ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਨਵੇਂ ਮੋਟਰਵੇਅ ਕੈਮਰਿਆਂ ਨੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਦੇ ਹੋਏ ਹਜ਼ਾਰਾਂ ਵਾਹਨ ਚਾਲਕਾਂ ਨੂੰ ਫੜ੍ਹਿਆ ਹੈ। ਯੂਕੇ ਵਿੱਚ ਅੰਕੜਿਆਂ ਅਨੁਸਾਰ 200 ਵਿੱਚੋਂ ਇੱਕ ਡਰਾਈਵਰ ਮੋਟਰਵੇਅ ‘ਤੇ ਗੱਡੀ ਚਲਾਉਂਦੇ ਸਮੇਂ ਆਪਣੇ ਫ਼ੋਨ ਦੀ ਵਰਤੋਂ ਕਰਦਾ ਹੈ ਅਤੇ ਮਾਹਰਾਂ ਅਨੁਸਾਰ ਜੇਕਰ ਕੋਈ ਡਰਾਈਵਰ 30 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾਉਂਦੇ ਹੋਏ ਦੋ ਸਕਿੰਟਾਂ ਲਈ ਆਪਣੇ ਫੋਨ ਨੂੰ ਦੇਖਦਾ ਹੈ, ਤਾਂ ਉਹ 100 ਫੁੱਟ ਤੱਕ ਬੇਧਿਆਨੀ ਨਾਲ ਗੱਡੀ ਚਲਾਵੇਗਾ। ਇਹਨਾਂ ਕੈਮਰਿਆਂ ਦੀ ਟ੍ਰਾਇਲ ਦੇ ਦੌਰਾਨ, ਇੱਕ ਸਿੰਗਲ ਕੈਮਰੇ ਨੇ ਸਿਰਫ ਛੇ ਮਹੀਨਿਆਂ ਵਿੱਚ 15,000 ਲੋਕਾਂ ਨੂੰ ਫੋਨ ਦੀ ਵਰਤੋਂ ਕਰਦੇ ਹੋਏ ਫੜ੍ਹਿਆ ਹੈ। ਪਰ ਅਸਲ ਅੰਕੜਾ ਇਸ ਤੋਂ ਕਿਤੇ ਵੱਧ ਹੋਵੇਗਾ ਕਿਉਂਕਿ ਕੈਮਰੇ ਟਰੈਫਿਕ ਦੀਆਂ ਸਾਰੀਆਂ ਲੇਨਾਂ ਦੀ ਨਿਗਰਾਨੀ ਨਹੀਂ ਕਰ ਰਹੇ ਸਨ। ਇਹ ਨਵੀਂ ਟੈਕਨਾਲੋਜੀ ਪੁਲਿਸ ਲਈ ਗੇਮ-ਚੇਂਜਰ ਹੋ ਸਕਦੀ ਹੈ। ਜਿਕਰਯੋਗ ਹੈ ਕਿ ਇਹ ਤਕਨਾਲੋਜੀ ਪਹਿਲਾਂ ਹੀ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਵਿੱਚ ਵਰਤੀ ਜਾਂਦੀ ਹੈ, ਜਿੱਥੇ ਦੋ ਸਾਲ ਪਹਿਲਾਂ ਪੇਸ਼ ਕੀਤੇ ਜਾਣ ਤੋਂ ਬਾਅਦ ਇਸਨੇ ਸੜਕੀ ਮੌਤਾਂ ਨੂੰ ਪੰਜਵੇਂ ਹਿੱਸੇ ਤੱਕ ਘਟਾ ਦਿੱਤਾ ਹੈ।
ਯੂਕੇ : 15,000 ਦੇ ਕਰੀਬ ਡਰਾਈਵਰਾਂ ਨੂੰ ਫੋਨ ਵਰਤਦਿਆਂ ਕੈਮਰਿਆਂ ਨੇ ਫੜ੍ਹਿਆ
This entry was posted in ਅੰਤਰਰਾਸ਼ਟਰੀ.