ਉੱਪਰ ਨੂੰ ਦੇਖਦਾ ਹਾਂ ਤਾਂ…
ਇੱਕ ਅੰਬਰ ਨਜ਼ਰੀਂ ਪੈਂਦਾ ਹੈ…
ਜੋ ਸਾਡੇ ਉੱਪਰ ਹੈ…
ਨੀਲੱਤਣ ਭਰਿਆ…
ਰਹੱਸਮਈ, ਕ੍ਰਿ਼ਸ਼ਮਈ ਹੋਂਦ ਵਾਲਾ…
ਰੱਬੀ ਨੇੜਤਾ ਦਾ ਲਖਾਇਕ…
ਜੋ ਬਿਨਾਂ ਦਾਇਰੇ…
ਬਿਨਾਂ ਮਿਣਤੀ ਦੇ ਅਥਾਹ…
ਹੱਦਾਂ ਰੱਖਦਾ ਹੈ…
ਇੱਕ ਅੰਬਰ ਮੇਰੇ ਘਰ ਵਿੱਚ …
ਮੇਰੇ ਦਿਲ ਵਿੱਚ…
ਮੇਰੀਆਂ ਨਿਗਾਹਾਂ ਚ ਰਹਿੰਦਾ…
ਆਪਣੀ ਅਣਭੋਲ ਫੁੱਲਾਂ ਜਿਹੀ ਮੁਸਕਰਾਹਟ ਨਾਲ…
ਬੜਾ ਕੁਝ ਕਹਿੰਦਾ ਹੈ…
ਉਸ ਦੇ ਦੋ ਦੰਦਾਂ ਦਾ ਹਾਸਾ…
ਰੂਹ ਚ ਘੁਲੇ ਜਿਉ ਪਤਾਸਾ ਵਾਂਗ ਰਹਿੰਦਾ ਹੈ…
ਉਸਦੀ ਨਾਸਮਝੀ ਅਵਾਜ਼….
ਵਾਂਗ ਜਿਵੇ ਕਈ ਅਲਫਾਜ…
ਮੈਨੂੰ ਕਵਿਤਾਵਾਂ ਜਿਹੀ ਲੱਗਦੀ ਹੈ…
ਜਦ ਛੋਟੇ-ਛੋਟੇ ਪੈਰ ਧਰ ਤੁਰਦਾ…
ਤਾਂ ਧਰਤ ਭਾਗਾਂ ਭਰੀ ਲੱਗਦੀ ਹੈ…
ਦੋ ਛੋਟੀਆਂ-ਛੋਟੀਆਂ ਅੱਖਾਂ ਦੀ ਚਮਕ…
ਤਾਰਿਆਂ ਦੀ ਡਲਕ ਜਿਹੀ ਲੱਗਦੀ ਹੈ…
ਜਦ ਵੇਹੜੇ ਵਿੱਚ ਰਿੜਦਾ, ਉਠਦਾ, ਡਿੱਗਦਾ,
ਤੇ ਹਰ ਬਰਕਤ ਆਣ ਮੇਰੇ ਦਰ ਵੱਸਦੀ ਹੈ…
ਉਸਦਾ ਰੁੱਸਣਾ, ਹੱਸਣਾ…
ਹਰ ਚੀਜ਼ ਮਨ ਨੂੰ ਬੜਾ ਠੱਗਦੀ ਹੈ…
ਪਰ ਕੁਝ ਦਿਨਾਂ ਤੋਂ…
ਉਸ ਨੇ ਮਹਿਸੂਸ ਕਰਵਾਇਆ…
ਕਿ ਪਿਤਾ ਚਟਾਨ ਦੀ ਤਰਾਂ ਤਾਂ ਹੋ ਸਕਦਾ…
ਪਰ ਔਲਾਦ ਦੇ ਦੁੱਖ ਵਿੱਚ…
ਹੰਝੂਆਂ ਦਾ ਸਾਗਰ ਅੱਖਾਂ ਵਿੱਚ ਵੀ ਚੋ ਸਕਦਾ…
ਉਸ ਨੇ ਇਹ ਵੀ ਮਹਿਸੂਸ ਕਰਾਇਆ…
ਇੱਕ ਪਿਓ ਵੀ ਨੁੱਕਰਾਂ ਵਿੱਚ ਲੁੱਕ ਲੁੱਕ ਰੋ ਸਕਦਾ…
ਉਸ ਨੇ ਜਾਣੂ ਕਰਵਾਇਆ ਕਿ…
ਔਲਾਦ ਖਾਤਿਰ….
ਇੱਕ ਪਿਤਾ ਮੋਮ ਤੋਂ ਵੀ ਵੱਧ ਨਰਮ ਦਿਲ…
ਤੇ ਕਲੀਆਂ ਤੋਂ ਵੀ ਵੱਧ ਕੋਮਲ ਦਿਲ ਹੋ ਸਕਦਾ…
ਤੇ ਆਪਣੀ ਜ਼ਿੰਦਗੀ ਦਾ ਹਰ ਲੰਮਹਾ…
ਹਰ ਸਾਹ, ਹਰ ਦਿਨ ਉਸ ਤੋਂ ਕੁਰਬਾਨ ਕਰ ਸਕਦਾ…
ਓਸ ਨੇ ਇਹ ਵੀ ਮਹਿਸੂਸ ਕਰਾਇਆ ਕਿ…
ਇਕ ਪਿਓ ਦੁਨੀਆ ਦੀ ਹਰ ਖ਼ੁਸ਼ੀ…
ਆਪਣੀ ਜ਼ਿੰਦਗੀ ਵੇਚ ਵੀ ਲਿਆ ਸਕਦਾ…
ਪਰਮਾਤਮਾ ਕਰੇ….
ਹਰ ਇੱਕ ਪਿਓ ਦਾ ਅੰਬਰ…
ਰਹੱਸਮਈ ਮੁਸਕਾਨਾਂ ਨਾਲ…
ਖੁਸ਼ੀਆਂ ਨਾਲ…
ਬਰਕਤਾਂ ਨਾਲ…
ਤਾਰਿਆਂ ਨਾਲ…
ਭਰਿਆ ਤੇ ਸੱਜਿਆ ਰਹੇ…
ਬਿਨਾਂ ਹੱਦਾਂ ਦੇ ਅਨੰਤਕਾਲ ਤਾਈਂ…
ਹਮੇਸ਼ਾਂ ਹਮੇਸ਼ਾਂ ਲਈ…
ਪਿਓ ਦੇ ਆਖਰੀ ਸਾਹ ਤੋਂ ਬਾਦ ਵੀ…।