ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਡਿਗਰੀ ਵੰਡ ਸਮਾਗਮ ਦੌਰਾਨ ਲਿਬਰਲ ਆਰਟਸ, ਸਾਇੰਸਜ਼ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਟੀਚਰ ਟ੍ਰੇਨਿੰਗ ਐਂਡ ਰਿਸਰਚ ਵਿਭਾਗਾਂ ਦੇ 2021 ਪਾਸਆਊਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਡਿਗਰੀ ਵੰਡ ਸਮਾਗਮ ਦੌਰਾਨ ਕੁੱਲ 1552 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ।ਇਸ ਤੋਂ ਇਲਾਵਾ ਅਕਾਦਮਿਕ ਖੇਤਰ ’ਚ ਮੈਰਿਟ ਲਿਸਟ ਵਿੱਚ ਆਉਣ ਵਾਲੇ ਕੁੱਲ 30 ਵਿਦਿਆਰਥੀਆਂ ਨੂੰ ਸੋਨੇ ਦੇ ਤਮਗ਼ੇ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ’ਚ 18 ਗ੍ਰੈਜੂਏਟ ਅਤੇ 12 ਪੋਸਟਗ੍ਰੈਜੂਏਟ ਵਿਦਿਆਰਥੀਆਂ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ 28 ਵਿਦਿਆਰਥੀਆਂ ਨੂੰ ਪੀ.ਐਚ.ਡੀ ਸਬੰਧੀ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਸਮਾਗਮ ਦੌਰਾਨ ਵਿਦੇਸ਼ ਮਾਮਲਿਆਂ ਸਬੰਧੀ ਵਿਭਾਗ ਦੇ ਇੰਚਾਰਜ ਡਾ. ਵਿਜੇ ਚੌਥਾਈਵਾਲੇ ਅਤੇ ਰੰਗਮੰਚ ਦੀ ਉਘੀ ਨਿਰਦੇਸ਼ਕਾ ਪਦਮਸ਼੍ਰੀ ਡਾ. ਨੀਲਮ ਮਾਨਸਿੰਘ ਚੌਧਰੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਡਿਗਰੀਆਂ ਭੇਂਟ ਕੀਤੀਆਂ। ਇਸ ਦੌਰਾਨ ਨੀਤੀ ਆਯੋਗ ’ਚ ਭਾਰਤ ਰੂਸ ਦੁਵੱਲੀ ਕੌਂਸਲ ਦੇ ਮੈਂਬਰ ਅਸ਼ਵਿਨ ਜ਼ੌਹਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਉਚੇਚੇ ਤੌਰ ’ਤੇ ਹਾਜ਼ਰ ਸਨ।
ਕਨਵੋਕੇਸ਼ਨ ਤਕਰੀਰ ਦੌਰਾਨ ਡਾ. ਵਿਜੇ ਚੌਥਾਈਵਾਲੇ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਮੌਕਿਆਂ ਨਾਲ ਭਰਪੂਰ ਧਰਤੀ ਹੈ ਅਤੇ ਪਾਸਆਊਟ ਵਿਦਿਆਰਥੀ ਇਨ੍ਹਾਂ ਦੀ ਯੋਗ ਵਰਤੋਂ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ ਵਿਅਕਤੀਗਤ ਜੀਵਨ ਵਿੱਚ ਬੁਲੰਦੀਆਂ ਨੂੰ ਛੂਹਣ ਦੇ ਨਾਲ-ਨਾਲ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਨਾਗਰਿਕਾਂ ਸਮੇਤ ਵਿਅਕਤੀਗਤ ਤੌਰ ’ਤੇ ਬੇਮਿਸਾਲ ਹੈ ਅਤੇ ਜਦੋਂ ਆਪਸੀ ਸਹਿਯੋਗ ਨਾਲ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਹੋਰ ਸੁਧਾਰਾਂ ਦੀ ਗੁੰਜਾਇਸ਼ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਸ਼ਵ ਭਰ ਦੀਆਂ ਨਾਮਵਰ ਯੂਨੀਵਰਸਿਟੀਆਂ ਦੇ ਨਾਲ ਅੰਤਰਰਾਸ਼ਟਰੀ ਗਠਜੋੜਾਂ ਵਿੱਚ ਮੋਹਰੀ ਸੰਸਥਾ ਵਜੋਂ ਉੱਭਰੀ ਹੈ, ਖਾਸ ਕਰਕੇ ਗੁਣਵੱਤਾਪੂੂਰਨ ਖੋਜ ਕਾਰਜਾਂ ਅਤੇ ਤਕਨੀਕੀ ਵਿਕਾਸ ਦੇ ਖੇਤਰਾਂ ਵਿੱਚ ’ਵਰਸਿਟੀ ਦੀ ਕਾਰਗੁਜ਼ਾਰੀ ਸ਼ਾਲਾਘਾਯੋਗ ਰਹੀ ਹੈ।
ਜ਼ਿੰਦਗੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਵੇਲੇ ਉਨ੍ਹਾਂ ਵਿਦਿਆਰਥੀਆਂ ਨੂੰ ਤਿੰਨ ਸਿਧਾਂਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪਹਿਲੀ ਤਰਜੀਹ ਆਪਣੇ ਆਪ ਨੂੰ ਨਵੇਂ ਗਿਆਨ ਅਤੇ ਹੁਨਰਾਂ ਨਾਲ ਅਪਡੇਟ ਰੱਖਣ ਸਬੰਧੀ ਹੋਣੀ ਜ਼ਰੂਰੀ ਹੈ। ਦੂਜਾ, ਵਿਦਿਆਰਥੀ ਨਵੀਆਂ ਚੁਣੌਤੀਆਂ ਅਤੇ ਜ਼ੋਖ਼ਮਾਂ ਨੂੰ ਲੈ ਕੇ ਹਰ 4-5 ਸਾਲਾਂ ਵਿੱਚ ਆਪਣੇ ਆਪ ਨੂੰ ਮੁੜ ਖੋਜਣ ਅਤੇ ਤੀਜਾ, ਵਿਦਿਆਰਥੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨ ਕਿ ਉਨ੍ਹਾਂ ਦਾ ਗਿਆਨ ਅਤੇ ਤਜ਼ਰਬਾ ਸਮਾਜਿਕ ਤੌਰ ’ਤੇ ਲੋਕਾਂ ਦੀ ਸਾਰਥਿਕ ਸਿੱਧ ਹੋਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਸਦਕਾ ਭਾਰਤ ਵਿਸ਼ਵ ਮਹਾਂਸ਼ਕਤੀ ਵਜੋਂ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਮੇਂ ਭਾਰਤ ਵਿੱਚ ਜੋ ਵੇਖ ਰਹੇ ਹਾਂ, ਉਹ ਸਾਡਾ ਸੁਨਹਿਰੀ ਪੜਾਅ ਹੈ ਪਰ ਸਿਖਰ ਹਾਲੇ ਆਉਣਾ ਬਾਕੀ ਹੈ। ਮੌਕਿਆਂ ਭਰਪੂਰ ਭਾਰਤ ਦੀ ਧਰਤੀ ਦਾ ਵਿਦਿਆਰਥੀ ਸਰਵੋਤਮ ਉਪਯੋਗ ਕਰਨ। ਕੇਵਲ ਤਕ ਹੀ ਵਿਦਿਆਰਥੀ ਆਪਣੇ ਵਿਅਕਤੀਗਤ ਜੀਵਨ ਵਿੱਚ ਉਚਾਈਆਂ ਪ੍ਰਾਪਤ ਕਰ ਸਕਦੇ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦੇ ਹਨ।
ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਨੀਲਮ ਮਾਨਸਿੰਘ ਚੌਧਰੀ ਨੇ ਕਿਹਾ ਕਿ ਇਹ ਇੱਕ ਯਾਦਗਾਰੀ ਪਲ ਹੁੰਦਾ ਹੈ, ਜਦੋਂ ਤੁਸੀਂ ਭਵਿੱਖ ਵਿੱਚ ਨਵੀਂ ਸ਼ੁਰੂਆਤ ਲਈ ਚਿੰਤਤ ਹੁੰਦੇ ਹੋ। ਤੁਹਾਨੂੰ ਅਧਿਆਪਕਾਂ, ਦੋਸਤਾਂ ਅਤੇ ਕਂੈਪਸ ਛੱਡਣ ਲਈ ਇੱਕ ਅਜੀਬ ਕਿਸਮ ਦੇ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਅੱਜ ਦਾ ਦਿਨ ਭਵਿੱਖ ਦੇ ਸਫ਼ਰ ਵਿੱਚ ਤੁਹਾਡੀ ਫੈਸਲੇ ਲੈਣ ਦੀ ਸਮਰੱਥਾ ਨੂੰ ਬਣਾਉਣ ਵਾਲਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਚਾਹੇ ਤੁਸੀਂ ਸ਼ੈਫ਼ ਬਣਨਾ ਚਾਹੁੰਦੇ ਹੋ ਜਾਂ ਪੱਤਰਕਾਰ, ਲੇਖਕ, ਡਾਕਟਰ, ਅਦਾਕਾਰ ਜਾਂ ਫਿਰ ਅਧਿਆਪਕ ਤੁਹਾਨੂੰ ਬਸ ਆਤਮ ਵਿਸ਼ਵਾਸ਼ ਨਾਲ ਅੱਗੇ ਵਧਣਾ ਹੋਵੇਗਾ। ਜਦੋਂ ਤੁਸੀਂ ਆਪਣੀ ਰੁਚੀ ਅਤੇ ਇੱਛਾ ਅਨੁਸਾਰ ਕਿਸੇ ਵੀ ਖੇਤਰ ਵਿੱਚ ਕਰੀਅਰ ਬਣਾਉਣ ਜਾਂਦੇ ਹੋ ਤਾਂ ਕਿਸਮਤ ਤੁਹਾਡਾ ਸਾਥ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਸਫ਼ਲਤਾ ਤੋਂ ਡਰਨ ਦੀ ਬਜਾਏ ਸਾਨੂੰ ਹਰ ਚੁਣੌਤੀ ਦਾ ਨਿਡਰਤਾ ਨਾਲ ਸਾਹਮਣਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇੱਕ ਮੱਧ ਵਰਗੀ ਪਰਿਵਾਰ ਵਿੱਚ ਫ਼ਿਲਮ, ਸਿਨੇਮਾ ਦੇ ਖੇਤਰ ਨੂੰ ਸਿਰਫ਼ ਇੱਕ ਆਦਤ ਵਜੋਂ ਵੇਖਿਆ ਜਾਂਦਾ ਹੈ, ਜਿੱਥੇ ਇਸ ਨੂੰ ਕਰੀਅਰ ਦੇ ਚੰਗੇ ਵਿਕਲਪ ਵਜੋਂ ਨਹੀਂ ਦੇਖਿਆ ਜਾਂਦਾ।ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਲਾ, ਸਿਨੇਮਾ ਵਰਗੀ ਸਿੱਖਿਆ ਵਿੱਚ ਬਦਲਾਅ ਦੀ ਸਮਰੱਥਾ ਹੁੰਦੀ ਹੈ, ਜਿਸ ਨਾਲ ਸਮਾਜ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ ਡਿਗਰੀ ਵੰਡ ਸਮਾਗਮ ਦੌਰਾਨ ਲਿਬਰਲ ਆਰਟਸ, ਸਾਇੰਸਜ਼ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਟੀਚਰ ਟ੍ਰੇਨਿੰਗ ਐਂਡ ਰਿਸਰਚ ਵਿਭਾਗਾਂ ਦੇ ਅਕਾਦਮਿਕ ਵਰ੍ਹੇ 2020-21 ਦੇ ਪਾਸਆਊਟ ਕੁੱਲ 1552 ਵਿਦਿਆਰਥੀਆਂ ਡਿਗਰੀਆਂ ਦੀ ਵੰਡ ਕੀਤੀ ਗਈ। ਇਸ ’ਚ 430 ਵਿਦਿਆਰਥੀ ਲਿਬਰਲ ਆਰਟਸ ਨਾਲ ਸਬੰਧਿਤ ਸਨ ਜਦਕਿ 987 ਵਿਦਿਆਰਥੀ ਸਾਇੰਸਜ਼ ਅਤੇ 135 ਵਿਦਿਆਰਥੀ ਇੰਸਟੀਚਿਊਟ ਆਫ਼ ਟੀਚਰ ਟ੍ਰੇਨਿੰਗ ਐਂਡ ਰਿਸਰਚ ਵਿਭਾਗ ਨਾਲ ਸਬੰਧਿਤ ਸਨ। ਸਮਾਗਮ ਦੌਰਾਨ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ ਇੰਸਟੀਚਿਊਟ ਅਧੀਨ ਪੀ.ਜੀ.ਡਿਪਲੋਮਾ ਇਨ ਯੋਗਾ ਐਜੂਕੇਸ਼ਨ ਦੇ 8, ਬੀ.ਐਸਸੀ ਬੀ.ਐਡ ਦੇ 29, ਬੀ.ਪੀ.ਐਡ ਦੇ 33, ਬੀ.ਐਡ ਦੇ 34 ਅਤੇ ਬੀ.ਏ ਦੇ 31 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਲਿਬਰਲ ਆਰਟਸ ਵਿਭਾਗ ਦੇ ਅੰਤਰਗਤ ਬੀ.ਐਸ.ਸੀ (ਐਨੀਮੇਸ਼ਨ, ਵੀ.ਐਫ਼.ਐਕਸ ਐਂਡ ਗੇਮਿੰਗ) ਦੇ 94, ਫ਼ਿਲਮ ਸਟੱਡੀਜ਼ ਦੇ 6, ਐਮ.ਐਸ.ਸੀ ਐਨੀਮੇਸ਼ਨ ਐਂਡ ਮਲਟੀਮੀਡੀਆ ਦੇ 21, ਬੈਚਲਰ ਆਫ਼ ਆਰਕੀਟੈਕਚਰ ਦੇ 53, ਮਾਸਟਰ ਆਫ਼ ਆਰਕੀਟੈਕਚਰ ਦੇ 1, ਬੈਚਲਰ ਆਫ਼ ਡਿਜ਼ਾਇਨ (ਇੰਡਸਟਰੀਅਲ ਡਿਜ਼ਾਇਨ) ਦੇ 5, ਬੀ.ਜੇ.ਐਮ.ਸੀ ਦੇ 112, ਬੈਲਚਰ ਆਫ਼ ਫਾਈਨ ਆਰਟਸ ਦੇ 16, ਬੀ.ਐਸ.ਸੀ ਫੈਸ਼ਨ ਡਿਜ਼ਾਇਨ ਦੇ 32, ਬੀ.ਐਸਸੀ ਇੰਟੀਰਿਅਰ ਡਿਜ਼ਾਈਨ ਦੇ 21, ਐਮ.ਏ ਇੰਗਲਿਸ਼ ਦੇ 8, ਐਮ.ਏ ਸਾਇਕਲੌਜ਼ੀ ਦੇ 21, ਐਮ.ਏ ਕਲੀਨੀਕਲ ਸਾਈਕਲੌਜੀ ਦੇ 7 ਅਤੇ ਐਮ.ਜੇ.ਐਮ.ਸੀ ਦੇ 33 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸਾਇੰਸਜ਼ ਵਿਭਾਗ ਦੇ ਬੀ.ਐਸ.ਸੀ ਐਮ.ਐਲ.ਟੀ ਦੇ 45, ਬੈਚਲਰ ਆਫ਼ ਓਪਟੋਮੈਟ੍ਰੀ ਦੇ 36, ਬੀ.ਫ਼ਾਰਮਾਂ ਦੇ 50, ਬੀ.ਐਸ.ਸੀ ਬਾਇਓਟੈਕਨਾਲੋਜੀ ਦੇ 136, ਬੀ.ਐਸ.ਸੀ ਐਗਰੀਕਲਚਰ ਹਦੇ 270, ਬੀ.ਐਸ.ਸੀ ਨਾਨਮੈਡੀਕਲ ਦੇ 48, ਬੀ.ਐਸ.ਸੀ ਮੈਡੀਕਲ ਦੇ 26, ਬੀ.ਐਸ.ਸੀ ਐਗਰੀ-ਬਿਜ਼ਨਸ ਦੇ 4, ਐਮ.ਐਸ.ਸੀ ਇੰਡਸਟਰੀਅਲ ਮਾਇਕ੍ਰੋਬਾਇਓਲਾੱਜੀ ਦੇ 39, ਐਮ.ਐਸ.ਸੀ ਬਾਇਓਟੈਕਨਾਲੋਜੀ ਦੇ 87, ਐਮ.ਐਸ.ਸੀ ਫੋ੍ਰਰੈਂਸਿਕ ਸਾਇੰਸ ਦੇ 16, ਐਮ.ਐਸ.ਸੀ ਫਿਜ਼ੀਕਸ ਦੇ 50, ਐਮ.ਐਸ.ਸੀ ਕੈਮਿਸਟਰੀ ਦੇ 122, ਐਮ.ਐਸ.ਸੀ ਮੈਥੇਮੈਟਿਕ ਦੇ 19 ਅਤੇ ਬੀ.ਐਸ.ਸੀ ਨਿਊਟ੍ਰੀਸ਼ਨ ਐਂਡ ਡਾਇਟਿਕਸ ਦੇ 39 ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ ਗਈਆਂ।
ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਉੱਥੋਂ ਦੇ ਹੁਨਰਵੰਦ ਵਿਦਿਆਰਥੀਆਂ ’ਤੇ ਨਿਰਭਰ ਕਰਦੀ ਹੈ ਅਤੇ ਵਿਦਿਅਕ ਸੰਸਥਾਵਾਂ ਆਪਣੇ ਉੱਚ ਪੱਧਰੀ ਵਿਦਿਅਕ ਮਾਡਲ, ਖੋਜ, ਪਲੇਸਮੈਂਟਾਂ ਅਤੇ ਸਮਾਜਕ ਕਾਰਜਾਂ ਰਾਹੀਂ ਰਾਸ਼ਟਰ ਦੀ ਤਰੱਕੀ ’ਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਜਿੱਥੇ ਵਿਦਿਆਰਥੀਆਂ ਨੂੰ ਉਚ ਦਰਜੇ ਦੀ ਸਿੱਖਿਆ ਮੁਹੱਈਆ ਕਰਵਾ ਰਹੀ ਹੈ ਉਥੇ ਹੀ ਖੋਜ, ਕਾਰਜਾਂ, ਅੰਤਰਰਾਸ਼ਟਰੀ ਗਠਜੋੜਾਂ, ਪਲੇਸਮੈਂਟਾਂ ਰਾਹੀਂ ਵਿਦਿਆਰਥੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧਤਾ ਦੁਹਰਾਉਂਦੀ ਹੈ।