ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਦੇਸ਼ ਭਰ ਵਿੱਚ ਲੱਖਾਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਦੁਆਰਾ ਪਿਛਲੇ ਮਹੀਨੇ ਵਾਪਸ ਲਏ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਮੁੜ ਲਾਗੂ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਤੋਮਰ ਨੇ ਵਿਵਾਦਤ ਕਾਨੂੰਨਾਂ ਨੂੰ ਰੱਦ ਕਰਨ ਲਈ “ਕੁਝ ਲੋਕਾਂ” ਨੂੰ ਦੋਸ਼ੀ ਠਹਿਰਾਇਆ। ਜਿਸ ਤਰ੍ਹਾਂ ਇਹ ਕਾਨੂੰਨ ਪਾਰਲੀਮੈਂਟ ਵਿੱਚ ਬਿਨਾਂ ਬਹਿਸ ਅਤੇ ਵਿਚਾਰ-ਵਟਾਂਦਰੇ ਤੋਂ ਪਾਸ ਕੀਤੇ ਗਏ ਸਨ, ਉਸੇ ਤਰ੍ਹਾਂ ਹੀ ਵਾਪਸ ਲੈ ਲਏ ਗਏ। ਖੇਤੀ ਮੰਤਰੀ ਦੇ ਬਿਆਨ ਤੋਂ ਅਜਿਹੇ ਸੰਕੇਤ ਮਿਲੇ ਹਨ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਮੁੜ ਤੋਂ ਲਾਗੂ ਕਰ ਸਕਦੀ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ, “ਅਸੀਂ ਖੇਤੀਬਾੜੀ ਸੋਧ ਕਾਨੂੰਨ ਲਿਆਂਦਾ ਸੀ। ਪਰ ਕੁਝ ਲੋਕਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਆਇਆ। ਇਹ ਆਜ਼ਾਦੀ ਦੇ 70 ਸਾਲਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਵੱਡਾ ਸੁਧਾਰ ਸੀ, ਪਰ ਸਰਕਾਰ ਨਿਰਾਸ਼ ਨਹੀਂ ਹੋਈ। ਅਸੀਂ ਮੁੜ ਅੱਗੇ ਵਧਾਂਗੇ ਕਿਉਂਕਿ ਕਿਸਾਨ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਅਤੇ ਪੰਜਾਬ ਜਿੱਥੇ ਕਿਸਾਨਾਂ ਦੀਆਂ ਵੋਟਾਂ ਮਹੱਤਵਪੂਰਨ ਹਨ, ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਇੱਕ ਹੈਰਾਨੀਜਨਕ ਘੋਸ਼ਣਾ ਕੀਤੀ ਸੀ ਕਿ ਤਿੰਨੋਂ ਖੇਤੀਬਾੜੀ ਕਾਨੂੰਨ ਵਾਪਸ ਲੈ ਲਏ ਜਾਣਗੇ। ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਸਮੇਤ ਕੁਝ ਬੰਦਿਆਂ ਵਲੋਂ ਤਿੰਨਾਂ ਕਾਨੂੰਨਾਂ ਦਾ ਬਚਾਅ ਕਰਦੇ ਨਜ਼ਰ ਆਏ ਸਨ । ਪਰ ਅਚਾਨਕ ਸਰਕਾਰ ਦੇ ਕਨੂੰਨ ਵਾਪਿਸੀ ਦੇ ਐਲਾਨ ਤੋਂ ਬਾਅਦ ਸਵਾਲ ਉੱਠਣੇ ਸ਼ੁਰੂ ਹੋ ਗਏ। ਵਿਰੋਧੀ ਧਿਰ ਨੇ ਕਿਹਾ ਕਿ ਇਹ ਕਦਮ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਗਿਆ ਹੈ।