ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਸਿੱਖਾਂ ਦੇ 10ਵੇਂ ਗੁਰੂ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 9 ਜਨਵਰੀ ਨੁੰ ਪ੍ਰਕਾਸ਼ ਪੁਰਬ ‘ਤੇ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨਾਂ ਦੀ ਖੁੱਲ੍ਹ ਦਿੱਤੀ ਜਾਵੇ।
ਆਪਣੀ ਚਿੱਠੀ ਵਿਚ ਕੁਲਵੰਤ ਸਿੰਘ ਬਾਠ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਪਹਿਲਾਂ ਤੋਂ ਵਿਉਂਤੇ ਸਨ ਜਿਸ ਤਹਿਤ 9 ਜਨਵਰੀ ਨੂੰ ਸਵੇਰ ਤੋਂ ਰਾਤ ਤੱਕ ਗੁਰਦੁਆਰਾ ਬੰਗਲਾ ਸਾਹਿਬ ਵਿਚ ਰੂਹਾਨੀ ਕੀਰਤਨ ਦਰਬਾਰ ਸਜਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਨੇ 8 ਅਤੇ 9 ਜਨਵਰੀ ਨੁੰ ਕਰਫਿਊ ਲਗਾਇਆ ਹੋਇਆ ਹੈ ਜਿਸ ਕਾਰਨ ਸੰਗਤਾਂ ਨੂੰ ਗੁਰੂ ਘਰਾਂ ਦੇ ਦਰਸ਼ਨਾਂ ਵਿਚ ਮੁਸ਼ਕਿਲ ਆਵੇਗੀ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਸ਼ਰਧਾਲੂਆਂ ਨੁੰ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨਾਂ ਦੀ 9 ਜਨਵਰੀ ਨੁੰ ਖੁੱਲ੍ਹ ਦੇਵੇ ਤਾਂ ਜੋ ਸੰਗਤਾਂ ਗੁਰਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਸਕਣ।