ਗਲਾਸਗੋ ,(ਮਨਦੀਪ ਖੁਰਮੀ ਹਿੰਮਤਪੁਰਾ) “ਪ੍ਰਦੇਸ਼ਾਂ ‘ਚ ਵਸਦੇ ਪੰਜਾਬੀਆਂ ਦੀ ਸਾਹ ਰਗ ਪੰਜਾਬ ਦੀ ਧਰਤੀ ਨਾਲ ਹਮੇਸ਼ਾ ਜੁੜੀ ਰਹੇਗੀ। ਮਾਪੇ, ਘਰ ਪਰਿਵਾਰ, ਜ਼ਮੀਨ ਜਾਇਦਾਦ ਹਰ ਪ੍ਰਵਾਸੀ ਨੂੰ ਮੱਲੋਮੱਲੀ ਖਿੱਚ ਕੇ ਪੰਜਾਬ ਲੈ ਜਾਂਦੀ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਆਪਣੇ ਨਿੱਜ ਤੋਂ ਪਹਿਲਾਂ ਆਪਣੀ ਮਾਤ ਭੂਮੀ ਦੀ ਸੁੱਖ ਲੋੜਦੇ ਪ੍ਰਵਾਸੀ ਪੰਜਾਬੀਆਂ ਨੂੰ ਅਨੇਕਾਂ ਦੁਸ਼ਵਾਰੀਆਂ ਝੱਲਣੀਆਂ ਪੈਂਦੀਆਂ ਹਨ। ਅਨੇਕਾਂ ਮਸਲਿਆਂ ਵਿੱਚ ਹੁੰਦੀ ਖੱਜਲ ਖੁਆਰੀ ਆਪਣੀ ਹੀ ਮਾਤ ਭੂਮੀ ਨਾਲੋਂ ਮੋਹ ਭੰਗ ਹੋਣ ਦਾ ਕਾਰਨ ਬਣਦੀ ਹੈ। ਇਹਨਾਂ ਮੁਸ਼ਕਿਲਾਂ ਦੇ ਸਾਂਝੇ ਹੱਲ ਲਈ ਹੀ ਅਸੀਂ ਐੱਨ ਆਰ ਆਈ ਏਕਤਾ ਨਾਮ ਦੀ ਸੰਸਥਾ ਦਾ ਗਠਨ ਕੀਤਾ ਹੈ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਐੱਨ ਆਰ ਆਈ ਏਕਤਾ ਸੰਸਥਾ ਦੇ ਬਾਨੀ ਸੰਚਾਲਕ ਅਵਤਾਰ ਸਿੰਘ ਨੇ ਕੀਤਾ। ਉਹਨਾਂ ਬਹੁਤ ਹੀ ਭਰੋਸੇ ਨਾਲ ਕਿਹਾ ਕਿ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਸ ਸੰਸਥਾ ਨੂੰ ਮੰਚ ਵਜੋਂ ਤਿਆਰ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਨਾਲ ਨਿਰੰਤਰ ਰਾਬਤਾ ਵੀ ਬਣਾਇਆ ਹੋਇਆ ਹੈ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਐੱਨ ਆਰ ਆਈ ਭਰਾਵਾਂ ਦੀ ਏਕਤਾ ਹੋਣੀ ਵੀ ਸਮੇਂ ਦੀ ਮੁੱਖ ਮੰਗ ਹੈ। ਜੇਕਰ ਅਸੀਂ ਖੁਦ ਇੱਕਮੁੱਠ ਹੋ ਕੇ ਆਪਣੇ ਦੁੱਖ ਦਰਦ ਸਾਂਝੇ ਮੰਚ ਰਾਹੀਂ ਸਰਕਾਰ ਦੇ ਧਿਆਨ ‘ਚ ਲਿਆਵਾਂਗੇ ਤਾਂ ਹੀ ਉਹਨਾਂ ਦਾ ਕੋਈ ਸਾਰਥਿਕ ਹੱਲ ਨਿੱਕਲ ਸਕਦਾ ਹੈ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਐੱਨ ਆਰ ਆਈ ਏਕਤਾ ਸੰਸਥਾ ਦਾ ਮੁਢਲਾ ਢਾਂਚਾ ਬਰਤਾਨੀਆ ਦੀ ਧਰਤੀ ‘ਤੇ ਤਿਆਰ ਕੀਤਾ ਜਾ ਚੁੱਕਾ ਹੈ ਤੇ ਬਹੁਤ ਜਲਦੀ ਹੀ ਯੂਰਪ ਭਰ ਵਿੱਚ ਇਕਾਈਆਂ ਸਥਾਪਿਤ ਕਰਨ ਦੀ ਮੁਹਿੰਮ ਵੀ ਵਿੱਢੀ ਜਾਵੇਗੀ। ਉਹਨਾਂ ਕਿਹਾ ਕਿ ਮੁਢਲੇ ਦੌਰ ਵਿੱਚ ਹੀ ਸੰਸਥਾ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਸਰਕਾਰ ਨਾਲ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਤੇ ਰੂਪ ਰੇਖਾ ਉਲੀਕ ਕੇ ਸਰਕਾਰ ਨੂੰ ਤੁਰੰਤ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ ਸਾਰਥਿਕ, ਸੌਖਾ ਤੇ ਜਲਦ ਹੱਲ ਕੱਢਣ ਦੀ ਪ੍ਰਕਿਿਰਆ ਬਣਾਉਣ ਦੀ ਬੇਨਤੀ ਕੀਤੀ ਜਾਵੇਗੀ।
ਯੂਕੇ : ਐੱਨ ਆਰ ਆਈ ਏਕਤਾ ਸੰਸਥਾ ਰਾਹੀਂ ਪ੍ਰਵਾਸੀ ਪੰਜਾਬੀਆਂ ਦੇ ਮੁੱਦੇ ਉਭਾਰਾਂਗੇ- ਅਵਤਾਰ ਸਿੰਘ
This entry was posted in ਅੰਤਰਰਾਸ਼ਟਰੀ.