ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਪਿਛਲੇ ਵੱਖ ਵੱਖ ਸਮਿਆਂ ‘ਤੇ ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਮੇਂ ਸਮੇਂ ‘ਤੇ ਵੱਡੀਆਂ ਮੁਹਿੰਮਾਂ ਚਲਦੀਆਂ ਰਹੀਆਂ ਹਨ। ਵਿਸ਼ਵ ਭਰ ਵਿੱਚ ਉਹਨਾਂ ਬੰਦੀ ਨੌਜਵਾਨਾਂ ਦੀ ਰਿਹਾਈ ਲਈ ਸਰਕਾਰਾਂ ਵੱਲੋਂ ਵਾਅਦੇ ਤਾਂ ਕੀਤੇ ਜਾਂਦੇ ਰਹੇ ਪਰ ਨਤੀਜੇ ਸਾਜ਼ਗਾਰ ਨਾ ਨਿਕਲੇ। ਦੁਨਿਆਵੀ ਅਦਾਲਤਾਂ ਵੱਲੋਂ ਵੀ ਇਨਸਾਫ ਦੀ ਤੱਕੜੀ ਵਿੱਚ ਪਾਸਕੂ ਰੱਖਿਆ ਮਹਿਸੂਸ ਕਰਦਿਆਂ ਸਿੱਖ ਸੰਗਤਾਂ ਵੱਲੋਂ ਅਰਦਾਸਾਂ ਅਰਜੋਈਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਸਕਾਟਲੈਂਡ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਗਲਾਸਗੋ ਦੀਆਂ ਸਿੱਖ ਸੰਗਤਾਂ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਜੋਦੜੀ ਲਈ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਇਕੱਤਰਤਾ ਕੀਤੀ ਗਈ। ਇਸ ਸਮੇਂ ਗੁਰੂ ਘਰ ਦੇ ਵਜੀਰ ਗ੍ਰੰਥੀ ਸਿੰਘਾਂ ਵੱਲੋਂ ਅਰਦਾਸ ਕਰਦਿਆਂ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਕੀਤੀ ਤਾਂ ਕਿ ਉਹ ਆਪਣੇ ਪਰਿਵਾਰਾਂ ਅਤੇ ਸਮਾਜ ਵਿੱਚ ਮੁੜ ਤੋਂ ਵਿਚਰ ਸਕਣ। ਇਸ ਅਰਦਾਸ ਸਮਾਗਮ ਦੌਰਾਨ ਭਾਰੀ ਗਿਣਤੀ ਵਿੱਚ ਸੰਗਤਾਂ ਵੱਲੋਂ ਸਮੂਲੀਅਤ ਕੀਤੀ ਗਈ।