ਫ਼ਤਹਿਗੜ੍ਹ ਸਾਹਿਬ – “ਸਾਰੀ ਦੁਨੀਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਵਜ਼ੀਰ-ਏ-ਆਜ਼ਮ ਇੰਡੀਆ ਦੇ ਸਫ਼ਰ ਲਈ ਆਲ ਸੀਜਨ ਆਧੁਨਿਕ ਸਹੂਲਤਾਂ ਨਾਲ ਲੈਂਸ ਹੈਲੀਕਪਟਰ ਹੁੰਦੇ ਹਨ ਜੋ ਕਿਸੇ ਵੀ ਮੌਸਮ ਵਿਚ ਉਡਾਨ ਭਰ ਸਕਦੇ ਹਨ । ਫਿਰ ਮੌਸਮ ਦੀ ਖਰਾਬੀ ਦਾ ਬਹਾਨਾ ਬਣਾਕੇ ਸੜਕ ਰਾਹੀ ਮੋਦੀ ਦੇ ਆਉਣ ਅਤੇ ਸੁਰੱਖਿਆ ਵਿਚ ਕਮੀ ਰਹਿਣ ਦੀ ਗੱਲ ਵਿਚ ਕੀ ਵਜਨ ਹੈ ? ਦਰਅਸਲ ਸੈਟਰ ਦੀ ਮੋਦੀ ਹਕੂਮਤ ਵੱਲੋ ਜ਼ਿੰਮੀਦਾਰ, ਕਿਸਾਨ ਵਿਰੋਧੀ ਬੀਤੇ ਸਮੇ ਵਿਚ ਲਿਆਂਦੇ ਗਏ ਕਾਨੂੰਨਾਂ ਦੀ ਬਦੌਲਤ ਪੰਜਾਬ ਦਾ ਜ਼ਿੰਮੀਦਾਰ, ਮਜਦੂਰ, ਟਰਾਸਪੋਰਟਰ, ਆੜਤੀਆ, ਵਪਾਰੀ, ਵਿਦਿਆਰਥੀ ਹਰ ਵਰਗ ਪਹਿਲੋ ਹੀ ਸੈਟਰ ਦੀਆਂ ਨੀਤੀਆ ਤੋ ਵੱਡੇ ਖਫਾ ਚੱਲਦੇ ਆ ਰਹੇ ਹਨ । ਇਹੀ ਵਜਹ ਹੈ ਕਿ ਸਮੁੱਚੇ ਪੰਜਾਬੀਆਂ ਨੇ ਮੋਦੀ ਦੀ ਫਿਰੋਜ਼ਪੁਰ ਰੈਲੀ ਅਤੇ ਬੀਜੇਪੀ ਪਾਰਟੀ ਦਾ ਬਾਈਕਾਟ ਕਰਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਸੋਚ ਰੱਖਣ ਵਾਲੇ ਵਜ਼ੀਰ-ਏ-ਆਜਮ ਇੰਡੀਆ ਅਤੇ ਬੀਜੇਪੀ ਪਾਰਟੀ ਨੂੰ ਪੰਜਾਬੀ ਤੇ ਸਿੱਖ ਕੌਮ ਬਿਲਕੁਲ ਨਹੀਂ ਚਾਹੁੰਦੇ । ਸੈਟਰ ਦੇ ਹੁਕਮਰਾਨ ਅਤੇ ਮੁਤੱਸਵੀ ਬੀਜੇਪੀ ਪਾਰਟੀ ਇਸ ਸੱਚ ਨੂੰ ਪ੍ਰਵਾਨ ਕਰਨ ਦੀ ਬਜਾਇ ਸ੍ਰੀ ਮੋਦੀ ਦੀ ਸੁਰੱਖਿਆ ਵਿਚ ਕਮੀ ਹੋਣ ਦੀ ਗੱਲ ਨੂੰ ਉਛਾਲਕੇ ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸ਼ਿਸ਼ਾਂ ਕਰ ਰਹੇ ਹਨ । ਜਦੋਕਿ ਪੰਜਾਬੀਆਂ ਅਤੇ ਸਿੱਖ ਕੌਮ ਨੇ ਸ੍ਰੀ ਮੋਦੀ ਦੀ ਇਸ ਫੇਰੀ ਨੂੰ ਕੋਈ ਅਹਿਮੀਅਤ ਨਾ ਦੇਕੇ ਸੈਟਰ ਵੱਲੋ ਪੰਜਾਬ ਸੂਬੇ ਪ੍ਰਤੀ ਅਪਣਾਈ ਗਈ ਨਾਂਹਵਾਚਕ ਪ੍ਰਕਿਰਿਆ ਸੰਬੰਧੀ ਵੱਡਾ ਰੋਸ਼ ਹੀ ਜਤਾਇਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਫਿਰੋਜ਼ਪੁਰ ਵਿਖੇ ਬੀਜੇਪੀ ਵੱਲੋ ਰੱਖੀ ਗਈ ਸ੍ਰੀ ਮੋਦੀ ਦੀ ਰੈਲੀ ਦੇ ਫਲਾਪ ਹੋਣ ਅਤੇ ਉਥੇ ਸ੍ਰੀ ਮੋਦੀ ਵੱਲੋ ਨਾ ਪਹੁੰਚਕੇ ਹੁਸੈਨੀਵਾਲਾ ਬਾਰਡਰ ਤੋ ਹੀ ਵਾਪਸ ਚਲੇ ਜਾਣ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਐਸ.ਐਸ.ਪੀ ਫਿਰੋਜ਼ਪੁਰ ਜਾਂ ਮੌਜੂਦਾ ਮੁੱਖ ਮੰਤਰੀ ਪੰਜਾਬ ਉਤੇ ਸਮੁੱਚੀ ਬੀਜੇਪੀ, ਸੈਟਰ ਹੁਕਮਰਾਨ ਤਨਜ ਕੱਸ ਰਹੇ ਹਨ, ਅਸਲ ਵਿਚ ਫਿਰੋਜ਼ਪੁਰ ਰੈਲੀ ਫੇਲ੍ਹ ਹੋ ਜਾਣ ਦਾ ਭਾਡਾ ਪੰਜਾਬ ਪੁਲਿਸ ਉਤੇ ਸੁੱਟਣਾ ਚਾਹੁੰਦੇ ਹਨ । ਜਦੋਕਿ ਸ੍ਰੀ ਮੋਦੀ ਨੇ ਤਾਂ ਖੁਦ ਹੀ ਬੀਐਸਐਫ ਨੂੰ ਸਰਹੱਦਾਂ ਤੋਂ 50 ਕਿਲੋਮੀਟਰ ਤੱਕ ਦੇ ਅਧਿਕਾਰ ਖੇਤਰ ਵਧਾਏ ਸਨ । ਫਿਰ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਬੀਐਸਐਫ ਦੀ ਬਣਦੀ ਸੀ ਜਾਂ ਪੰਜਾਬ ਪੁਲਿਸ ਦੀ ? ਇਹ ਵੀ ਵੇਖਣ ਵਾਲੀ ਗੱਲ ਹੈ । ਜਦੋਕਿ ਦੋਵੇ ਉਪਰੋਕਤ ਫੋਰਸਾਂ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦਾ ਆਪਸ ਵਿਚ ਕੁੜੱਤਣ ਵੱਧਣ ਕਾਰਨ ਤਾਲਮੇਲ ਹੀ ਨਹੀਂ । ਇਥੋ ਤੱਕ ਕਿ ਸੈਟਰ ਦੀਆਂ ਖੂਫੀਆ ਏਜੰਸੀਆ ਆਈ.ਬੀ ਅਤੇ ਰਾਅ ਵੀ ਆਪਣੀ ਸਾਰੀ ਰਿਪੋਰਟ ਪੰਜਾਬ ਪੁਲਿਸ ਤੋ ਹੀ ਪ੍ਰਾਪਤ ਕਰਦੀਆ ਹਨ । ਫਿਰ ਜਦੋ ਵਜ਼ੀਰ-ਏ-ਆਜਮ ਵਰਗੀ ਵੀ.ਆਈ.ਪੀ ਸਖਸੀਅਤ ਸੜਕ ਰਾਹੀ ਦੌਰੇ ਤੇ ਜਾਂਦੀ ਹੈ ਤਾਂ ਸਟੇਲਾਈਟ ਪ੍ਰਣਾਲੀ ਰਾਹੀ ਪਹਿਲੋ ਹੀ ਵੇਖ ਲਿਆ ਜਾਂਦਾ ਹੈ ਕਿ ਰਾਹ ਵਿਚ ਕੋਈ ਰੁਕਾਵਟ ਤਾਂ ਨਹੀਂ । ਦਾਅਵੇ ਤਾਂ ਇਹ ਵੱਡੇ-ਵੱਡੇ ਕਰਦੇ ਹਨ ਕਿ ਸਾਡੇ ਕੋਲ ਸਭ ਆਧੁਨਿਕ ਤਕਨੀਕਾਂ ਹਨ, ਲੇਕਿਨ ਅਸਲੀਅਤ ਵਿਚ ਅਜਿਹੀਆ ਸਹੂਲਤਾਂ ਤੋ ਸੱਖਣੇ ਹਨ । ਜੋ ਉਨ੍ਹਾਂ ਦੀ ਸੁਰੱਖਿਆ ਵਿਚ ਕਮੀ ਬਾਰੇ ਗੱਲ ਕੀਤੀ ਜਾ ਰਹੀ ਹੈ, ਉਹ ਸਟੇਲਾਈਟ ਰਾਹੀ ਅਗਾਊ ਸੂਚਿਤ ਕਿਉ ਨਾ ਕੀਤਾ ਗਿਆ ? ਇਹ ਵੀ ਵੇਖਣ ਵਾਲੀ ਗੱਲ ਹੈ । ਇਥੇ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਆਈ.ਬੀ. ਰਾਅ, ਗ੍ਰਹਿ ਸਕੱਤਰ ਜੋ ਲਦਾਖ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੀ ਅਤੇ ਨਾ ਹੀ ਸਥਿਤੀ ਨੂੰ ਕਾਬੂ ਕਰ ਸਕਦੇ ਹਨ, ਉਨ੍ਹਾਂ ਦੇ ਅਹਿਮ ਅਹੁਦਿਆ ਉਤੇ ਬਿਰਾਜਮਾਨ ਮੁੱਖੀ ਜੋ ਆਪਣੇ ਸਮੇ ਦੌਰਾਨ ਆਪਣੀਆ ਜ਼ਿੰਮੇਵਾਰੀਆ ਨੂੰ ਸਹੀ ਢੰਗ ਨਾਲ ਨਿਭਾਉਣ ਤੋ ਅਸਮਰੱਥ ਰਹੇ ਹਨ, ਉਨ੍ਹਾਂ ਦੇ ਕਾਰਜਕਾਲ ਸਮੇ 2-2 ਸਾਲ ਫਿਰ ਕਿਸ ਸੋਚ ਅਧੀਨ ਵਧਾਏ ਗਏ ?
ਉਨ੍ਹਾਂ ਕਿਹਾ ਕਿ ਮੈ ਵੀ ਫਿਰੋਜਪੁਰ ਤੇ ਫਰੀਦਕੋਟ ਦੇ ਖੇਤਰ ਵਿਚ ਬਤੌਰ ਐਸ.ਐਸ.ਪੀ. ਦੀ ਸੇਵਾ ਕਰਦਾ ਰਿਹਾ ਹਾਂ । ਉਸ ਸਮੇ ਇਹ ਇਲਾਕਾ ਫਰੀਦਕੋਟ ਦਾ ਹਿੱਸਾ ਹੁੰਦਾ ਸੀ, ਭਾਵੇਕਿ ਬਾਅਦ ਵਿਚ ਮੁਕਤਸਰ, ਮੋਗਾ ਆਦਿ ਵੱਖਰੇ ਜ਼ਿਲ੍ਹੇ ਬਣ ਗਏ ਹਨ । ਉਸ ਸਮੇ ਦੋ ਵਜ਼ੀਰ-ਏ-ਆਜ਼ਮ ਇਸ ਇਲਾਕੇ ਵਿਚ ਆਏ ਸਨ ਅਤੇ ਉਨ੍ਹਾਂ ਦੀ ਆਮਦ ਨੂੰ ਮੈ ਪੂਰੀ ਸੁਰੱਖਿਆ ਤੇ ਜ਼ਿੰਮੇਵਾਰੀ ਨਾਲ ਪੂਰਨ ਕੀਤਾ ਸੀ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਫਤਹਿਜੰਗ ਸਿੰਘ ਬਾਜਵਾ, ਜਗਦੀਪ ਸਿੰਘ ਨਕਈ, ਰਾਣਾ ਗੁਰਮੀਤ ਸਿੰਘ ਸੋਢੀ ਇਨ੍ਹਾਂ ਸਭਨਾਂ ਕੋਲ ਵੱਡੀਆ ਸਕਿਊਰਟੀਆ ਹਨ । ਸ. ਸੁਖਦੇਵ ਸਿੰਘ ਢੀਂਡਸਾ ਅਤੇ ਭਾਈ ਮੋਹਕਮ ਸਿੰਘ ਆਦਿ ਤਾਂ ਉਥੇ ਇਕੱਲੇ-ਇਕੱਲੇ ਪਹੁੰਚੇ । ਫਿਰ ਇਹ ਆਗੂ ਜਿਨ੍ਹਾਂ ਨੇ ਸ੍ਰੀ ਮੋਦੀ ਨੂੰ ਬੁਲਾਇਆ ਸੀ, ਕੀ ਉਨ੍ਹਾਂ ਦੀ ਇਕੱਠ ਕਰਨ ਦੀ ਜ਼ਿੰਮੇਵਾਰੀ ਨਹੀਂ ਸੀ ? ਦੁੱਖ ਅਤੇ ਅਫ਼ਸੋਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਫਿਰੋਜ਼ਪੁਰ ਵਿਖੇ ਇਕੱਲੇ ਹੀ ਬੋਲ ਰਹੇ ਸਨ ਅਤੇ ਹਵਾ ਵਿਚ ਗੱਲਾਂ ਕਰ ਰਹੇ ਸਨ । ਇਹ ਸਭ ਬੀਜੇਪੀ ਤੇ ਸ੍ਰੀ ਮੋਦੀ ਦੀ ਰੱਖਿਆ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਵੱਲੋ ਇਥੇ ਪ੍ਰੈਜੀਡੈਟ ਰੂਲ ਲਗਾਉਣ ਦੀਆਂ ਦਿਸ਼ਾਹੀਣ ਗੱਲਾਂ ਕੀਤੀਆ ਜਾ ਰਹੀਆ ਹਨ । ਪ੍ਰੈਜੀਡੈਟ ਰੂਲ ਦੀ ਗੱਲ ਇਸ ਲਈ ਕਰ ਰਹੇ ਹਨ ਤਾਂ ਕਿ ਜੋ ਇਨ੍ਹਾਂ ਉਤੇ ਡਰੱਗ ਕੇਸ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਕੇਸ ਚੱਲ ਰਹੇ ਹਨ, ਉਹ ਪ੍ਰੈਜੀਡੈਟ ਰੂਲ ਲੱਗਣ ਕਾਰਨ ਠੰਡੇ ਬਸਤੇ ਵਿਚ ਪੈ ਜਾਣਗੇ । ਜਦੋਕਿ ਇਨ੍ਹਾਂ ਸਭਨਾਂ ਨੂੰ ਪੰਜਾਬ ਦੇ ਨਿਵਾਸੀਆ ਨੇ ਦੁਰਕਾਰ ਦਿੱਤਾ ਹੈ । ਇਹੀ ਵਜਹ ਹੈ ਕਿ ਇਹ ਆਪਣੇ ਲੋਕਾਂ ਵਿਚ ਆਜਾਦੀ ਨਾਲ ਨਹੀ ਵਿਚਰ ਸਕਦੇ ਬਲਕਿ ਵੱਡੀਆ ਸੁਰੱਖਿਆ ਲੈਕੇ ਜੋ ਵਿਚਰ ਰਹੇ ਹਨ, ਉਹ ਪੰਜਾਬ ਸੂਬੇ ਦੇ ਨਿਵਾਸੀਆ ਅਤੇ ਪੰਜਾਬ ਦੀ ਕੀ ਬਿਹਤਰੀ ਕਰ ਸਕਣਗੇ ? ਉਨ੍ਹਾਂ ਕਿਹਾ ਕਿ ਜਦੋ ਕਸ਼ਮੀਰ ਵਿਚ ਕਿਸੇ ਉੱਚ ਅਹੁਦੇ ਉਤੇ ਕੋਈ ਵੀ ਸਿੱਖ ਨਹੀਂ ਹੈ, ਲਦਾਖ ਵਿਚ ਕੋਈ ਸਿੱਖ ਨਹੀਂ ਹੈ, ਆਈ.ਬੀ, ਰਾਅ, ਕੈਬਨਿਟ ਸੁਰੱਖਿਆ ਕਮੇਟੀ ਵਿਚ ਕੋਈ ਸਿੱਖ ਨਹੀਂ ਹੈ, ਫਿਰ ਸ੍ਰੀ ਮੋਦੀ ਤੇ ਉਨ੍ਹਾਂ ਦੇ ਦਿਸ਼ਾਹੀਣ ਪੰਜਾਬ ਦੇ ਸਲਾਹੀਆ ਨਾਲ ਇਹੀ ਕੁਝ ਤਾਂ ਹੋਣਾ ਸੀ ।