ਫ਼ਤਹਿਗੜ੍ਹ ਸਾਹਿਬ – “ਭਲੇ ਹੀ ਪੰਜਾਬ ਦੇ ਫਿਰੋਜ਼ਪੁਰ ਵਿਖੇ ਮੋਦੀ ਦੀ ਰੈਲੀ ਦੀ ਕਾਮਯਾਬੀ ਲਈ ਬੀਜੇਪੀ-ਆਰ.ਐਸ.ਐਸ. ਪਾਰਟੀਆਂ, ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਡਸਾ ਜੋ ਸਭ ਸਿਧਾਤਾਂ ਅਤੇ ਸੋਚ ਨੂੰ ਪਿੱਠ ਦੇਕੇ ਪੰਜਾਬ ਵਿਰੋਧੀ ਪਾਰਟੀ ਅਤੇ ਹੁਕਮਰਾਨਾਂ ਦੇ ਪਾਲੇ ਵਿਚ ਜਾ ਖਲੋਏ ਸਨ ਕਿ ਹੁਣ ਉਹ ਸਿਆਸੀ ਤੌਰ ਤੇ ਹਾਸੀਏ ਤੇ ਪਹੁੰਚੇ ਫਿਰ ਪੰਜਾਬ ਦੇ ਲੋਕਾਂ ਦੇ ਕੇਂਦਰ ਬਿੰਦੂ ਬਣ ਜਾਣਗੇ, ਉਦੋ ਉਨ੍ਹਾਂ ਦੀਆਂ ਉਮੀਦਾਂ ਅਤੇ ਸੋਚ ਧਰੀ-ਧਰਾਈ ਰਹਿ ਗਈ । ਜਦੋ ਸ੍ਰੀ ਮੋਦੀ ਦੀ ਫਿਰੋਜ਼ਪੁਰ ਵਿਖੇ ਹੋਣ ਵਾਲੀ ਰੈਲੀ ਵਾਲੇ ਪੰਡਾਲ ਵਿਚ ਜਿਥੇ 1 ਲੱਖ ਦੇ ਕਰੀਬ ਕੁਰਸੀ ਲਗਾਈ ਗਈ ਸੀ, ਉਹ ਪੰਡਾਲ ਬਿਲਕੁਲ ਖਾਲੀ ਦਿਖਾਈ ਦਿੱਤਾ ਜਿਸ ਤੋ ਭਾਰਤੀ ਜਨਤਾ ਪਾਰਟੀ, ਇੰਡੀਆ ਦੇ ਵਜੀਰ-ਏ-ਆਜਮ ਸੀ੍ਰ ਮੋਦੀ ਅਤੇ ਸਿਆਸੀ ਸਵਾਰਥਾਂ ਵਿਚ ਉਲਝੀ ਪੰਜਾਬ ਦੀ ਲੀਡਰਸ਼ਿਪ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਡਸਾ ਅਤੇ ਹੋਰਨਾਂ ਨੂੰ ਗਿਆਨ ਹੋ ਜਾਣਾ ਚਾਹੀਦਾ ਹੈ ਕਿ ਪੰਜਾਬ ਦੇ ਨਿਵਾਸੀ ਅਜਿਹੇ ਸਾਜ਼ਿਸਾਂ ਰਚਣ ਵਾਲੇ ਅਤੇ ਪੰਜਾਬ ਨੂੰ ਮਾਲੀ ਤੌਰ ਤੇ ਹਰ ਖੇਤਰ ਵਿਚ ਨੁਕਸਾਨ ਪਹੁੰਚਾਉਣ ਵਾਲੇ ਆਗੂਆਂ ਅਤੇ ਪਾਰਟੀਆਂ ਨੂੰ ਪੰਜਾਬੀ ਕਦੀ ਵੀ ਸਾਥ ਨਹੀਂ ਦਿੰਦੇ ਅਤੇ ਇਥੋ ਇਸੇ ਤਰ੍ਹਾਂ ਬੇਰੰਗ ਵਾਪਸ ਭੇਜਦੇ ਹਨ । ਮੋਦੀ ਦੀ ਰੈਲੀ ਦੇ ਪੰਡਾਲ ਦਾ ਖਾਲੀ ਰਹਿਣਾ ਪੰਜਾਬ ਦੀਆਂ ਆਉਣ ਵਾਲੀਆ 2022 ਦੀਆਂ ਅਸੈਬਲੀ ਚੋਣਾਂ ਦੇ ਸੰਕੇਤ ਨੂੰ ਸਪੱਸਟ ਕਰਦਾ ਹੈ ਕਿ ਇਹ ਬੀਜੇਪੀ-ਆਰ.ਐਸ.ਐਸ. ਅਤੇ ਉਨ੍ਹਾਂ ਦੇ ਮਗਰ ਭੱਜਣ ਵਾਲੇ ਪੰਜਾਬੀਆਂ ਦੀ ਨਜਰ ਵਿਚ ਖਤਮ ਹੋ ਚੁੱਕੀ ਲੀਡਰਸਿਪ ਨੂੰ ਪੰਜਾਬੀ ਕਤਈ ਵੀ ਇਨ੍ਹਾਂ ਚੋਣਾਂ ਵਿਚ ਮੂੰਹ ਨਹੀਂ ਲਗਾਉਣਗੇ । ਬਲਕਿ ਕਰਾਰੀ ਹਾਰ ਦੇਕੇ ਇਨ੍ਹਾਂ ਨੂੰ ਪੰਜਾਬ ਵਿਰੋਧੀ ਹੋਣ ਦਾ ਸਬਕ ਸਿਖਾਉਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਫਿਰੋਜ਼ਪੁਰ ਵਿਖੇ ਇੰਡੀਆ ਦੇ ਵਜ਼ੀਰ-ਏ-ਆਜਮ ਸ੍ਰੀ ਮੋਦੀ ਵੱਲੋ ਰੈਲੀ ਨੂੰ ਸੁਬੋਧਿਤ ਕਰਨ ਦੇ ਵਿਸ਼ੇ ਉਤੇ ਮੱਖੀਆ ਭਿਣਕਦਾ ਖਾਲੀ ਪੰਡਾਲ ਅਤੇ ਸ੍ਰੀ ਮੋਦੀ ਦੇ ਨਾ ਆਉਣ ਉਤੇ ਪੰਜਾਬੀਆਂ ਦੀਆਂ ਭਾਵਨਾਵਾ ਨੂੰ ਉਜਾਗਰ ਕਰਦੇ ਹੋਏ ਅਤੇ ਅਜਿਹੀਆ ਪੰਜਾਬ ਵਿਰੋਧੀ ਤਾਕਤਾਂ ਅਤੇ ਉਨ੍ਹਾਂ ਨਾਲ ਮੌਕਾਪ੍ਰਸਤੀ ਦੀ ਸੋਚ ਅਧੀਨ ਚੱਲਣ ਵਾਲੀ ਪੰਜਾਬ ਦੀ ਲੀਡਰਸਿਪ ਨੂੰ ਆਉਣ ਵਾਲੇ ਦਿਨਾਂ ਦੇ ਸੰਕੇਤ ਦਾ ਇਸਾਰਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਅਤੇ ਸ੍ਰੀ ਮੋਦੀ ਦੀ ਸਿਆਸੀ ਸਖਸ਼ੀਅਤ ਦਾ ਪੱਖ ਪੂਰਦੇ ਹੋਏ ਬੇਸ਼ੱਕ ਖਰਾਬ ਮੌਸਮ ਨੂੰ ਵਜਹ ਦੱਸਕੇ ਭਾਰਤੀ ਜਨਤਾ ਪਾਰਟੀ ਅਤੇ ਫਿਰਕੂ ਹੁਕਮਰਾਨਾਂ ਦੀ ਪੰਜਾਬ ਵਿਚ ਗਿਰੀ ਹੋਈ ਸਾਖ ਨੂੰ ਛੁਪਾਉਣ ਦੀ ਕੋਸ਼ਿਸ਼ ਜਰੂਰ ਕਰਨਗੇ, ਪਰ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸਤੰਬਰ 1999 ਵਿਚ ਚੰਡੀਗੜ੍ਹ ਦੇ ਸੈਕਟਰ ਦੇ ਪਰੇਡ ਗਰਾਊਡ ਵਿਖੇ ਰੈਲੀ ਰੱਖੀ ਗਈ ਸੀ । ਉਸ ਸਮੇ ਬੜੇ ਜੋਰਾਂ ਉਤੇ ਮੀਹ ਵੀ ਵਰ੍ਹ ਰਿਹਾ ਸੀ । ਲੇਕਿਨ ਪੰਜਾਬ ਦੀਆਂ ਸੰਗਤਾਂ ਤੇ ਨਿਵਾਸੀਆ ਨੇ ਵਰਦੇ ਮੀਹ ਵਿਚ 4 ਘੰਟੇ ਬੈਠਕੇ ਸਾਡੀਆਂ ਤਕਰੀਰਾਂ ਵੀ ਸੁਣਈਆ ਅਤੇ ਰੈਲੀ ਦੇ ਮਕਸਦ ਨੂੰ ਕਾਮਯਾਬ ਵੀ ਇਸ ਲਈ ਕੀਤਾ ਕਿਉਂਕਿ ਪੰਜਾਬ ਦੇ ਨਿਵਾਸੀ ਮਹਿਸੂਸ ਕਰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਇਕੋ ਇਕ ਸਟੇਟ ਜਮਾਤ ਹੈ । ਜੋ ਪੰਜਾਬੀਆ ਅਤੇ ਸਿੱਖ ਕੌਮ ਦੇ ਸਭ ਤਰ੍ਹਾਂ ਦੇ ਹੱਕ-ਹਕੂਕਾ ਲਈ ਬਾਦਲੀਲ ਢੰਗ ਨਾਲ ਜੂਝਦੀ ਵੀ ਹੈ ਅਤੇ ਜੋ ਪ੍ਰੋਗਰਾਮ ਦਿੰਦੀ ਹੈ, ਉਸ ਉਤੇ ਪੂਰੀ ਉਤਰਦੀ ਹੈ । ਇਹ ਰੈਲੀ 17 ਸੈਕਟਰ ਦਾ ਪੂਰਾ ਗਰਾਊਡ ਨੱਕੋ-ਨੱਕ ਭਰਿਆ ਹੋਇਆ ਸੀ ਅਤੇ ਰੈਲੀ ਵਿਚ ਪਹੁੰਚੇ ਲੋਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਨਾਅਰਿਆ ਅਤੇ ਜੈਕਾਰਿਆ ਨਾਲ ਵਰਦੇ ਮੀਹ ਵਿਚ ਵੀ ਸਵਾਗਤ ਕਰ ਰਹੇ ਸਨ । ਇਸ ਨੂੰ ਕਹਿੰਦੇ ਹਨ ਲੋਕਾਂ ਦਾ ਪਿਆਰ ਅਤੇ ਜੋ ਸਮੁੱਚੇ ਪੰਜਾਬੀਆ ਅਤੇ ਮੁਲਕ ਨੇ ਅੱਜ ਫਿਰੋਜ਼ਪੁਰ ਵਿਖੇ ਸ੍ਰੀ ਮੋਦੀ ਦੀ ਰੈਲੀ ਦਾ ਹਸਰ ਦੇਖਿਆ ਹੈ, ਇਹ ਸੈਟਰ ਦੀ ਮੁਤੱਸਵੀ ਬੀਜੇਪੀ ਪਾਰਟੀ ਅਤੇ ਮੋਦੀ ਵਿਰੁੱਧ ਪੰਜਾਬੀਆਂ ਅਤੇ ਸਿੱਖ ਕੌਮ ਦਾ ਰੋਹ ਭਰਿਆ ਗੁੱਸਾ ਹੀ ਹੈ ਜਿਨ੍ਹਾਂ ਨੇ ਇਸ ਰੈਲੀ ਦਾ ਪੂਰਨ ਬਾਈਕਾਟ ਕਰਕੇ ਇੰਡੀਆ ਦੇ ਵਜ਼ੀਰ-ਏ-ਆਜਮ, ਬੀਜੇਪੀ ਪਾਰਟੀ ਨੂੰ ਹੀ ਪੰਜਾਬ ਸੂਬੇ ਵੱਲੋ ਦ੍ਰਿੜਤਾ ਪੂਰਵਕ ਸੰਦੇਸ ਨਹੀ ਦਿੱਤਾ ਬਲਕਿ ਜੋ ਪਾਰਟੀਆ ਝੂਠੇ ਵਾਅਦਿਆ ਤੇ ਲਾਰਿਆ ਨਾਲ ਬੀਤੇ ਕਈ ਦਿਨਾਂ ਤੋ ਚੋਣ ਪ੍ਰਚਾਰ ਵਿਚ ਪੰਜਾਬੀਆ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰਦੀਆ ਆ ਰਹੀਆ ਹਨ ਉਨ੍ਹਾਂ ਨੂੰ ਵੀ ਇਹੋ ਸੰਦੇਸ ਦਿੱਤਾ ਹੈ ਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਦਰਦ ਨੂੰ ਸਮਝਣ ਵਾਲੀ ਪਾਰਟੀ ਤੇ ਆਗੂ ਹੀ 2022 ਦੀਆਂ ਚੋਣਾਂ ਦੀ ਜਿੱਤ ਦਾ ਬਿਗਲ ਵਜਾਉਣਗੇ, ਨਾ ਕਿ ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲ, ਆਮ ਆਦਮੀ ਪਾਰਟੀ ਵਰਗੀਆ ਗੁੰਮਰਾਹ ਕਰਨ ਵਾਲੀਆ ਪਾਰਟੀਆ ।
ਸ. ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ, ਵਿਸ਼ੇਸ਼ ਤੌਰ ਤੇ ਕਿਸਾਨਾਂ, ਮਜਦੂਰਾਂ, ਵਿਦਿਆਰਥੀਆਂ, ਟਰਾਸਪੋਰਟਰਾਂ, ਵਪਾਰੀਆ ਆਦਿ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੱਤੀ ਕਿ ਇਹ ਪੰਜਾਬ ਦੇ ਨਿਵਾਸੀ ਬਹੁਤ ਅੱਛੀ ਤਰ੍ਹਾਂ ਸਮਝ ਚੁੱਕੇ ਹਨ ਕਿ ਕਿਹੜੀਆ ਪਾਰਟੀਆ ਅਤੇ ਕਿਹੜੇ ਆਗੂ ਪੰਜਾਬ ਸੂਬੇ ਨੂੰ ਆਪਣੀ ਸਿਆਸਤ ਦੀ ਪ੍ਰਯੋਗਸਾਲਾਂ ਬਣਾ ਰਹੇ ਹਨ ਅਤੇ ਕਿਹੜੀ ਪਾਰਟੀ ਤੇ ਕਿਹੜੇ ਆਗੂ ਪੰਜਾਬ ਸੂਬੇ ਅਤੇ ਪੰਜਾਬੀਆ ਲਈ ਦ੍ਰਿੜਤਾ ਤੇ ਸਿੱਦਤ ਨਾਲ ਜੂਝਣ ਦੀ ਮੁਹਾਰਤ ਰੱਖਦੇ ਹਨ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਪੰਜਾਬ ਵਿਚ ਵੱਖ-ਵੱਖ ਮਦਾਰੀਆ ਅਤੇ ਪਟਾਰੀਆ ਦੀ ਤਰ੍ਹਾਂ ਪਟਾਰੀਆ ਲੈਕੇ ਪੰਜਾਬੀਆ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ, ਵੱਡੇ-ਵੱਡੇ ਫੋਕੇ ਲਾਅਰੇ ਅਤੇ ਵਾਅਦੇ ਕਰਨ ਵਾਲੇ ਆਗੂਆਂ ਅਤੇ ਜਮਾਤਾਂ ਨੂੰ ਸਮੁੱਚੇ ਪੰਜਾਬੀ ਆਉਣ ਵਾਲੀਆ 2022 ਦੀਆਂ ਚੋਣਾਂ ਵਿਚ ਕਰਾਰੀ ਹਾਰ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਉਨ੍ਹਾਂ ਦੇ ਹਮਖਿਆਲ ਸਾਥੀਆ ਨੂੰ ਹਰ ਤਰ੍ਹਾਂ ਸਹਿਯੋਗ ਕਰਕੇ ਪੰਜਾਬ ਵਿਚ ਅਮਲੀ ਰੂਪ ਵਿਚ ਹਲੀਮੀ ਰਾਜ ਸਥਾਪਿਤ ਕਰਨ ਲਈ ਯੋਗਦਾਨ ਪਾਉਣਗੇ । ਤਾਂ ਕਿ ਇਥੇ ਸਦਾ ਲਈ ਜਮਹੂਰੀਅਤ ਅਤੇ ਅਮਨ ਕਾਇਮ ਕੀਤਾ ਜਾ ਸਕੇ ਅਤੇ ਸਭਨਾਂ ਧਰਮਾਂ, ਕੌਮਾਂ ਨੂੰ ਬਰਾਬਰਤਾ ਦੇ ਆਧਾਰ ਤੇ ਹੱਕ-ਹਕੂਕ ਪ੍ਰਦਾਨ ਕਰਕੇ ਰਿਸਵਤ ਤੋ ਰਹਿਤ ਸਾਫ ਸੁਥਰਾ ਪ੍ਰਬੰਧ ਕਾਇਮ ਕੀਤਾ ਜਾ ਸਕੇ ।