੌਂਪੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਵੱਖੋ ਵੱਖ ਜ਼ਿੰਮੇਵਾਰੀਆਂ ਸੌਂਪੀਆਂ ਹਨ ਜੋ ਸਾਨੁੰ ਪੂਰੀਆਂ ਡੱਟ ਕੇ ਨਿਭਾਉਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜਦੋਂ ਭਾਈ ਨੰਦ ਲਾਲ ਜੀ ਦੀ ਸੇਵਾ ਬਾਰੇ ਸਾਨੁੰ ਜਾਣਕਾਰੀ ਮਿਲੀ ਤਾਂ ਅਸੀਂ ਉਦੋਂ ਹੀ ਫੈਸਲਾ ਕੀਤਾ ਕਿ ਭਾਈ ਸਾਹਿਬ ਦੇ ਨਾਂ ‘ਤੇ ਲੰਗਰ ਹਾਲ ਦੀ ਉਸਾਰੀ ਕੀਤੀ ਜਾਵੇਗੀ ਤੇ ਉਸਾਰੀ ਦੀ ਸੇਵਾ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਪੂਰਨ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਇਸ ਅਸਥਾਨ ‘ਤੇ ਵੱਡੇ ਹਾਲ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕੀਤਾ ਜਾਵੇਗਾ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਵੀ ਪੰਜਾਬ ਵਿਚ ਚੋਣਾਂ ਨੇੜੇ ਆਉਂਦੀਆਂ ਹਨ, ਬੇਅਦਬੀ ਵਰਗੀਆਂ ਮੰਦਭਾਗੀਆਂ ਘਟਨਾਵਾਂ ਗੁਰੂ ਘਰਾਂ ਵਿਚ ਵਾਪਰਣ ਲੱਗ ਪੈਂਦੀਆਂ ਹਨ ਜਿਹਨਾਂ ਦਾ ਮਕਸਦ ਕੌਮ ਨੁੰ ਦੋਫਾੜ ਕਰਨਾ, ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ, ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਰਹਿਮਤ ਹੈ ਕਿ ਕੌਮ ਹਮੇਸ਼ਾ ਚੜ੍ਹਦੀਕਲਾ ਵਿਚ ਰਹੀ ਹੈ ਤੇ ਹਮੇਸ਼ਾ ਰਹੇਗੀ।
ਇਸ ਮੌਕੇ ਉਹਨਾਂ ਨੇ ਸਮੁੱਚੀ ਸੰਗਤ ਦਾ ਖਾਸ ਤੌਰ ‘ਤੇ ਕਮੇਟੀ ਮੈਂਬਰਾਂ ਵਿਕਰਮ ਸਿੰਘ ਰੋਹਿਣੀ, ਬੀਬੀ ਰਣਜੀਤ ਕੌਰ, ਆਤਮਾ ਸਿੰਘ ਲੁਬਾਣਾ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਜੱਸਾ, ਹਰਪਾਲ ਸਿੰਘ ਕੋਛੜ, ਜਤਿੰਦਰਪਾਲ ਸਿੰਘ ਗੋਲਡੀ, ਜਸਮੀਰ ਸਿੰਘ ਖਾਲਸਾ, ਪਰਮਜੀਤ ਸਿੰਘ ਭਾਟੀਆ, ਜਸਪ੍ਰੀਤ ਸਿੰਘ ਵਿੱਕੀ ਮਾਨ, ਹਰਜੀਤ ਸਿੰਘ ਬੇਦੀ, ਮਨਜੀਤ ਸਿੰਘ ਆਦਿ ਦਾ ਧੰਨਵਾਦ ਕੀਤਾ।