ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) :- ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਕਰਨ ਦਾ ਯਤਨ ਕਰਨ ਦੀ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਕੇਂਦਰ ਸਰਕਾਰ ਕੋਲੋਂ ਇਸ ਘਟਨਾ ਪਿਛਲੀ ਸਾਜ਼ਿਸ਼ ਬੇਨਕਾਬ ਕਰਨ ਦੀ ਮੰਗ ਕੀਤੀ ਗਈ ਹੈ ।
ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਕਨਵੀਂਨਰ ਭਾਈ ਅਰਵਿੰਦਰ ਸਿੰਘ ਰਾਜਾ, ਮੈਂਬਰ ਭਾਈ ਮਲਕੀਤ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਨੇ ਕਿਹਾ ਕਿ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਘਿਨਾਉਣੀ ਕੋਸ਼ਿਸ਼, ਅਤਿ ਦੁਖਦਾਈ ਅਤੇ ਬੇਹੱਦ ਨਿੰਦਣਯੋਗ ਹੈ । ਇਸ ਗੁਨਾਹ ਦੀ ਨਿਖੇਧੀ ਸ਼ਬਦਾਂ ਨਾਲ ਨਹੀਂ ਕੀਤੀ ਜਾ ਸਕਦੀ। ਇਸ ਨੇ ਦੁਨੀਆ ਭਰ ‘ਚ ਵਸਦੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ, ਅਤੇ ਇਸ ਕਾਰਨ ਉਨ੍ਹਾਂ ਅੰਦਰ ਭਾਰੀ ਰੋਹ ਹੈ। ਵਿਸ਼ਵਾਸ ਨਹੀਂ ਹੁੰਦਾ ਕਿ ਕੋਈ ਵਿਅਕਤੀ ਕੁੱਲ ਮਨੁੱਖਤਾ ਦੇ ਸਭ ਤੋਂ ਪਵਿੱਤਰ ਅਸਥਾਨ ‘ਤੇ ਵੀ ਅਜਿਹੇ ਦੁਖਦਾਈ ਅਤੇ ਬੱਜਰ ਗੁਨਾਹ ਨੂੰ ਅੰਜਾਮ ਦੇ ਸਕਦਾ ਹੈ। ਇਸ ਘਟਨਾ ਦਾ ਕਿਸੇ ਡੂੰਘੀ ਸਾਜ਼ਿਸ਼ ਨਾਲ ਜੁੜੇ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਲਈ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਸਾਰੀ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤਾ ਜਾਣਾ ਚਾਹੀਦਾ ਹੈ, ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਆਪਣੇ ਪੱਧਰ ‘ਤੇ ਘਟਨਾ ਦੀ ਜਾਂਚ ਕਰੇ। ਸਾਰੇ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਜਾਣੇ ਚਾਹੀਦੇ ਹਨ ਕਿ ਇਹ ਵਿਅਕਤੀ ਕਿਸਦੇ ਨਾਲ ਅਤੇ ਕਿਵੇਂ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਇਆ ਤੇ ਜਦੋਂ ਇਹ ਸ੍ਰੀ ਦਰਬਾਰ ਸਾਹਿਬ ਵਿਚ ਮੁੱਖ ਥਾਂ ‘ਤੇ ਦਾਖਲ ਹੋਣ ਲੱਗਾ ਤਾਂ ਕੀ ਇਸਦੇ ਨਾਲ ਆਏ ਕਿੰਨੇ ਲੋਕ ਸਨ ਜੋ ਇਸਨੂੰ ਕੁਕਰਮ ਕਰਨ ਲਈ ਛੱਡ ਕੇ ਚਲੇ ਗਏ ਸਨ । ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀਆਂ ਦੀ ਤਹਿ ਤਕ ਜਾਣ ਲਈ ਇਸ ਮਾਮਲੇ ਅੰਦਰ ਐਸਜੀਪੀਸੀ ਵਲੋਂ ਬਣਾਈ ਜਾ ਰਹੀ ਕਮੇਟੀ ਨੂੰ ਅਖੰਡ ਕੀਰਤਨੀ ਜੱਥਾ ਹਰ ਤਰ੍ਹਾਂ ਦੀ ਮਦਦ ਕਰਨ ਨੂੰ ਤਿਆਰ ਹੈ ਅਤੇ ਕਿਹਾ ਕਿ ਜਰੂਰਤ ਪੈਣ ਤੇ ਸਾਡਾ ਇਕ ਮੈਂਬਰ ਵੀ ਕਮੇਟੀ ਵਿਚ ਸ਼ਾਮਿਲ ਕੀਤਾ ਜਾਏ ।
ਜਿਕਰਯੋਗ ਹੈ ਕਿ ਸ਼ਾਮ ਵੇਲੇ ਜਦੋ ਰਹਿਰਾਸ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ ਕਿ ਇੱਕ ਪ੍ਰਵਾਸੀ ਮਜਦੂਰ ਵਰਗੇ ਵਿਅਕਤੀ ਜਿਸ ਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਿਅਕਤੀ ਨੂੰ ਡਿਊਟੀ ‘ਤੇ ਬੈਠੇ ਸੇਵਾਦਾਰਾਂ ਨੇ ਫੜ ਲਿਆ ਤੇ ਬਾਅਦ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਤੇ ਟਾਸਕ ਫੋਰਸ ਦੇ ਹਵਾਲੇ ਕਰ ਦਿੱਤਾ। ਉਸ ਨੂੰ ਪਰਕਰਮਾ ਦੇ ਕਮਰੇ ਵਿੱਚ ਲਿਜਾ ਕੇ ਉਸ ਦੀ ਪੁੱਛ ਪੜਤਾਲ ਕੀਤੀ ਪਰ ਜਦੋਂ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਵੱਲ ਲਿਆਦਾ ਜਾ ਰਿਹਾ ਸੀ ਤਾਂ ਗੁੱਸੇ ਵਿਚ ਆਈ ਭੀੜ ਨੇ ਉਸ ਨੂੰ ਮਾਰ ਦਿੱਤਾ ਪਰ ਪ੍ਰਤੱਖ ਦਰਸ਼ਕਾਂ ਦਾ ਕਹਿਣਾ ਹੈ ਕਿ ਉਸ ਦੀ ਕੁੱਟਮਾਰ ਹੀ ਇੰਨੀ ਕੀਤੀ ਗਈ ਕਿ ਉਹ ਮਾਰਿਆ ਗਿਆ। ਮੌਕੇ ਤੇ ਮੌਜੂਦ ਸੰਗਤ ਨੇ ਇੱਕ ਦੁਸ਼ਟ ਨੂੰ ਸਜ਼ਾ ਦੇ ਕੇ ਆਪਣੀ ਜਿੰਮੇਵਾਰੀ ਨਿਭਾਈ ਸੀ । ਇਸ ਮੌਕੇ ਜੱਥੇ ਦੇ ਭਾਈ ਕੁਲਦੀਪ ਸਿੰਘ, ਭਾਈ ਹਰਜੀਤ ਸਿੰਘ ਬਰਮਨ, ਭਾਈ ਜਗਤਾਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਜਸਵਿੰਦਰ ਸਿੰਘ ਰਿੰਕਲ, ਭਾਈ ਗੁਰਮੇਲ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜ਼ਿਰ ਸਨ ।