ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)- ਅਭਿਨੇਤਰੀ ਕੰਗਨਾ ਰਣੌਤ ਸੋਸ਼ਲ ਮੀਡੀਆ ‘ਤੇ ਕਿਸਾਨਾਂ ਖਿਲਾਫ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਵੀਰਵਾਰ ਨੂੰ ਮੁੰਬਈ ਪੁਲਸ ਦੇ ਸਾਹਮਣੇ ਪੇਸ਼ ਹੋਈ। ਇਹ ਜਾਣਕਾਰੀ ਅਦਾਕਾਰਾ ਦੇ ਵਕੀਲ ਨੇ ਦਿੱਤੀ। ਕੰਗਨਾ ਨੇ ਕਥਿਤ ਤੌਰ ‘ਤੇ ਕਿਸਾਨ ਅੰਦੋਲਨ ਨੂੰ ਵੱਖਵਾਦੀ ਸਮੂਹ ਨਾਲ ਜੋੜਿਆ ਸੀ। ਕੰਗਨਾ ਸਵੇਰੇ ਕਰੀਬ 11 ਵਜੇ ਖਾਰ ਥਾਣੇ ਪਹੁੰਚੀ। ਇਕ ਸਿੱਖ ਸੰਗਠਨ ਦੀ ਸ਼ਿਕਾਇਤ ‘ਤੇ ਪਿਛਲੇ ਮਹੀਨੇ ਖਾਰ ਪੁਲਸ ਸਟੇਸ਼ਨ ‘ਚ ਕੰਗਨਾ ਖਿਲਾਫ ਐੱਫ.ਆਈ.ਆਰ. ਦਰਜ਼ ਕੀਤੀ ਗਈ ਸੀ । ਕੰਗਨਾ ਦੇ ਵਕੀਲ ਰਿਜ਼ਵਾਨ ਸਿੱਦੀਕੀ ਨੇ ਦੱਸਿਆ ਕਿ ਅਭਿਨੇਤਰੀ ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਲਈ ਥਾਣੇ ਪਹੁੰਚੀ। ਪੁਲਿਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਸਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਸੀ। ਕੰਗਨਾ ਦੇ ਵਕੀਲ ਨੇ ਬੰਬੇ ਹਾਈ ਕੋਰਟ ਨੂੰ ਕਿਹਾ ਸੀ ਕਿ ਉਹ 22 ਦਸੰਬਰ ਨੂੰ ਖਾਰ ਪੁਲਿਸ ਦੇ ਸਾਹਮਣੇ ਪੇਸ਼ ਹੋਵੇਗੀ। ਬੁੱਧਵਾਰ ਨੂੰ ਉਸ ਦੇ ਵਕੀਲ ਨੇ ਪੇਸ਼ ਹੋਣ ਲਈ ਦੂਜੀ ਤਰੀਕ ਲਈ ਬੇਨਤੀ ਕੀਤੀ ਸੀ। ਮੁੰਬਈ ਪੁਲਿਸ ਨੇ ਪਹਿਲਾਂ ਬੰਬੇ ਹਾਈ ਕੋਰਟ ਨੂੰ ਕਿਹਾ ਸੀ ਕਿ ਉਹ ਕੰਗਨਾ ਨੂੰ 25 ਜਨਵਰੀ, 2022 ਤੱਕ ਉਸਦੀ ਸੋਸ਼ਲ ਮੀਡੀਆ ਪੋਸਟ ਲਈ ਗ੍ਰਿਫਤਾਰ ਨਹੀਂ ਕਰੇਗੀ, ਜਿਸ ਵਿੱਚ ਕਥਿਤ ਤੌਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨਾਂ ਨੂੰ ਵੱਖਵਾਦੀ ਸਮੂਹ ਨਾਲ ਜੋੜਿਆ ਗਿਆ ਸੀ।
ਹਾਈ ਕੋਰਟ ਨੇ ਕਿਹਾ ਸੀ ਕਿ ਇਹ ਮੁੱਦਾ ਕੰਗਨਾ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਦਾ ਵੱਡਾ ਸਵਾਲ ਹੈ ਅਤੇ ਅਦਾਲਤ ਨੂੰ ਉਸ ਨੂੰ ਕੁਝ ਅੰਤਰਿਮ ਰਾਹਤ ਦੇਣੀ ਪਵੇਗੀ।
ਕੰਗਨਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਹਾਈਕੋਰਟ ਦਾ ਰੁਖ ਕੀਤਾ ਸੀ ਅਤੇ ਖਾਰ ਪੁਲਿਸ ਸਟੇਸ਼ਨ ਵਿੱਚ ਉਸਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਅਭਿਨੇਤਰੀ ਦੇ ਖਿਲਾਫ ਐਫਆਈਆਰ ਇੱਕ ਸਿੱਖ ਸੰਸਥਾ ਦੇ ਕੁਝ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੰਗਨਾ ਨੇ ਆਪਣੇ ‘ਇੰਸਟਾਗ੍ਰਾਮ’ ‘ਤੇ ਇੱਕ ਪੋਸਟ ਰਾਹੀਂ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਵਜੋਂ ਪੇਸ਼ ਕੀਤਾ ਹੈ।
ਪੁਲਿਸ ਨੇ ਕੰਗਨਾ ਦੇ ਖਿਲਾਫ ਹਿੰਦੁਸਤਾਨੀ ਦੰਡਾਵਲੀ ਦੀ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ ।