ਬਹੁਤੇ ਚੰਗੇ ਲੋਕ ਨਹੀਂ, ਗੱਲ ਕੀ ਕਰਾਂ ਨਿਆਣਿਆਂ ਦੀ,
ਗੱਲ ਨ੍ਹੀ ਸੁਣਨਾ ਚਾਹੁੰਦਾ, ਅੱਜ ਕੱਲ੍ਹ ਘਰੇ ਸਿਆਣਿਆਂ ਦੀ,
ਨਵੇਂ ਰਿਵਾਜ ਦੇ ਪੱਟੇ ਹੋਉ ਕੋਈ ਰਾਹ ਜਾਂਦੀ,
ਹੁਣ ਪਿੰਡ ਵਿੱਚ ਲੋਕਾਂ ਨਾਲ਼ ਬੇਬੇ ਬਹੁਤੀ ਨਹੀਂ ਬਣਦੀ ..।
ਅੰਤ ਆ ਗਿਆ ਨੇੜ, ਜੜ੍ਹਾਂ ਹੁਣ ਪੁੱਟਣ ਲੱਗ ਗਏ ਨੇ,
ਇੱਜ਼ਤਾਂ ਨੂੰ ਦੇ ਤਸੀਹੇ, ਉਹਨਾਂ ਨੂੰ ਲੁੱਟਣ ਲੱਗ ਗਏ ਨੇ,
ਨਕਸ਼ੇ ਕਦਮਾਂ ‘ਤੇ ਚੱਲਣਾ ਕੀ, ਉਲਟੀ ਖੇਹ ਖਾਂਦੀ,
ਹੁਣ ਪਿੰਡ ਵਿੱਚ ਲੋਕਾਂ ਨਾਲ਼ ਬੇਬੇ ਬਹੁਤੀ ਨਹੀਂ ਬਣਦੀ ..।
ਮੇਰੇ ਲਫ਼ਜ਼ ਦਾ ਹੋ ਰਿਹਾ ਸ਼ੋਸ਼ਣ, ਨਹੁੰਦਰ ਮਾਰ ਉਖੇੜ ਰਹੇ ਹਨ,
ਪਿੰਡ ਦੇ ਮੋਹਤਬਰ ਵੀ ਅੰਮੀਂਏ, ਹੁਣ ਨਾਟ ਕਲਾ ਜੀ ਖੇਡ ਰਹੇ ਹਨ,
ਪੱਗ ਰੁਲ਼ਦੀ ਤਾਂ ਰੁਲ਼ਨ ਦਿਉ ਹਿੱਕ ਨਹੀ ਤਣਦੀ,
ਹੁਣ ਪਿੰਡ ਵਿੱਚ ਲੋਕਾਂ ਨਾਲ਼ ਬੇਬੇ ਬਹੁਤੀ ਨਹੀਂ ਬਣਦੀ ..।