ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਵੱਲੋਂ ਪੁਲਿਸ ਮੁਲਾਜ਼ਮਾਂ ਸਬੰਧੀ ਵਰਤੀ ਗਈ ਮੰਦੀ ਸ਼ਬਦਾਵਲੀ ਤੇ ਦੁੱਖ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਨਾਲ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ।ਪੰਜਾਬ ਨੂੰ ਕਾਲੇ ਦੌਰ ਤੋਂ ਬਾਹਰ ਕੱਢਣ ਲਈ 1700 ਤੋਂ ਵੀ ਵੱਧ ਪੰਜਾਬ ਪੁਲਿਸ ਦੇ ਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਹੁਣ ਕਾਂਗਰਸੀ ਆਗੂ, ਉਹ ਵੀ ਸੂਬਾ ਪ੍ਰਧਾਨ, ਵੱਲੋਂ ਪੁਲਿਸ ਦਾ ਮਜ਼ਾਕ ਉਡਾਇਆ ਜਾਣਾ ਬਹੁਤ ਹੀ ਸ਼ਰਮਨਾਕ ਹੈ।
ਆਗੂਆਂ ਨੂੰ ਇੱਜ਼ਤ ਕਮਾਉਣ ਲਈ ਦੂਜਿਆਂ ਨੂੰ ਸਨਮਾਨ ਦੇਣਾ ਵੀ ਜ਼ਰੂਰੀ ਹੈ।
ਦੂਜੇ ਪਾਸੇ ਕਾਂਗਰਸ ਦੇ ਆਗੂ ਆਪਣੀਆਂ ਮਨ ਦੀਆਂ ਕਰਨ ਲਈ ਹਰ ਦੂਜੇ ਦਿਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੰਦੇ ਹਨ।
ਗ੍ਰਹਿ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ, ਇਹ ਨਾ ਸਿਰਫ ਫੋਰਸ ਦੇ ਮਨੋਬਲ ਨੂੰ ਤੋੜਦਾ ਹੈ, ਬਲਕਿ ਇਹ ਇੱਕ ਸਪੱਸ਼ਟ ਸੰਕੇਤ ਵੀ ਹੈ ਕਿ ਕਾਂਗਰਸ ਨੇਤਾਵਾਂ ਨੂੰ ਸਾਡੇ ਪੁਲਿਸ ਮੁਲਾਜ਼ਮਾਂ ‘ਤੇ ਕੋਈ ਭਰੋਸਾ ਨਹੀਂ ਹੈ।
ਇੰਡੀਅਨ ਮਿਲਟਰੀ ਅਕੈਡਮੀ ਵਿੱਚ ਸਾਬਕਾ ਕਮਾਂਡਰ ਇਨ ਚੀਫ ਐਫ.ਐਮ. ਸਰ ਫਿਲਿਪ ਚੇਟਵੋਡ ਦੁਆਰਾ 1932 ਵਿੱਚ ਕਹੀ ਮਸ਼ਹੂਰ ਗੱਲ ਦੁਹਰਾਈ ਜਾਂਦੀ ਹੈ।
“ਤੁਹਾਡੇ ਦੁਆਰਾ ਤੈਨਾਤ ਕੀਤੇ ਗਏ ਜਵਾਨਾਂ ਦੀ ਭਲਾਈ ਅਤੇ ਸੁਰੱਖਿਆ ਪਹਿਲਾਂ ਆਉਂਦੀ ਹੈ, ਅਤੇ ਤੁਹਾਡੀ ਆਪਣੀ ਆਸਾਨੀ ਤੇ ਆਰਾਮ ਹਮੇਸ਼ਾ ਅਖ਼ੀਰ ਵਿੱਚ ਆਉਂਦਾ ਹੈ।”
ਪੰਜਾਬ ਸਰਕਾਰ ਨੂੰ ਇਹ ਗੱਲ ਸਮਝਣ ਦੀ ਬਹੁਤ ਲੋੜ ਹੈ।