ਟੀ ਵੀ ਦੀਆਂ ਖ਼ਬਰਾਂ ਦੇਖਦੇ ਹੋਏ ਪੂਰਨ ਖੰਨਾ ਦੇ ਹੱਥ ਕੰਮ ਰਹੇ ਸੀ। ਜਦ ਦਾ ਉਸ ਦਾ ਪਰਿਵਾਰ ਕਸ਼ਮੀਰ ਹਮਲੇ ਵਿੱਚ ਮਾਰਿਆ ਗਿਆ, ਪੂਰਨ ਖੰਨਾ ਨੂੰ ਖ਼ਬਰਾਂ ਤੋਂ ਹੀ ਦਹਿਸ਼ਤ ਹੋ ਗਈ ਸੀ। ਕੋਲ ਬੈਠੀ ਪਤਨੀ ਕਨੇਰ ਖੰਨਾ ਨੇ ਛੇਤੀ ਨਾਲ ਵਧ ਕੇ ਪਤੀ ਨੂੰ ਸੰਭਾਲਿਆ। ਘਬਰਾਹਟ ਨਾਲ ਪੂਰਨ ਖੰਨਾ ਦੀਆਂ ਅੱਖਾਂ ਅੱਗੇ ਦੁਨੀਆਂ ਘੁੰਮਣ ਲੱਗ ਪਈ, ਤਸਵੀਰ ਦਾ ਦੂਜਾ ਰੁੱਖ ਸਾਹਮਣੇ ਆ ਗਿਆ ਅਤੇ ਸਾਰਾ ਵਾਕਿਆ ਇੱਕ ਵਾਰ ਫੇæਰ ਤਾਜ਼ਾ ਹੋ ਗਿਆ। ….ਆਪਣੀ ਪਤਨੀ ਕਨੇਰ ਖੰਨਾ ਨਾਲ ਪੂਰਨ ਖੰਨਾ ਰਿਸ਼ਤੇਦਾਰੀ ‘ਚ ਇੱਕ ਵਿਆਹ ‘ਤੇ ਦੂਰ ਕਿਸੇ ਸ਼ਹਿਰ ਵਿੱਚ ਪੰਜ ਕੁ ਦਿਨਾਂ ਲਈ ਗਿਆ ਸੀ, ਪਿੱਛੇ ਦੋ ਜਵਾਨ ਬੇਟੇ ਅਤੇ ਇੱਕ ਜਵਾਨ ਬੇਟੀ ਨੂੰ ਘਰ ਛੱਡ ਕੇ। ਪਰ ਦੂਜੇ ਹੀ ਦਿਨ ਖ਼ਬਰਾਂ ‘ਚ ਸੁਣਿਆ ਕਿ ਕੁਪਵਾੜਾ ਘਾਟੀ ਵਿੱਚ ਪਾਕਿਸਤਾਨ ਵੱਲੋਂ ਹਮਲਾ ਹੋਇਆ ਸੀ ਅਤੇ ਸ਼ਹਿਰ ਵਿੱਚ ਤਬਾਹੀ ਦਾ ਭੜਕੰਮ ਮੱਚ ਗਿਆ ਸੀ। ਆਪਣੇ ਸ਼ਹਿਰ ਦਾ ਨਾਮ ਸੁਣਕੇ ਪੂਰਨ ਦਾ ਦਿਲ “ਧਾੜ-ਧਾੜ” ਜੋਰ ਨਾਲ ਧੜ੍ਹਕਣ ਲੱਗ ਪਿਆ। ਸਾਰੇ ਸ਼ਹਿਰ ‘ਚ ਤਬਾਹੀ ਮੱਚੀ ਹੋਈ ਸੀ, ਅਫ਼ਰਾ-ਤਫ਼ਰੀ ਵਿੱਚ ਲੋਕ ਭੱਜ ਰਹੇ ਸਨ, ਕਿਤੇ ਅੱਗ ਮੱਚ ਰਹੀ ਸੀ ਅਤੇ ਕਿਤੇ ਧੂੰਆਂ ਨਿਕਲ ਰਿਹਾ ਸੀ।
“ਹਾਏ ਰੱਬਾ, ਮੇਰੇ ਬੱਚੇ!!” ਪੂਰਨ ਦਾ ਦਿਲ ਕਿਸੇ ਅਣਜਾਣ ਜਿਹੇ ਡਰ ਅਤੇ ਦਹਿਸ਼ਤ ਨਾਲ ਕੰਬ ਗਿਆ।
“ਫ਼ੋਨ ਦੇ ਸਾਰੇ ਨੈੱਟ ਕੱਟ ਹੋ ਗਏ ਲੱਗਦੇ ਹਨ!” ਬੇਹਤਾਸ਼ਾ ਫ਼ੋਨ ਮਿਲਾਉਦੇਂ ਹੋਏ ਪੂਰਨ ਦੀ ਪਤਨੀ ਕਨੇਰ ਨੇ ਕਿਹਾ।
“ਇੱਕ ਮਿੰਟ ਵੀ ਬਿਨਾ ਗਵਾਏ ਤੂੰ ਵਾਪਿਸ ਮੁੜਨ ਦੀ ਤਿਆਰੀ ਕਰ…ਮੇਰਾ ਦਿਲ ਫ਼ੇਲ੍ਹ ਹੋਣ ਵਾਲਾ ਹੋਇਆ ਪਿਆ ਹੈ!” ਪੂਰਨ ਦੀ ਮਾਨਸਿਕ ਹਾਲਤ ਵਿਗੜ ਰਹੀ ਸੀ। ਠੰਡੇ ਮੌਸਮ ਵਿੱਚ ਵੀ ਮੱਥੇ ਤੋਂ ਪਸੀਨਾ ਚੋਈ ਜਾ ਰਿਹਾ ਸੀ। ਉਸ ਨੇ ਆਪਣਾ ਸਿਰ ਫੜ ਪਤਨੀ ਕਨੇਰ ਨੂੰ ਆਖਿਆ ਸੀ।
ਉਹਨਾਂ ਨੇ ਵਾਹੋ-ਦਾਹੀ ਸਮਾਨ ਕਾਰ ਵਿੱਚ ਸੁੱਟਿਆ ਅਤੇ ਕਾਰ ਆਪਣੇ ਸ਼ਹਿਰ ਵੱਲ ਦੌੜਾ ਲਈ।
ਥਾਂ-ਥਾਂ ‘ਤੇ ਨਾਕੇ ਲੱਗੇ ਹੋਏ ਸੀ। ਆਪਣੇ ਪਰਿਵਾਰ ਦਾ ਬਿਓਰਾ ਦੇਣ ਤੋਂ ਬਾਅਦ ਪੂਰਨ ਅਤੇ ਕਨੇਰ ਨੂੰ ਬੜੀ ਮੁਸਿਕਲ ਨਾਲ ਸ਼ਹਿਰ ‘ਚ ਦਾਖਲਾ ਮਿਲਿਆ। ਜਿਸ ਜਗਾਹ ‘ਤੇ ਆਤੰਕ ਦੀ ਤਬਾਹੀ ਮੱਚੀ ਸੀ, ਬਦਕਿਸਮਤੀ ਨਾਲ ਪੂਰਨ ਖੰਨਾ ਦਾ ਘਰ ਵੀ ਇਸ ਦੀ ਚਪੇਟ ‘ਚ ਆ ਗਿਆ ਸੀ। ਪੂਰਨ ਅਤੇ ਕਨੇਰ ਖੰਨਾ ਦੂਰੋਂ ਹੀ ਦੁਹੱਥੜਾਂ ਮਾਰਨ ਲੱਗ ਪਏ।
“ਆਹ ਏਰੀਆ ਬੈਨ ਹੈ, ਤੁਸੀ ਇਸ ਅੰਦਰ ਨਹੀ ਜਾ ਸਕਦੇ।” ਤਕਰੀਬਨ ਧੱਕਾ ਮਾਰਦੇ ਹੋਏ ਇੱਕ ਆਰਮੀ ਦੇ ਜਵਾਨ ਨੇ ਪੂਰਨ ਨੂੰ ਜਬਰੀ ਰੋਕਿਆ।
“ਮੇ…ਮੇਰਾ ਟੱਬਰ ਹੈ ਅੰਦਰ…ਹਾਏ ਓਏ ਮੈਨੂੰ ਜਾਣ ਦਿਓ …।” ਚੀਕਾਂ ਮਾਰਦੇ ਹੋਏ ਪੂਰਨ ਜ਼ਮੀਨ ‘ਤੇ ਬੈਠ ਗਿਆ। ਘਰ ਦੀ ਤਬਾਹੀ ਦੀ ਗਵਾਹੀ ਬਾਹਰੋਂ ਹੀ ਕੰਧਾਂ ਦੇ ਰਹੀਆ ਸੀ, ਜਿਸ ਨੂੰ ਵੇਖ ਕੇ ਕਨੇਰ ਖੰਨਾ ਦੇ ਵੈਣ ਨਹੀਂ ਸੀ ਰੁਕ ਰਹੇ…”ਅੋ ਮੇਰੇ ਸ਼ੇਰੋ ਪੁੱਤਰੋ, ਮੇਰੀ ਧੀ ਰਾਣੀ ਕਿੱਥੇ ਹੋ…? ਵੇ ਅਵਾਜ਼ ਤਾਂ ਦਿਓ….ਕੋਈ ਤੇ ਦੱਸੋ?”
“ਜੋ ਫੱਟੜ ਹੋਏ ਹਨ, ਓਹ ਸਰਕਾਰੀ ਹਸਪਤਾਲ ਵਿੱਚ ਹਨ, ਤੇ ਜੋ ਮਰ ਗਏ ਨੇ ਓਹ ਸਾਰੇ ਮੁਰਦਾ ਘਰ ਵਿੱਚ ਜਮ੍ਹਾਂ ਹਨ, ਸ਼ਨਾਖ਼ਤ ਲਈæææਤੁਸੀ ਓਥੇ ਜਾਵੋ ਤੇ ਸਾਨੂੰ ਆਪਣੀ ਕਾਰਵਾਈ ਕਰਨ ਦਵੋ!” ਸੇਨਾ ਦੇ ਇੱਕ ਜਵਾਨ ਨੇ ਮਾਹੌਲ ਨੂੰ ਸ਼ਾਂਤ ਰੱਖਣ ਦੇ ਨਜ਼ਰੀਏ ਨਾਲ ਕਿਹਾ। ਤੀਰ ਦੀ ਗਤੀ ਵਾਂਗ ਪੂਰਨ ਆਪਣੀ ਪਤਨੀ ਕਨੇਰ ਨਾਲ ਹਸਪਤਾਲ ਨੂੰ ਦੌੜ ਪਿਆ। ਹਾਦਸੇ ਦੇ ਸ਼ਿਕਾਰ ਹੋਏ ਮਰੀਜਾਂ ਦੇ ਇੱਕ ਵੱਡੇ ਵਰਾਂਡੇ ਵਿੱਚ ਹਾਉਕੇ ਲੈਂਦਾ ਪੂਰਨ ਖੰਨਾ ਹਰ ਬੈੱਡ ਦੇ ਕੋਲ ਜਾ ਫ਼ੱਟੜਾਂ ਨੂੰ ਡਰ ਅਤੇ ਸੱæਕ ਭਰੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਆਪਣੇ ਤਿੰਨੋਂ ਬੱਚਿਆਂ ਨੂੰ ਭਾਲ ਰਿਹਾ ਸੀ। ਕਈ-ਕਈ ਵਾਰ ਵੇਖਣ ਤੋਂ ਬਾਅਦ ਵੀ ਜਦ ਪੂਰਨ ਖੰਨਾ ਨੂੰ ਆਪਣੇ ਬੱਚੇ ਨਹੀਂ ਮਿਲੇ ਤਾਂ ਹਾਰ ਕੇ ਹਸਪਤਾਲ ਦੇ ਮੁੱਖ ਦਰਵਾਜੇ ‘ਤੇ ਆ ਦਰੱਖ਼ਤ ਥੱਲੇ ਨਿਢਾਲ ਹੋ ਕੇ ਬੈਠ ਗਿਆ।
“ਲਵੋ, ਪਾਣੀ ਪੀਓ!” ਕਨੇਰ ਨੇ ਕਿਸੇ ਕੋਲੋਂ ਪਾਣੀ ਲਿਆ ਆਪਣੇ ਪਤੀ ਦੇ ਮੂੰਹ ਨੂੰ ਲਾਇਆ। ਪੂਰਨ ਦੇ ਬੁੱਲ ਸੁੱਕੇ ਹੋਏ ਅਤੇ ਮੂੰਹ ਖੁੱਲ੍ਹਾ ਸੀ। ਉਸ ਦਾ ਸਾਹ ਧੌਂਕਣੀਂ ਵਾਂਗ ਚੱਲ ਰਿਹਾ ਸੀ।
“ਕਨੇਰ, ਮੇਰਾ ਮਨ ਡਰ ਰਿਹਾ ਹੈ, ਮੇਰਾ ਹੌਂਸਲਾ ਨਹੀਂ ਪੈ ਰਿਹਾ ਮੁਰਦਾ ਘਰ ਵਿੱਚ ਜਾ ਕੇ ਸ਼ਨਾਖ਼ਤ ਕਰਨ ਦਾ…! ਰੱਬ ਨਾ ਕਰੇ ਜੇ… ਵਾਹਿਗੁਰੂ ਵਾਹਿਗੁਰੂ ਤਰਸ ਕਰੀਂ…।” ਅੱਖਾਂ ਦੀ ਸੁਨਾਮੀ ਨੂੰ ਠੱਲ੍ਹ ਨਹੀਂ ਸੀ ਪੈ ਰਹੀ। ਪੂਰਨ ਦੀਆਂ ਅੱਖਾਂ ਲਾਲ ਬੇਰਾਂ ਵਾਂਗ ਭਖੀਆਂ ਹੋਈਆਂ ਸੀ।
“ਆਪਣੇ ਨਿਆਣਿਆਂ ਦੀ ਭਾਲ ਕਰਨਾ ਤੇ ਸਾਡੀ ਹੀ ਜਿੰਮੇਵਾਰੀ ਹੈ… ਇੰਜ ਬੈਠਿਆਂ ਤੇ ਕੋਈ ਮਦਦ ਕਰਨ ਨਹੀਂ ਆਉਣ ਲੱਗਾ।” ਕਨੇਰ ਅਜੇ ਵੀ ਨਤੀਜੇ ‘ਤੇ ਪਹੁੰਚਣ ਦਾ ਹੌਂਸਲਾ ਸਾਂਭੀ ਬੈਠੀ ਸੀ, “ਉਠੋ, ਜ਼ਰਾ ਹੌਸਲਾ ਕਰੋ… ਰਾਤ ਘਿਰਦੀ ਆਉਦੀਂ ਹੈ।” ਆਪਣੇ ਪਤੀ ਨੂੰ ਲੱਗਭੱਗ ਖਿੱਚਦੇ ਹੋਏ ਕਨੇਰ ਬੋਲੀ।
ਜਿਵੇਂ ਹੀ ਮੁਰਦਾ ਖਾਨੇ ਪਹੁੰਚੇ ਤਾਂ ਦਰਵਾਜੇ ‘ਤੇ ਹੀ ਇੱਕ ਡਿਊਟੀ ਵਾਲੇ ਬੰਦੇ ਨੇ ਰੋਕਦੇ ਹੋਏ ਕੁਝ ਜ਼ਰੂਰੀ ਕਾਰਵਾਈ ਕਰਨ ਨੂੰ ਕਿਹਾ। ਦੋਵੇ ਮੀਆਂ-ਬੀਵੀ ਅਵਾਕ ਜਿਹੇ ਗੇਟ ਕੀਪਰ ਦਾ ਮੂੰਹ ਦੇਖਣ ਲੱਗ ਪਏ। ਪੂਰਨ ਖੰਨਾ ਅਤੇ ਕਨੇਰ ਖੰਨਾ ਕਾਗਜ਼ੀ ਕਾਰਵਾਈ ਵਾਲੇ ਕਮਰੇ ਵਿੱਚ ਜਾ ਕੇ ਕਰਮਚਾਰੀਆਂ ਕੋਲ ਕਾਗਜ਼ੀ ਕਾਰਵਾਈ ਕਰਵਾਉਣ ਲੱਗ ਪਏ, ਜਿਸ ਵਿੱਚ ਦੋ ਘੰਟੇ ਲੱਗ ਗਏ।
“ਉਏ, ਹੁਣ ਮੇਹਰਬਾਨੀ ਕਰਕੇ ਮੈਨੂੰ ਅੰਦਰ ਲੈ ਚਲੋ ਦੁਸ਼ਮਣੋਂ….! ਮੇਰੇ ‘ਲਾਲ’ ਕਿੱਥੇ ਗਵਾਚੇ ਨੇ…।” ਜਿਵੇਂ ਹੀ ਪੂਰਨ ਨੇ ਅੰਦਰ ਜਾਣ ਲਈ ਕਾਗਜ਼ ਮੇਜ਼ ‘ਤੇ ਸੁੱਟ ਨਾਲ ਦੇ ਬੰਦੇ ਨੂੰ ਧੱਕਾ ਦਿੱਤਾ, ਪਰ ਦਰਵਾਜੇ ਤੇ ਖੜੇ ਓਸੇ ਗੇਟ ਕੀਪਰ ਨੇ ਪੂਰਨ ਅਤੇ ਕਨੇਰ ਨੂੰ ਜ਼ਰਾ ਸਖ਼ਤੀ ਨਾਲ ਰੋਕਦੇ ਹੋਏ ਕਿਹਾ “ਮਾਫ਼ ਕਰਨਾ, ਪੰਜ ਵਜੇ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ, ਆਹ ਲੰਬਾ ਕੰਮ ਹੈ, ਹੁਣ ਤੁਸੀਂ ਕੱਲ੍ਹ ਆਓ।”
“….ਹਾਏ ਰੱਬਾ…..ਮੈਥੋਂ ਤੇ ਆਹ ਰਾਤ ਨਹੀਂ ਲੰਘਣੀ …ਮੈਨੂੰ ਇੰਜ ਹੀ ਮਾਰ ਦਿਓ…! ਤਰਸ ਕਰੋ, ਰੱਬ ਦਾ ਖ਼ੌਫ਼ ਕਰੋ…।” ਪੂਰਨ ਬੇਵਸਾ ਜਿਹਾ ਹੋ ਉਚੀ-ਉਚੀ ਬੋਲਣ ਅਤੇ ਰੋਣ ਪਿਆ। ਪੂਰਨ ਨੂੰ ਹਮਦਰਦ ਲੋਕਾਂ ਨੇ ਸੰਭਾਲ ਕੇ ਪਾਸੇ ਬਿਠਾਇਆ ਅਤੇ ਸਮਝਾਇਆ, “ਹਰ ਕਾਰਵਾਈ ਕਾਨੂੰਨ ਮੁਤਾਬਿਕ ਹੀ ਹੋਣੀ ਹੈ, ਤੁਸੀਂ ਸਬਰ ਕਰ ਕੇ ਰਾਤ ਕੱਟੋ!”
ਕੋਈ ਵਾਹ ਨਹੀਂ ਚੱਲ ਰਹੀ ਸੀ ਅਤੇ ਆਪਣੀ ਪਤਨੀ ਕਨੇਰ ਦੇ ਮੋਢੇ ‘ਤੇ ਹੱਥ ਰੱਖ ਆਪਣੇ ਆਪ ਨੂੰ ਘਸੀਟਦਾ ਹੋਇਆ ਟੁਰ ਪਿਆ ਅਤੇ ਥੋੜ੍ਹੀ ਦੂਰ ਇੱਕ ਕੰਧ ਦਾ ਸਹਾਰਾ ਲੈ, ਨਿਢਾਲ ਹੋਇਆ, ਪੈ ਗਿਆ। ਉਸ ਨੂੰ ਭੁੱਖ, ਪਿਆਸ ਦੀ ਕੋਈ ਸੁਰਤ ਨਹੀਂ ਸੀ। ਪੂਰਨ ਖੰਨਾ ਨੇ ਅੱਖਾਂ ਉਪਰ ਅਕਾਸ਼ ਵੱਲ ਲਗਾ ਲਈਆਂ, ਜਿਵੇਂ ਕਾਲੀ ਭਿਆਨਕ ਰਾਤ ਨੂੰ ਜਲਦੀ ਬੀਤ ਜਾਣ ਦੀ ਅਰਦਾਸ ਕਰ ਰਿਹਾ ਹੋਵੇ। ਕਨੇਰ ਖੰਨਾ ਵੀ ਆਪਣੇ ਅੰਦਰ ਦੇ ਫੱਟਾਂ ਨੂੰ ਦੱਬੀ ਬੈਠੀ ਇੱਕ-ਇੱਕ ਘੜ੍ਹੀ ਨੂੰ ਇੱਕ-ਇੱਕ ਵਰ੍ਹੇ ਵਾਂਗ ਕੱਟ ਰਹੀ ਸੀ।
ਕੁਦਰਤ ਨੇ ਆਪਣਾ ਚੱਕਰ ਪੂਰਾ ਕੀਤਾ, ਸੂਰਜ ਆਪਣਾ ਸਿਰ ਚੁੱਕਣ ਲੱਗ ਪਿਆ। ਪੂਰਨ ਅਤੇ ਕਨੇਰ ਦੋਵਂੇ ਪਤੀ ਪਤਨੀ ਬਹੁਤ ਸਹਿਮੇ ਹੋਏ ਸੀ ਕਿ ਹਸਪਤਾਲ ਵਿੱਚ ਬੱਚੇ ਨਹੀਂ ਮਿਲੇ ਤੇ ਕਿਤੇ….? ਕਿਸੇ ਵੀ ਮਾਂ ਪਿਓ ਲਈ ਮੁਰਦੇ ਦੀ ਸ਼ਨਾਖ਼ਤ ਕਰਨਾ ਆਪਣੇ ਆਪ ਨੂੰ ਮੁਰਦਾ ਗਰਦਾਨਣ ਨਾਲੋਂ ਘੱਟ ਨਹੀਂ ਹੁੰਦਾ। ਅੱਠ ਵਜੇ ਦਰਵਾਜ਼ਾ ਖੁੱਲ੍ਹਦੇ ਹੀ ਪੂਰਨ ਨੇ ਕਲੇਜਾ ਫੜ ਅੰਦਰ ਕਦਮ ਰੱਖਿਆ ਅਤੇ ਨਾਲ-ਨਾਲ ਡਰੀ ਜਿਹੀ ਕਨੇਰ ਵੀ ਅਰਦਾਸ ਕਰਦੀ ਟੁਰ ਪਈ। ਸ਼ਨਾਖ਼ਤ ਕਰਦੇ ਹੋਏ ਦੋਹਾਂ ਦੇ ਕਲੇਜੇ ਮੂੰਹ ਨੂੰ ਆ ਰਹੇ ਸਨ। ਜਿਵੇਂ-ਜਿਵੇਂ ਬਕਸਿਆਂ ਕੋਲ ਲੈ ਜਾ ਕੇ ਲਾਸ਼ ਦੀ ਸ਼ਕਲ ਵਿਖਾਈ ਜਾਂਦੀ, ਪੂਰਨ ਅਤੇ ਕਨੇਰ ਦੇ ਸਾਹ ਰੁਕਣ ਵਰਗੇ ਹੋ ਜਾਂਦੇ। ਫ਼ੇਰ ਇੱਕ ….
“ਨਹੀਂ!!!!! ਨਹੀਂ!!!!! ਹਾਏ ਓਏ ਰੱਬਾ….! ਇਹ ਕੀ ਭਾਣਾ ਵਰਤਾ ਦਿੱਤਾ ਤੂੰ…?” ਆਪਣੇ ਛੋਟੇ ਪੁੱਤ ਦੀ ਲਾਸ਼ ਨੂੰ ਬਕਸੇ ਵਿੱਚ ਰੱਖਿਆ ਵੇਖ ਪੂਰਨ ਨੇ ਚੀਕ ਮਾਰੀ। ਕਨੇਰ ਭੁੱਬਾਂ ਮਾਰ ਪਿੱਟਣ ਲੱਗ ਪਈ।
“ਤੁਸੀ ਸ਼ਨਾਖ਼ਤ ਦੀ ਕਾਰਵਾਈ ਪੂਰੀ ਕਰੋ, ਸਬਰ ਰੱਖੋ।” ਕਰਮਚਾਰੀ ਨੇ ਹਮਦਰਦੀ ਨਾਲ ਪੂਰਨ ਦੇ ਮੋਢੇ ‘ਤੇ ਹੱਥ ਰੱਖ ਕਿਹਾ। ਨਾਲ ਦੇ ਇੱਕ ਕਰਮਚਾਰੀ ਨੇ ਆਪਣੀ ਫਾਇਲ਼ ਵਿੱਚ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਬਹੁਤੀ ਦੇਰ ਅੰਦਰ ਰੁਕਣ ਦਾ ਹੁਕਮ ਨਹੀ ਸੀ। ਇਸ ਲਈ ਸਾਰੇ ਅੱਗੇ ਵਧਣ ਲੱਗ ਪਏ। ਅਗਲੀ ਸ਼ਨਾਖ਼ਤ ਲਈ।
“ਆ….ਆਹ ਤਾਂ ਮੇਰੀ ਧੀ? ….ਮੇਰੀ ਧੀ… ਦੀ ਲ਼ਾਸ਼ ਹੈ? …. ਤੁਸੀ ਵੇਖੋ, ਮੇਰੇ ਤੋਂ ਆਹ ਸਿਆਣੀ ਹੀ ਨਹੀਂ ਜਾ ਰਹੀ…!” ਇਕ ਕੁੜੀ ਦੀ ਲ਼ਾਸ਼ ਦੀ ਖ਼ਰਾਬ ਹਾਲਤ ਵੇਖ ਕਨੇਰ ਆਪਣੇ ਪਤੀ ਪੂਰਨ ਦੇ ਕੁੜਤੇ ਨੂੰ ਘੁੱਟ ਕੇ ਫੜ ਹਿਲਾਉਂਦਿਆਂ ਕਹਿਣ ਲੱਗੀ।
“ਹਾਏ ਲਾਡਲੀਏ ਮੇਰੀਏ ਧੀਏ…! ਆਹ ਕੀ ਜੁਲਮ ਹੋ ਗਿਆ…।” ਪੂਰਨ ਦੇ ਜਿਵੇਂ ਕਿਸੇ ਨੇ ਕੁਹਾੜ੍ਹਾ ਮਾਰਿਆ ਹੋਵੇ। ਹੁਣ ਦੋਹਾਂ ਦੇ ਪੈਰ ਜੰਮ ਗਏ ਸੀ। ਅੱਗੇ ਲਾਸ਼ਾਂ ਦੀ ਸ਼ਨਾਖਤ ਕਰਨ ਦਾ ਹੀਆਂ ਨਹੀਂ ਸੀ ਪੈ ਰਿਹਾ।
“ਮੇਰੇ ਰੱਬਾ!! ਮੇਰੇ ਵੱਡੇ ਪੁੱਤ ਨੂੰ ਮੈਨੂੰ ਬਖਸ਼ੀ ਰੱਖੀਂ…।” ਘੁੱਟ ਕੇ ਕਲੇਜ਼ੇ ਨੂੰ ਫੜੀ ਕਨੇਰ ਵਰਾਂਡੇ ਵਿੱਚ ਤੇਜ਼ੀ ਨਾਲ ਨਜ਼ਰ ਦੌੜਾਂਦੀ ਅਰਦਾਸ ਕਰੀ ਜਾ ਰਹੀ ਸੀ। ਹਜੇ ਵੱਡੇ ਪੁੱਤ ਦੀ ਆਸ ਬਾਕੀ ਸੀ। ਸੰਕੋਚਵੇਂ ਕਦਮਾਂ ਨੂੰ ਘਸੀਟਦੇ ਹੋਏ ਦੋਵੇਂ ਪਤੀ-ਪਤਨੀ ਤਕਰੀਬਨ ਅਖੀਰਲੇ ਬਕਸੇ ਕੋਲ ਆ ਗਏ। ਚਿਹਰੇ ਤੋਂ ਚਾਦਰ ਹਟਾਉਂਦਿਆਂ ਹੀ ਪੂਰਨ ਚੀਕ ਮਾਰਕੇ ਡਿੱਗ ਪਿਆ ਅਤੇ ਕਨੇਰ ਸਿਰ ਪਿੱਟ ਕੇ ਫ਼ਰਸ਼ ‘ਤੇ ਬੈਠ, ਵੈਣ ਪਾਉਣ ਲੱਗ ਪਈ।
“ਲੱਗਦਾ ਆਹ ਇਹਨਾਂ ਦਾ ਵੱਡਾ ਬੇਟਾ ਹੈ, ਓਹ ਡਾਢਿਆ ਰੱਬਾ ਕੀ ਕਹਿਰ ਢਾਹ ਦਿੱਤਾ ਤੂੰ ਇਹਨਾਂ ਗਰੀਬਾਂ ‘ਤੇ?” ਕਰਮਚਾਰੀ ਨੇ ਨਾਲ ਦੇ ਨੂੰ ਆਪਣਾ ਸ਼ੱਕ ਪੁਖਤਾ ਕਰਦੇ ਹੋਏ ਕਿਹਾ।
“ਰਾਤ ਦੋ ਵਜੇ ਸ਼ਹਿਰ ‘ਤੇ ਅਟੈਕ ਹੋਇਆ ਸੀ, ਖਵਰੈ ਸੁੱਤੇ ਪਏ ਹੀ ਰਹਿ ਗਏ ਹੋਣੇ ਬਿਚਾਰਿਆਂ ਦੇ ਬੱਚੇ?” ਨਾਲ ਦੇ ਕਰਮਚਾਰੀ ਨੇ ਕਿਹਾ ਅਤੇ ਘੋਰ ਦੁੱਖ ਵਿੱਚ ਸਿਰ ਹਿਲਾਉਂਦੇ ਹੋਏ ਪੂਰਨ ਖੰਨਾ ਨੂੰ ਜੱਫੇ ‘ਚ ਭਰ ਕੇ ਫ਼ਰਸ਼ ਤੋਂ ਚੁੱਕਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਪੂਰਾ ਇਲਾਕਾ ਪੂਰਨ ਅਤੇ ਕਨੇਰ ਦੀਆਂ ਧਾਹਾਂ ਨਾਲ ਗਮਗੀਨ ਹੋ ਗਿਆ ਸੀ। ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੂਰਨ ਨੂੰ ਸੌਂਪ ਦਿੱਤੀਆਂ ਗਈਆਂ। ਰੋ-ਰੋ ਦੋਵੇਂ ਪਤੀ-ਪਤਨੀ ਦੀਆਂ ਅੱਖਾਂ ਦਾ ਦਰਿਆ ਸੁੱਕ ਗਿਆ ਸੀ ਅਤੇ ਵੈਣ ਪਾ-ਪਾ ਗਲ ਬੈਠ ਗਿਆ ਸੀ। ਅਖੀਰਲੀਆਂ ਸਾਰੀਆਂ ਰਸਮਾਂ ਤਾਂ ਕਰਨੀਆ ਹੀ ਸੀ। ਪੂਰਨ ਅਤੇ ਕਨੇਰ ਆਪਣੇ ਤਿੰਨੋਂ ਬੱਚਿਆਂ ਦੀਆਂ ਲ਼ਾਸ਼ਾਂ ਨੂੰ ਢੋਂਹਦੇ ਹੋਏ ਆਪ ਹੀ ਲ਼ਾਸ਼ ਬਣ ਗਏ ਜਾਪਦੇ ਸੀ।
…..ਵਕਤ ਆਪਣੀ ਚਾਲ ਤੁਰਨ ਲੱਗ ਪਿਆ। ਹਾਲਾਤ ਕੁਝ ਠੰਡੇ ਹੋਏ ਅਤੇ ਪੂਰਨ ਦੇ ਘਰ ਦੀ ਮੁਰੰਮਤ ਕਰਕੇ ਪਤੀ-ਪਤਨੀ ਨੂੰ ਆਪਦੇ ਘਰ ਵਾਪਸ ਭੇਜ ਦਿਤਾ ਗਿਆ।
“ਕਨੇਰ, ਮੇਰਾ ਜਿਗਰਾ ਨਹੀਂ ਪੈਂਦਾ ਹੁਣ ਇਸ ਘਰ ਵਿੱਚ ਰਹਿਣ ਦਾ…।” ਅੱਖਾਂ ਦੇ ਹੜ੍ਹ ਨੂੰ ਪਰਨੇ ਨਾਲ ਪੂੰਝਦੇ ਹੋਏ ਪੂਰਨ ਨੇ ਆਪਣੀ ਘਰਵਾਲੀ ਨੂੰ ਕਿਹਾ, “ਇਹੀ ਘਰ ਹੁਣ ਖਾਣ ਆਇਆ ਕਰੂਗਾ!”
“ਕਿੱਥੇ ਜਾਵਾਂਗੇ ਇਸ ਉਮਰੇ? ਇੱਥੇ ਘੱਟੋ ਘੱਟ ਆਪਣੇ ਬੱਚਿਆਂ ਦੀਆਂ ਯਾਦਾਂ ਹੀ ਮੈਨੂੰ ਜਿਉਂਦਾ ਰੱਖ ਸਕਦੀਆਂ ਨੇ, ਇਸ ਵਿਹੜ੍ਹੇ ਵਿੱਚ ਮੇਰੇ ਲਾਲ ਇੱਕ-ਇੱਕ ਦਿਨ ਵੱਡੇ ਹੋਏ ਸੀ….।” ਆਖਦੇ ਹੋਏ ਕਨੇਰ ਬਿਰਹੋਂ ਵਿੱਚ ਭਿੱਜ ਕੇ ਆਪਣੇ ਸਿਰ ਨੂੰ ਗੋਡਿਆਂ ਵਿੱਚ ਰੱਖ ਸੁਬਕਣ ਲੱਗ ਪਈ।
“ਮੈਨੂੰ ਵੀ ‘ਮੇਰੇ ਸ਼ੇਰ’ ਇੱਧਰ ਉਧਰ ਦੌੜਦੇ ਦਿਖਦੇ ਨੇ!” ਦੁੱਖ ਨਾਲ ਖਿੱਲਰੀ ਕਨੇਰ ਨੂੰ ਪੂਰਨ ਨੇ ਹਿੱਕ ਨਾਲ ਲਾ ਲਿਆ। ਜਿਵੇਂ ਆਪਣੇ ਆਪ ਨੂੰ ਹੀ ਤਸੱਲੀ ਦੇ ਰਿਹਾ ਹੋਵੇ।
…..ਵਕਤ ਬੜਾ ਬਲਵਾਨ ਹੁੰਦਾ ਹੈ। ਵੱਡੇ ਤੋਂ ਵੱਡੇ ਜ਼ਖਮ ਨੂੰ ਭਰ ਦਿੰਦਾ ਹੈ। ਪਰ ਕੁਝ ਜ਼ਖਮ ਭਰਦੇ ਨਹੀਂ, ਪਰੰਤੂ ਖਰੀਂਢ ਬਣ ਢਕੇ ਜ਼ਰੂਰ ਜਾਂਦੇ ਹਨ। ਯਾਦਾਂ ਨੂੰ ਕਲੇਜੇ ਨਾਲ ਲਾਏ ਇੱਕ ਸਾਲ ਹੋ ਚੱਲਿਆ ਸੀ। ਪਰ ਅਜੇ ਵੀ ਕੱਲ੍ਹ ਹੀ ਵਾਪਰਿਆ ਹਾਦਸਾ ਲੱਗਦਾ ਸੀ। ਇੱਕ ਗੱਲ ਪੂਰਨ ਦੇ ਦਿਮਾਗ ‘ਤੇ ਬੁਰੀ ਤਰ੍ਹਾਂ ਘਰ ਕਰ ਗਈ ਸੀ ਕਿ ਮੁਸਲਮਾਨਾਂ ਕਰਕੇ ਮੇਰੇ ਬੱਚੇ ਮਰੇ ਹਨ। ਹੁਣ ਓਹ ਮੁਸਲਮਾਨਾਂ ਤੋ ਬਹੁਤ ਨਫ਼ਰਤ ਕਰਨ ਲੱਗ ਪਿਆ ਸੀ। ਉਹ ਗੱਲ-ਗੱਲ ‘ਤੇ ਨਸਲੀ ਗਾਲਾਂ ਕੱਢਦਾ ਅਤੇ ਖਿਝਦਾ।
“ਤੁਸੀ ਆਪਣੀ ਸੋਚ ਨੂੰ ਠੱਲ੍ਹ ਪਾਓ। ਓਹ ਪਾਕਿਸਤਾਨੀ ਲੋਕਾਂ ਦਾ ਹਮਲਾ ਸੀ। ਆਪਣੇ ਆਲੇ ਦੁਆਲੇ ਵੀ ਤੇ ਮੁਸਲਮਾਨ ਰਹਿੰਦੇ ਹਨ। ਸਾਰੇ ਚੰਗੇ ਲੋਕ …।” ਕਨੇਰ ਕਿਸੇ ਭਵਿੱਖੀ ਡਰ ਤੋਂ ਸ਼ੰਕਿਤ ਹੋ ਕੇ ਬੋਲ ਰਹੀ ਸੀ।
“ਤੂੰ ਚੁੱਪ ਕਰ….! ਪਾਕਿਸਤਾਨ ਮੁਸਲਿਮ ਦੇਸ਼ ਹੀ ਤੇ ਹੈ, ਜੇ ਮੈਂ ਅੱਜ ਲ਼ਾਸ਼ ਬਣਿਆਂ ਫਿਰਦਾ ਹਾਂ ਤਾਂ ਇਹਨਾਂ ਦੀ ਹੀ ਦੇਣ ਹੈ।” ਆਪਣੀ ਪਤਨੀ ਦੀ ਗੱਲ ਵਿੱਚੋਂ ਹੀ ਕੱਟਦੇ ਹੋਏ ਪੂਰਨ ਨੇ ਰੋਸਾ ਕੀਤਾ।
“ਨਫ਼ਰਤ ਪਾਲ ਕੇ ਗੁਜਰ ਨਹੀਂ ਹੁੰਦੀ …. ਤੁਸੀ ਹੁਣ ਦੁਆ ਸਲਾਮ ਦਾ ਵੀ ਜਵਾਬ ਨਹੀਂ ਦਿੰਦੇ ਕਿਸੇ ਨੂੰ।” ਕਨੇਰ ਕੁਝ ਪ੍ਰੇਸ਼ਾਨ ਵੀ ਸੀ ਕਿਉਂਕਿ ਸਾਰੀ ਉਮਰ ਨਿਕਲ ਗਈ ਇਹਨਾਂ ਲੋਕਾਂ ਵਿੱਚ ਵਿਚਰਦੇ ਹੋਏ।
“ਮੇਰਾ ਵੱਸ ਚੱਲੇ ਤੇ ਇੱਕ-ਇੱਕ ਨੂੰ ਮੁਲਕੋਂ ਬਾਹਰ ਕੱਢ ਦਿਆਂ… ਮੇਰਾ ਵਿਹੜਾ ਸੁੰਨਮ ਸੁੰਨਾ ਕਰ ਕੇ ਕੀ ਮਿਲ ਗਿਆ ਇਹਨਾਂ ਨੂੰ? ਮਿਲ ਗਿਆ ਕਸ਼ਮੀਰ? ਹੋ ਗਿਆ ਅਜ਼ਾਦ?? ….ਹਾਏ ਓ… ਮੇਰੇ ਲਾਲ, ਮੇਰੇ ਸ਼ੇਰ, ਮੇਰੇ ਬੱਚੇ… ਮੈਨੂੰ ਮਾਰ ਦਿੰਦੇ ਬੰਬ ਜੋ ਮਾਰਨਾ ਸੀ… ਓਏ ਜ਼ਾਲਮੋਂ….!” ਪੂਰਨ ਖੰਨਾ ਧਾਹਾਂ ਮਾਰ ਉਚੀ-ਉਚੀ ਰੋਣ ਲੱਗ ਪਿਆ। ਕਨੇਰ ਨੂੰ ਪੂਰਨ ਦੇ ਅੰਦਰ ਦੱਬੇ ਗ਼ਮ ਦੇ ਫ਼ਟ ਜਾਣ ਦਾ ਪੂਰਾ ਯਕੀਨ ਸੀ।
“ਤੁਸੀਂ ਅੱਗੇ ਰੋਜ਼ ਗੁਰੁਦੁਆਰੇ ਜਾਂਦੇ ਸੀ, ਹੁਣ ਕਾਹਤੋਂ ਜਾਣਾ ਛੱਡ ਦਿੱਤਾ, ਗੁਰੂ ਘਰ ਜਾਇਆ ਕਰੋ, ਤੁਹਾਡਾ ਮਨ ਟਿਕੂਗਾ!” ਪਤਨੀ ਉਸ ਲਈ ਚਿੰਤਤ ਸੀ।
-”ਮੈਂ ਨੀ ਜਾਣਾ ਕਿਤੇ!” ਉਹ ਅੱਕਿਆ ਹੋਇਆ ਬੋਲਿਆ, “ਤੂੰ ਚੁੱਪ ਰਿਹਾ ਕਰ!”
“ਕੀ ਹੋ ਗਿਆ ਅੰਕਲ ਜੀ ਨੂੰ?” ਬੂਹਿਓਂ ਅੰਦਰ ਆਉਂਦੇ ਫ਼ਾਨੀ ਬਾਲਾ ਨੇ ਕਨੇਰ ਨੂੰ ਘਬਰਾ ਕੇ ਪੁੱਛਿਆ। ਫ਼ਾਨੀ ਬਾਲਾ ਨਾਲ ਦੇ ਘਰ ਵਿੱਚ ਰਹਿੰਦੀ ਉਹਨਾਂ ਦੀ ਗੁਆਂਢਣ ਸੀ। ਜਦ ਦਾ ਹਾਦਸਾ ਹੋਇਆ ਸੀ, ਅਕਸਰ ਹੀ ਉਹ ਹਮਦਰਦੀ ਜਤਾਉਣ ਆ ਜਾਂਦੀ।
“ਤੈਨੂੰ ਤੇ ਪਤਾ ਹੀ ਹੈ, ਤੇਰੇ ਅੰਕਲ ਦੀ ਦਿਮਾਗੀ ਹਾਲਤ ਠੀਕ ਨਹੀਂ ਰਹਿੰਦੀ ਹੁਣæææ ਮੈਂ ਇਹਨਾਂ ਦੀ ਚਿੰਤਾ ‘ਚ ਘੁਲੀ ਜਾ ਰਹੀ ਹਾਂ!” ਕਨੇਰ ਨੇ ਪਾਣੀ ਪੂਰਨ ਦੇ ਮੂੰਹ ਨੂੰ ਲਾਉਂਦੇ ਹੋਏ ਕਿਹਾ ਅਤੇ ਪੂਰਨ ਦੇ ਲੱਕ ਤੇ ਹੱਥ ਫੇਰਨ ਲੱਗ ਪਈ।
“ਕੱਲ੍ਹ ਤੁਸੀ ਦੋਵੇ ਮੇਰੇ ਨਾਲ ਚੱਲਿਓ, ਮੈਂ ਦਿਖਾਅੁਂਗੀ ਤੁਹਾਨੂੰ ਜ਼ਿੰਦਗੀ ਦਾ ਦੂਸਰਾ ਰੂਪ … ਨੌਂ ਵਜੇ ਮੈਂ ਤੁਹਾਨੂੰ ਲੈਣ ਆਉਗੀਂ!” ਫ਼ਾਨੀ ਬਾਲਾ ਉਹਨਾਂ ਦੀ ਮੱਦਦ ਕਰਨਾ ਚਾਹੁੰਦੀ ਸੀ। ਅਗਲੇ ਦਿਨ ਸਵੇਰੇ ਫ਼ਾਨੀ ਬਾਲਾ ਆ ਗਈ ਅਤੇ ਪੂਰਨ ਖੰਨਾ ਤੇ ਕਨੇਰ ਖੰਨਾ ਨੂੰ ਆਪਣੇ ਨਾਲ ਲੈ ਕੇ ਚਲੀ ਗਈ। ਇੱਕ ਅਨਾਥ ਆਸ਼ਰਮ ਵਿੱਚ ਜਿੱਥੇ ਉਹ ਕੰਮ ਕਰਦੀ ਸੀ।
“ਆਹ ਇੱਕ ਇੰਜ ਤਰ੍ਹਾਂ ਦੀ ਦੁਨੀਆਂ ਹੈ, ਜਿਸ ਦਾ ਹਿੱਸਾ ਸਭ ਨੂੰ ਬਣਨਾ ਚਾਹੀਦਾ ਹੈ, ਇੱਥੇ ਉਹ ਅਨਾਥ ਬੱਚੇ ਨੇ, ਜਿੰਨ੍ਹਾਂ ਨੂੰ ਮਾਂ-ਪਿਉ ਦੇ ਪਿਆਰ ਦੀ ਘਾਟ ਹੈ ਅਤੇ ਮੇਰੇ-ਤੁਹਾਡੇ ਵਰਗੇ ਆ ਕੇ ਪਿਆਰ ਦੀ ਮੱਲ੍ਹਮ ਲਾ ਇਹਨਾਂ ਦੇ ਜ਼ਖਮਾਂ ਨੂੰ ਭਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਜੀਣ ਲਈ ਨਵੀਂ ਆਸ ਦੀ ਬਾਂਹ ਫੜਾਉਂਦੇ ਹਨ।” ਫ਼ਾਨੀ ਬਾਲਾ ਕੋਲ ਬਿਆਨ ਕਰਨ ਲਈ ਬਹੁਤ ਕੁਝ ਸੀ।
“ਹਾੜ੍ਹੇ ਵੇ ਮੇਰੇ ਡਾਢੇ ਰੱਬਾ, ਕਿਸੇ ਕੋਲੋਂ ਔਲਾਦ ਖੋਹ ਲਈ ਤੇ ਕਿਸੇ ਕੋਲੋ ਮਾਪੇ…?” ਕਨੇਰ ਦੀਆਂ ਅੱਖਾਂ ਭਰ ਆਈਆਂ। ਪੂਰਨ ਅਤੇ ਕਨੇਰ ਬੜੇ ਹੀ ਪਿਆਰ ਨਾਲ ਬੱਚਿਆਂ ਨੂੰ ਮਿਲ ਰਹੇ ਸਨ। ਕੁਝ ਬੱਚੇ ਇਹਨਾਂ ਦੀ ਉਂਗਲ਼ ਫੜ ਕਿਸੇ ਉਮੀਦ ਵਿੱਚ ਨਾਲ ਹੀ ਟਹਿਲਣ ਲੱਗ ਪਏ। ਪੂਰਨ ਅਤੇ ਕਨੇਰ ਹਰ ਮਿੰਟ ਬਾਦ ਆਪਣੀਆਂ ਅੱਖਾਂ ਦੇ ਹੰਝੂ ਪੂੰਝ ਲੈਂਦੇ ਸਨ, ਜਿਵੇਂ ਆਪਣੇ ਨਿਆਣਿਆਂ ਨੂੰ ਹੀ ਮਹਿਸੂਸ ਕਰ ਰਹੇ ਹੋਣ।
“ਫ਼ਾਨੀ ਪੁੱਤ, ਸਾਨੂੰ ਐਥੇ ਲਿਆ ਕੇ ਤੂੰ ਬੜਾ ਪੁੰਨ ਦਾ ਕੰਮ ਕੀਤਾ ਹੈ। ਦੁਨੀਆਂ ਵਿੱਚ ਕਿੰਨੇ ਲੋਕਾਂ ਨੂੰ ਇੱਕ ਦੂਜੇ ਦੇ ਸਹਾਰੇ ਦੀ ਲੋੜ ਹੈ।” ਪੂਰਨ ਨੇ ਫ਼ਾਨੀ ਬਾਲਾ ਦੇ ਸਿਰ ‘ਤੇ ਹੱਥ ਰੱਖਦੇ ਹੋਏ ਕਿਹਾ।
“ਹੁਣ ਅਸੀਂ ਜ਼ਰੂਰ ਆਇਆ ਕਰਨਾ ਹੈ ਇਹਨਾਂ ਦੇ ਨਾਲ ਸਮਾਂ ਬਿਤਾਉਣ ਲਈ। ਅਸੀਂ ਇਹਨਾਂ ਦੀ ਮੱਦਦ ਕਰ ਕੇ ਆਪਣੇ ਬੱਚਿਆਂ ਦੀ ਰੂਹ ਨੂੰ ਸਕੂਨ ਦੇ ਸਕਾਂਗੇ।” ਕੋਲ ਖੜ੍ਹੇ ਇੱਕ ਬੱਚੇ ਦੀ ਪਿੱਠ ਸਹਿਲਾਉਦਿਆਂ ਕਨੇਰ ਬੋਲੀ। ਇਹਨਾਂ ਪੂਰਨ ਅਤੇ ਕਨੇਰ ਦੀਆਂ ਮੋਹ ਭਰੀਆ ਗੱਲਾਂ ਸੁਣ ਕੇ ਨੂੰ ਫ਼ਾਨੀ ਬਾਲਾ ਦੀਆਂ ਅੱਖਾਂ ਭਰ ਆਈਆਂ।
“ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣਾ ਨਜ਼ਰੀਆ ਬਦਲਿਆ, ਆਪਣੇ ਦੁੱਖ ਵਿੱਚੋਂ ਨਿਕਲਣ ਲਈ…।” ਕਨੇਰ ਨੇ ਅੱਖਾਂ ਪੂੰਝਦੇ ਹੋਏ ਆਪਣੇ ਪਤੀ ਵੱਲ ਵੇਖ ਕੇ ਰਾਹਤ ਦਾ ਸਾਹ ਲਿਆ। ਬਿਲਕੁਲ ਸੱਚ ਹੈ ਅਗਰ ਤੁਸੀਂ ਆਪਣਾ ਰਾਹ ਬਦਲੋ ਤੇ ਬਹੁਤ ਸਾਰੇ ਹੋਰ ਰਾਹ ਤੁਹਾਡੇ ਲਈ ਖੁੱਲ੍ਹ ਜਾਂਦੇ ਹਨ। ਅਗਲੇ ਹੀ ਦਿਨ ਤੋਂ ਪੂਰਨ ਖੰਨਾ ਅਤੇ ਉਸ ਦੀ ਪਤਨੀ ਕਨੇਰ ਖੰਨਾ ਨਿਰੰਤਰ ਅਨਾਥ ਆਸ਼ਰਮ ਜਾਣ ਲੱਗ ਪਏ। ਯਥਾ ਸੰਭਵ ਆਪਣਾ ਸਮਾਂ ਬੱਚਿਆਂ ਨਾਲ ਬਿਤਾਉਣ ਲੱਗ ਪਏ। ਕਦੇ-ਕਦੇ ਟੋਫ਼ੀਆਂ, ਚਾਕਲੇਟ, ਬਿਸਕੁਟ ਅਤੇ ਖਿਡੌਣੇਂ ਲਿਆ ਬੱਚਿਆਂ ਵਿੱਚ ਵੰਡਦੇ ਸੀ। ਦੋਵੇ ਪਤੀ-ਪਤਨੀ ਔਲਾਦ ਦੀ ਕਮੀ ਕਰਕੇ ਮੋਹ, ਵੈਰਾਗ ਅਤੇ ਪਿਆਰ ਨਾਲ ਭਰੇ ਹੋਏ ਸਨ। ਇਸ ਲਈ ਉਹਨਾਂ ਦਾ ਪਿਆਰ ਕੁਦਰਤੀ ਤੌਰ ‘ਤੇ ਅਨਾਥ ਬੱਚਿਆਂ ‘ਤੇ ਉਮੜ ਪੈਂਦਾ ਸੀ। ਸ਼ਾਇਦ ਇੰਨੇ ਸੱਚੇ ਮੋਹ ਪਿਆਰ ਕਰਕੇ ਬੱਚੇ ਵੀ ਸਾਰਾ ਦਿਨ ਆਲੇ-ਦੁਆਲੇ ਖੇਡਦੇ, ਖਾਂਦੇ, ਮਿੱਠੀਆਂ-ਪਿਆਰੀਆਂ ਗੱਲਾਂ ਕਰਦੇ। ਪੂਰਨ ਅਤੇ ਕਨੇਰ ਦਾ ਮੰਨ ਪ੍ਰਚਾਅੁਂਦੇ ਰਹਿੰਦੇ ਸਨ।
…ਵਕਤ ਨੂੰ ਵੀ ਜਿਵੇਂ ਕਲੋਲਾਂ ਕਰਨ ਦੀ ਆਦਤ ਹੁੰਦੀ ਹੈ। ਇੱਕ ਦਿਨ ਘਰ ਮੁੜਦੇ ਹੋਏ ਸੜਕ ‘ਤੇ ਪੂਰਨ ਖੰਨਾ ਦੀਆਂ ਅੱਖਾਂ ਸਾਹਮਣੇ ਇੱਕ ਕਾਰ ਇੱਕ ਨੌਜਵਾਨ ਨੂੰ ਟੱਕਰ ਮਾਰ ਭੱਜ ਗਈ। ਪੂਰਨ ਨੇ ਬਥੇਰਾ ਰੌਲਾ ਪਾਇਆ, ਪਰ ਕਾਰ ਨਾ ਰੁਕੀ ਅਤੇ ਫੱਟੜ ਹੋਇਆ ਨੌਜਵਾਨ ਬੇਹੋਸ਼ ਹੋ ਗਿਆ। ਜ਼ਖਮੀਂ ਨੌਜਵਾਨ ਦੇ ਕੋਈ ਨਜ਼ਦੀਕ ਨਹੀਂ ਸੀ ਫਟਕ ਰਿਹਾ। ਪੂਰਨ ਨੂੰ ਉਸ ਨੌਜਵਾਨ ਵਿੱਚੋਂ ਜ਼ਖਮੀ ਹੋਇਆ ਆਪਣਾ ਪੁੱਤ ਪ੍ਰਤੱਖ ਦਿਸ ਰਿਹਾ ਸੀ। ਪੂਰਨ ਖੰਨਾ ਨੇ ਬੜੀ ਮੁਸ਼ਕਲ ਨਾਲ ਇੱਕ ਵੈਨ ਰੁਕਵਾਈ ਅਤੇ ਉਸ ਨੌਜਵਾਨ ਨੂੰ ਦੋ ਲੋਕਾਂ ਦੀ ਮੱਦਦ ਨਾਲ ਜੱਫੇ ਵਿੱਚ ਲੈ ਕੇ ਵੈਨ ਵਿੱਚ ਬੈਠ, ਹਸਪਤਾਲ ਵੱਲ ਟੁਰ ਪਿਆ….।
“ਤੁਸੀ ਲਵੋਗੇ ਇਸ ਕੇਸ ਦੀ ਜ਼ਿਮੇਵਾਰੀ?” ਰਿਸੈਪਸ਼ਨ ਤੋਂ ਇੱਕ ਬੀਬੀ ਬੋਲੀ।
“ਜਦ ਲੈ ਕੇ ਆਇਆ ਹਾਂ, ਤਾਂ ਹੁਣ ਮਰਨ ਲਈ ਤੇ ਨਹੀਂ ਛੱਡ ਸਕਦਾ, ਮੈਂ ਲਊਂਗਾ ਜਿੰਮੇਵਾਰੀ।” ਪੂਰਨ ਕਾਫ਼ੀ ਸਾਰੇ ਸਵਾਲਾਂ ਨੂੰ ਪੁੱਛੇ ਜਾਣ ‘ਤੇ ਖਿਝ ਗਿਆ ਸੀ।
ਸਾਰੀ ਕਾਰਵਾਰੀ ਪੂਰੀ ਹੋਣ ਬਾਅਦ ਨੌਜਵਾਨ ਓਪਰੇਸ਼ਨ ਥੀਏਟਰ ਵਿੱਚ ਲੈ ਜਾਇਆ ਗਿਆ।
ਕੁਝ ਘੰਟੇ ਦੀ ਜੱਦੋਜਹਿਦ ਬਾਅਦ ਪੂਰਨ ਨੂੰ ਖੂਨ ਦਾ ਇੰਤਜ਼ਾਮ ਕਰਨ ਲਈ ਇੱਕ ਨਰਸ ਨੇ ਆ ਕੇ ਕਿਹਾ।
“ਮੇਰਾ ਖੂਨ ਚੈਕ ਕਰੋ, ਸ਼ਾਇਦ ਮੈਚ ਹੋ ਜਾਏ?” ਪੂਰਨ ਨੇ ਉਸ ਅਣਜਾਣੇ ਨੌਜਵਾਨ ਦੀ ਜਾਨ ਬਚਾਉਣ ਦੀ ਜਿਵੇਂ ਸੌਂਹ ਖਾ ਲਈ ਸੀ। ਵਾਹ ਐ ਕੁਦਰਤ!! ਪੂਰਨ ਦਾ ਖੂਨ ਗਰੁੱਪ ਫੱਟੜ ਨੌਜਵਾਨ ਦੇ ਖੂਨ ਨਾਲ ਮੈਚ ਹੋ ਗਿਆ। ਪੂਰਨ ਖੰਨਾ ਨੂੰ ਲਿਟਾ ਦਿੱਤਾ ਗਿਆ। ਓਸ ਵੇਲੇ ਤੱਕ ਕਨੇਰ ਵੀ ਹਸਪਤਾਲ ਪਹੁੰਚ ਗਈ ਸੀ।
“ਮੈਂ ਪੂਰਨ ਖੰਨਾ ਦੀ… ਪਤਨੀ ਹਾਂ, ….ਮੇ… ਮੇਹਰਬਾਨੀ ਕਰ ਮੈਨੂੰ ਉਹਨਾਂ ਤਿਕ ਲੈ ਚੱਲੋ…।” ਕਨੇਰ ਦਾ ਘਬਰਾਹਟ ਕਰਕੇ ਸਾਹ ਠੀਕ ਨਹੀ ਸੀ ਚੱਲ ਰਿਹਾ। ….”ਆਹ ਲਵੋ ਇਸ ਕੇਸ ਦੇ ਪੈਸੇ…।” ਝੋਲੇ ਵਿੱਚੋ ਕੱਢ ਕੇ ਪੈਸੇ ਕਨੇਰ ਨੇ ਡੈਸਕ ਤੇ ਰੱਖ ਦਿੱਤੇ। ਪੰਜ ਕੁ ਮਿੰਟ ਬਾਅਦ ਨਰਸ ਕਨੇਰ ਖੰਨਾ ਨੂੰ ਨਾਲ ਲੈ ਟੁਰੀ ਅਤੇ ਇੱਕ ਕਮਰੇ ਦੇ ਬੂਹੇ ਅੱਗੇ ਰੁਕ ਗਈ।
ਆਹ ਕੀ ਦੇਖ ਰਹੀ ਸੀ ਕਨੇਰ…??
ਇੱਕ ਬੈੱਡ ‘ਤੇ ਉਸ ਦਾ ਪਤੀ ਪੂਰਨ ਪਿਆ ਸੀ ਅਤੇ ਦੂਜੇ ਬੈੱਡ ‘ਤੇ ਇੱਕ ਫੱਟੜ ਨੌਜਵਾਨ… ਅਤੇ…. ਅਤੇ ਉਹਨਾਂ ਦੋਹਾਂ ਨੂੰ ਖੂਨ ਦੀਆਂ ਨਾਲੀਆਂ ਨੇ ਜੋੜਿਆ ਹੋਇਆ ਸੀ। ਕਨੇਰ ਨੂੰ ਇੱਕ ਪਲ ਜਾਪਿਆ, ਜਿਵੇਂ ਉਹ ਨੌਜਵਾਨ ਉਸ ਦਾ ਆਪਣਾ ਪੁੱਤ ਹੀ ਹੈ, ਜਿਸ ਦੀਆਂ ਨਾੜਾਂ ਵਿੱਚ ਆਪਣੇ ਪਤੀ ਪੂਰਨ ਦਾ ਖੂਨ ਜਾਂਦਾ ਵੇਖ ਰਹੀ ਸੀ। ਕਨੇਰ ਭਰੀਆਂ ਅੱਖਾਂ ਨਾਲ ਨੌਜਵਾਨ ਦੇ ਕੋਲ ਗਈ ਅਤੇ ਸਿਰ ‘ਤੇ ਹੱਥ ਫੇਰ ਕੇ ਉਸ ਨੌਜਵਾਨ ਦੇ ਮੁੱਖ ਨੂੰ ਬੜੇ ਗੌਰ ਨਾਲ ਵੇਖਣ ਲੱਗ ਪਈ। ਕੁਝ ਪਲਾਂ ਬਾਅਦ ਆਪਣੇ ਪਤੀ ਪੂਰਨ ਕੋਲ ਸਟੂਲ ਲੈ ਕੇ ਬੈਠ ਗਈ।
“ਅਸੀ ਕਿਸ ਖੂਨ ਦੇ ਰਿਸ਼ਤੇ ਦੀਆਂ ਗੱਲਾਂ ਕਰਦੇ ਹਾਂ…? ਅੱਜ ਤੋਂ ਬਾਅਦ ਇਸ ਅਣਜਾਣੇ ਨੌਜਵਾਨ ਦੇ ਸਰੀਰ ਵਿੱਚ ਮੇਰੇ ਪਤੀ ਦਾ ਖੂਨ ਸਦਾ ਲਈ ਘੁਲ ਜਾਣਾਂ ਹੈ, ਭਾਵੇਂ ਮੈਂ ਇਸ ਨੂੰ ਜਨਮ ਨਹੀਂ ਦਿੱਤਾ ….ਸੰਸਾਰ ਵਿੱਚ ਖੂਨ ਦੇ ਰਿਸ਼ਤੇ…।” ਕਨੇਰ ਆਪਣੀ ਸੋਚ ਵਿੱਚ ਕਿਤੇ ਗਹਿਰੇ ਉਤਰ ਗਈ ਸੀ। ਪਤੀ ਦੀ ਕਰਾਹੁੰਣ ਨਾਲ ਸੋਚ ਦੇ ਖੂਹ ਵਿੱਚੋਂ ਬਾਹਰ ਆਈ।
“ਕੀ ਹੋਇਆ? ਮੈਂ ਨਰਸ ਬੁਲਾਵਾਂ?” ਕਨੇਰ ਨੇ ਪਤੀ ਨੂੰ ਪੁੱਛਿਆ।
“ਨਹੀਂ!! ਮੈਂ ਠੀਕ ਹਾਂ… ਆਹ ਤੇ ਮੇਰੇ ਅੰਦਰਲੇ ਜ਼ਖਮਾ ਦੀ ਪੀੜ ਹੈ।” ਆਪਣਾ ਹੌਸਲਾ ਬਰਕਰਾਰ ਰੱਖਦਿਆਂ ਪੂਰਨ ਨੇ ਕਿਹਾ। ਤੁਪਕਾ-ਤੁਪਕਾ ਕਰਕੇ ਸਾਰੀ ਖੂਨ ਦੀ ਬੋਤਲ ਪੂਰਨ ਖੰਨਾ ਦੀਆਂ ਨਾੜਾਂ ਵਿੱਚੋਂ ਇਸ ਫੱਟੜ ਨੌਜਵਾਨ ਦੀਆਂ ਨਾੜਾਂ ਵਿੱਚ ਜਾ ਇੱਕ-ਮਿੱਕ ਹੋ ਚੁੱਕੀ ਸੀ।
“ਸ਼ਾਮ ਨੂੰ ਤੁਸੀਂ ਆਪਣੇ ਘਰ ਜਾ ਸਕਦੇ ਹੋ, ਅਸੀ ਇਸ ਮਰੀਜ਼ ਦੇ ਹੋਸ਼ ਆਉਣ ‘ਤੇ ਇਸ ਦੇ ਪਰਿਵਾਰ ਨੂੰ ਬੁਲਾ ਲਵਾਂਗੇ, ਖੂਨ ਦੇਣ ਕਰਕੇ ਤੁਹਾਨੂੰ ਅਰਾਮ ਦੀ ਜ਼ਰੂਰਤ ਹੈ, ਰਿਸੈਪਸ਼ਨ ‘ਤੇ ਆਪਣਾ ਪੂਰਾ ਪਤਾ ਦੇ ਦਵੋ, ਜੇ ਲੋੜ ਹੋਈ ਤੇ ਤੁਹਾਨੂੰ ਬੁਲਾ ਸਕਦੇ ਹਾਂ।” ਹਸਪਤਾਲ ਦੀ ਕਾਰਵਾਈ ਨੂੰ ਜਾਰੀ ਰੱਖਦਿਆਂ ਨਰਸ ਨੇ ਕਿਹਾ।
ਕਨੇਰ ਨੂੰ ਪੂਰਨ ਦੀ ਸਿਹਤ ਦਾ ਫ਼ਿਕਰ ਸੀ। ਜਲਦੀ ਹੀ ਸਾਰੀ ਕਾਰਵਾਈ ਪੂਰੀ ਕਰ ਕਨੇਰ ਟੈਕਸੀ ਕਰ ਉਸ ਨੂੰ ਲੈ ਘਰ ਆ ਗਈ ਅਤੇ ਅਗਲੇ ਹੀ ਦਿਨ ਤੋਂ ਪੂਰਨ ਦੇ ਖਾਣ-ਪਾਣ ਦਾ ਖਿਆਲ਼ ਕਰਨ ਲੱਗ ਪਈ।
….ਕੁਝ ਦਿਨ ਦੇ ਇਲਾਜ਼ ਤੋਂ ਬਾਅਦ ਨੌਜਵਾਨ ਠੀਕ ਹੋ ਗਿਆ ਅਤੇ ਰਿਸੈਪਸ਼ਨ ਤੋਂ ਪੂਰਨ ਖੰਨਾ ਦੇ ਘਰ ਦਾ ਪਤਾ ਲੈ ਕੇ ਆਪਣੇ ਪਰਿਵਾਰ ਨਾਲ ਛੁੱਟੀ ਲੈ ਹਸਪਤਾਲ ਤੋਂ ਚਲਾ ਗਿਆ।
ਅੱਜ ਵੀਹ ਕੁ ਦਿਨ ਹੋ ਗਏ ਸੀ। ਕਨੇਰ ਆਪਣੇ ਪਤੀ ਪੂਰਨ ਨਾਲ ਉਸ ਨੌਜਵਾਨ ਦੀਆਂ ਗੱਲਾਂ ਕਰ ਰਹੀ ਸੀ ਕਿ ਅਚਾਨਕ ਦਰਵਾਜ਼ੇ ‘ਤੇ ਦਸਤਕ ਹੋਈ। ਇੱਕ ਨੌਜਵਾਨ ਇੱਕ ਬੁੱਢੇ ਨਾਲ, ਜਿਹੜਾ ਦੇਖਣ ਤੋਂ ਮੁਸਲਿਮ ਲੱਗਦਾ ਸੀ, ਨੇ ਅਵਾਜ਼ ਮਾਰੀ, “ਘਰ ਕੋਈ ਹੈ ?” ਅਵਾਜ਼ ਸੁਣ ਕੇ ਕਨੇਰ ਨੇ ਤੁਰੰਤ ਦਰਵਾਜਾ ਜਾ ਖੋਲ੍ਹਿਆ। ਦੇਖਣ ਸਾਰ ਕਨੇਰ ਪਹਿਚਾਣ ਗਈ ਇਹ ਤਾਂ ਹਸਪਤਾਲ ਵਾਲਾ ਓਹੀ ਫੱਟੜ ਨੌਜਵਾਨ ਹੈ।
“ਬੈਠੋ ਮੈਂ ਇਹਨਾਂ ਨੂੰ ਬੁਲਾਉਨੀ ਆਂ।” ਕਨੇਰ ਨੇ ਕੁਰਸੀ ਵੱਲ ਇਸ਼ਾਰਾ ਕਰਕੇ ਕਿਹਾ। ਦੂਜੇ ਕਮਰੇ ਵਿੱਚੋਂ ਪੂਰਨ ਆਪ ਹੀ ਬਾਹਰ ਨਿਕਲ ਡਰਾਇੰਗ ਰੂਮ ਵਿੱਚ ਆ ਗਿਆ। ਉਸ ਨੂੰ ਦੇਖ ਕੇ ਨੌਜਵਾਨ ਅਤੇ ਉਸ ਦਾ ਅੱਬੂ ਅਦਬ ਵਿੱਚ ਹੱਥ ਜੋੜ ਕੇ ਖੜ੍ਹੇ ਹੋ ਗਏ।
“ਸਲਾਮ ਅੰਕਲ, ਮੈਂ ਅੱਬਾਸ ਖ਼ਾਨ ਹਾਂ, ਜਿਸ ਦੀ ਤੁਸੀਂ ਜਾਨ ਬਚਾਈ ਸੀ।” ਸ਼ੁਕਰਾਨੇਂ ਵਜੋਂ ਅੱਬਾਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਝੁਕ ਕੇ ਪੂਰਨ ਦੇ ਪੈਰ ਛੂਹੇ ਅਤੇ ਹੱਥ ‘ਚ ਫੜਿਆ ਫੁੱਲਾਂ ਦਾ ਗੁਲਦਸਤਾ ਪੂਰਨ ਦੇ ਪੈਰਾਂ ‘ਤੇ ਰੱਖ ਦਿੱਤਾ। ਪਰ ਪੂਰਨ ਉਸ ਦਾ ਨਾਮ ਸੁਣ ਕੇ ਸੁੰਨ ਹੋ ਗਿਆ ਅਤੇ “ਆਸ਼ੀਰਵਾਦ” ਸ਼ਬਦ ਨਹੀਂ ਬੋਲ ਸਕਿਆ। ਉਸ ਦੇ ਦਿਮਾਗ ਵਿੱਚ ਬੰਬ ਚੱਲੀ ਜਾ ਰਹੇ ਸਨ….
“ਮੈਂ ….ਮੈਂ ਇੱਕ ਮੁਸਲਮਾਨ ਨੂੰ ਬਚਾਇਆ ਹੈ? ਇਸ ਨੂੰ ਆਪਣਾ ਖੂਨ ਦਿੱਤਾ ਹੈ? ਇਹਨਾਂ ਨੇ ਤਾਂ ਮੇਰਾ ਘਰ ਉਜਾੜਿਆ ਹੈ… ਪਤਾ ਹੁੰਦਾ ਤਾਂ ਸੜਕ ‘ਤੇ ਹੀ ਮਰਨ ਲਈ ਪਿਆ ਰਹਿਣ ਦਿੰਦਾ…।” ਪੂਰਨ ਨੇ ਪੈਰਾਂ ‘ਤੇ ਰੱਖੇ ਫ਼ੁੱਲਾਂ ਨੂੰ ਠੁੱਡ ਮਾਰ ਦੂਰ ਉਡਾ ਦਿੱਤਾ ਅਤੇ ਜਿਸ ਕਮਰੇ ਵਿੱਚੋਂ ਆਇਆ ਸੀ, ਅਵਾ-ਤਵਾ ਬੋਲਦਾ ਓਸੇ ਕਮਰੇ ਵਿੱਚ ਮੁੜ ਗਿਆ। ਅੱਬਾਸ ਨੂੰ ਕੁਝ ਸਮਝ ਨਹੀਂ ਆਇਆ ਸੀ। ਅੱਬਾਸ ਦੇ ਪਿਉ ਦੇ ਮੱਥੇ ਉਰ ਨਿਰਾਸ਼ਾ ਫ਼ੈਲ ਗਈ। ਰੋਂਦੀ ਕਨੇਰ ਦੇ ਕੋਲ ਜਾ ਕੇ ਅੱਬਾਸ ਨੇ ਹੱਥ ਜੋੜੇ ਅਤੇ ਆਪਣੀ ਗਲਤੀ ਪੁੱਛੀ। ਕਨੇਰ ਨੇ ਲੰਬੀ ਕਹਾਣੀ ਨੂੰ ਛੋਟਾ ਕਰ ਪੂਰਨ ਖੰਨਾ ਦੀ ਨਫ਼ਰਤ ਦਾ ਅਸਲ ਕਾਰਣ ਦੱਸਿਆ। ਆਪਣੀ ਦੁੱਖਦੀ ਰਗ ਨੂੰ ਛੇੜ ਕੇ ਕਨੇਰ ਗਹਿਰੇ ਦੁੱਖ ਨਾਲ ਭਰ ਗਈ। ਅੱਬਾਸ ਸਾਰੀ ਕਹਾਣੀ ਸਮਝ ਗਿਆ ਅਤੇ ਪੂਰੀ ਹਮਦਰਦੀ ਨਾਲ ਭਰ ਵੀ ਗਿਆ ਸੀ। ਅੱਬਾਸ ਦਾ ਪਿਉ ਪੂਰਨ ਦੇ ਦੁੱਖ ਨੂੰ ਚੰਗੀ ਤਰ੍ਹਾਂ ਬੁੱਝ ਗਿਆ ਸੀ, ਇਸ ਲਈ ਉਸ ਨੇ ਅੱਬਾਸ ਦੇ ਮੋਢੇ ਨੂੰ ਘੁੱਟ ਕੇ ਅੱਗੇ ਵਧਣ ਦਾ ਇਸ਼ਾਰਾ ਕੀਤਾ।
“ਮੈਂ ਆਪ ਦੀ ਔਲਾਦ ਤਾਂ ਵਾਪਿਸ ਨਹੀਂ ਲਿਆ ਸਕਦਾ, ਪਰ ਮੇਰੇ ਸਿਰ ‘ਤੇ ਤੁਸੀਂ ਰਹਿਮਤ ਦਾ ਹੱਥ ਰੱਖੋ, ਤਾਂ ਮੈਂ ਪੁੱਤ ਹੋਣ ਦਾ ਫ਼ਰਜ਼ ਨਿਭਾਉਣਾ ਚਾਹੁੰਦਾ ਹਾਂ…।” ਕਨੇਰ ਦੀਆਂ ਅੱਖਾਂ ਤੋਂ ਹੰਝੂ ਪੂੰਝਦੇ ਹੋਏ ਅੱਬਾਸ ਨੇ ਕਿਹਾ। ਕਨੇਰ ਖ਼ਾਮੋਸ਼ੀ ਨਾਲ ਪੂਰਨ ਦੇ ਕਮਰੇ ਵੱਲ ਦੇਖਣ ਲੱਗ ਪਈ। ਅੱਬਾਸ ਪੂਰਨ ਖੰਨਾ ਦੇ ਕਮਰੇ ਵੱਲ ਟੁਰ ਪਿਆ।
“ਦਫ਼ਾ ਹੋ ਜਾ ਮੇਰੇ ਘਰੋਂ…।” ਪੂਰਨ ਨੇ ਦਹਾੜ ਮਾਰੀ ਤੇ ਅੱਬਾਸ ਆਪਣੇ ਗੋਡੇ ਟੇਕ ਕੇ ਜ਼ਮੀਨ ‘ਤੇ ਹੀ ਬੈਠ ਗਿਆ ਅਤੇ ਹੰਝੂ ਭਰ ਕੇ ਪੂਰਨ ਦੇ ਦੁੱਖ ਵਿੱਚ ਸਾਂਝ ਪਾਉਣ ਲੱਗਾ। ਪੂਰਨ ਨੇ ਕਾਫ਼ੀ ਬੋਲ-ਕੁਬੋਲ ਕਰ ਕੇ ਅੱਬਾਸ ਨੂੰ ਜ਼ਲੀਲ ਕੀਤਾ। ਅਖੀਰ ਜਦ ਪੂਰਨ ਖੰਨਾ ਦੇ ਸ਼ਾਂਤ ਹੋਣ ਤੋਂ ਬਾਦ ਅੱਬਾਸ ਨੇ ਬੋਲਣ ਲਈ ਆਪਣੀ ਜ਼ੁਬਾਨ ਖੋਲੀ, “ਤੁਸਾਂ ਮੇਰੇ ਅੰਕਲ ਨਹੀਂ, ਹੁਣ ਤੁਸਾਂ ਮੇਰੇ ਅੱਬੂ ਜਾਨ ਹੋ! ਮਾਂ ਆਪਣੇ ਖੂਨ ਨਾਲ ਬੱਚੇ ਨੂੰ ਸਿੰਜਦੀ ਹੈ ਤੇ “ਖੂਨ ਦਾ ਰਿਸ਼ਤਾ” ਬਣਦਾ ਹੈ, ਤੁਸਾਂ ਵੀ ਆਪਣਾਂ ਖੂਨ ਦੇ ਕੇ ਮੈਨੂੰ ਜੀਵਨ ਦਾਨ ਦਿੱਤਾ ਹੈ … ਆਪ ਦਾ ਖੂਨ ਮੇਰੀਆਂ ਰਗਾਂ ਵਿੱਚ ਹੈ, ਅਗਰ ਹੁਣ ਤੁਸਾਂ ਕੱਢ ਸਕਦੇ ਹੋ, ਤੇ ਕੱਢ ਲਵੋ…।” ਅੱਬਾਸ ਬਹੁਤ ਭਾਵੁਕ ਹੋ ਕੇ ਪੂਰਨ ਖੰਨਾ ਦੇ ਪੈਰਾਂ ‘ਤੇ ਡਿੱਗਿਆ ਵੈਰਾਗਮਈ ਬੋਲ ਰਿਹਾ ਸੀ।
“ਤੇਰੇ ਮਰਨ ਨਾਲ ਮੇਰਾ ਖੂਨ ਵਾਪਸ ਮਿਲ ਜਾਏਗਾ … ਸਮਝਿਆ ਤੂੰ?” ਪੂਰਨ ਨੂੰ ਅਜੇ ਵੀ ਆਪਣਾ ਖੂਨ ਮੁਸਲਮਾਨ ਨੂੰ ਦੇਣ ਦਾ ਦੁੱਖ ਸੀ।
“ਅਗਰ ਮੇਰੀ ਜਾਨ ਲੈਣ ਨਾਲ ਆਪ ਦੀ ਔਲਾਦ ਵਾਪਸ ਆਉਦੀਂ ਹੈ, ਤੇ ਜ਼ਰੂਰ ਲੈ ਲਵੋ… ਤੁਸਾਂ ਹੀ ਇਸ ਜਾਨ ਨੂੰ ਬਚਾਇਆ ਹੈ… ਤੁਸਾਂ ਮੇਰੇ ਅੱਬੂ ਜਾਨ ਹੋ ਹੁਣ…।” ਅੱਬਾਸ ਦੇ ਨਾਲ ਉਸ ਦੇ ਆਪਣੇ ਪਿਉ ਦੀਆਂ ਅੱਖਾਂ ਵੀ ਜਾਰੋ-ਜਾਰ ਰੋ ਰਹੀਆਂ ਸਨ। ਪੂਰਨ ਖੰਨਾ ਨੇ ਅੰਗਿਆਰ ਭਰੀਆਂ ਅੱਖਾਂ ਨਾਲ ਕਨੇਰ ਨੂੰ ਵੇਖਿਆ ਤੇ ਸ਼ਾਂਤ ਹੋ ਗਿਆ। ਜਿਵੇਂ ਕਿ ਕਨੇਰ ਦੀ ਅੱਖਾਂ ਦੇ ਪਾਣੀ ਨੇ ਅੰਗਿਆਰਾਂ ਨੂੰ ਠੰਡਾ ਕਰ ਦਿੱਤਾ ਸੀ। ਪੂਰਨ ਦੇ ਮਨ ਨੂੰ ਵੀ ਪਤਾ ਸੀ ਕਿ ਅੱਬਾਸ ਦੀ ਹਰ ਗੱਲ ਵਿੱਚ ਸੱਚਾਈ ਸੀ। ਪੂਰਨ ਖੰਨਾ ਦੀਆਂ ਨਾੜਾਂ ‘ਚੋਂ ਚੜ੍ਹਾਇਆ ਖੂਨ ਹੁਣ ਅੱਬਾਸ ਦੇ ਸਰੀਰ ‘ਚੋਂ ਨਿਕਲ ਨਹੀਂ ਸਕਦਾ ਸੀ, ਅਤੇ ਨਾ ਹੀ ਪੂਰਨ ਦੀ ਮਰੀ ਹੋਈ ਔਲਾਦ ਵਾਪਸ ਆ ਸਕਦੀ ਸੀ। ਆਪਣੀਆਂ ਮੀਟੀਆਂ ਹੋਈਆਂ ਮੁੱਠੀਆਂ ਪੂਰਨ ਨੇ ਸਹਿਜ ਨਾਲ ਖੋਲ੍ਹ ਲਈਆਂ ਅਤੇ ਅੱਖਾਂ ਬੰਦ ਕਰ ਲਈਆਂ। ਅੱਬਾਸ ਦੇ ਪਿਤਾ ਨੇ ਪੂਰਨ ਖੰਨਾ ਨੂੰ ਸਹਾਰਾ ਦੇ ਕੇ ਬਿਠਾਇਆ। ਸਹਾਨਭੂਤੀ ਪਾ ਕੇ ਇੱਕ ਵਾਰ ਫੇਰ ਪੂਰਨ ਨੇ ਖੂਨ ਵਿੱਚ ਦੱਬੇ ਗੁੱਸੇ ਨੂੰ ਅੱਖਾਂ ਦੇ ਪਾਣੀ ਰਾਹੀਂ ਛੱਲ-ਛੱਲ ਕਰ ਬਾਹਰ ਕੱਢ ਦਿੱਤਾ।
“ਨਹੀਂ ਅੱਬੂ, ਅੱਜ ਤੋਂ ਬਾਅਦ ਇਹਨਾਂ ਹੰਝੂਆਂ ਦਾ ਆਪ ਦੀਆਂ ਅੱਖਾਂ ‘ਚ ਕੋਈ ਕੰਮ ਨਹੀਂ। ਜਿੰਨੇ ਨਿਕਲਣੇ ਸੀ, ਅੱਜ ਤੱਕ ਨਿਕਲ ਗਏ…!” ਆਖਦੇ ਹੋਏ ਅੱਬਾਸ ਨੇ ਪੂਰਨ ਖੰਨਾ ਦੇ ਹੰਝੂ ਪੂੰਝ ਉਸ ਨੂੰ ਜੱਫ਼ੇ ਵਿੱਚ ਲੈ ਲਿਆ। ਪੂਰਨ ਖੰਨਾ ਨੂੰ ਇੱਕ ਪਲ ਭਰ ਨੂੰ ਲੱਗਿਆ ਕਿ ਜਿਵੇਂ ਉਸ ਦੇ ਆਪਣੇ ਪੁੱਤ ਨੇ ਹੀ ਆ ਕੇ ਜੱਫ਼ਾ ਭਰ ਲਿਆ ਸੀ। ਹੁਣ ਤੱਕ ਪੂਰਨ ਖੰਨਾ ਦਾ ਮਨ ਸੱਚਾਈ ਨੂੰ ਸਵੀਕਾਰ ਕਰ ਚੁੱਕਿਆ ਸੀ। ਕਨੇਰ ਖੰਨਾ ਸਾਰਿਆਂ ਲਈ ਪਾਣੀ ਲੈ ਕੇ ਆ ਗਈ। ਮਾਹੌਲ ਕਾਫ਼ੀ ਦੇਰ ਤੱਕ ਸ਼ਾਂਤ ਰਿਹਾ ਅਤੇ ਅੱਬਾਸ, ਪਿਤਾ ਰੂਪ ‘ਚ ਸਵੀਕਾਰ ਕਰ ਚੁੱਕੇ ਪੂਰਨ ਖੰਨਾ ਦੇ ਨਾਲ ਬਹੁਤ ਅਪਣੱਤ ਅਤੇ ਮੁਹੱਬਤ ਨਾਲ ਗੱਲਾਂ ਕਰਦਾ ਰਿਹਾ।
“ਮੇਰੇ ਭਾਗ ਚੰਗੇ ਸੀ ਕਿ ਇੱਕ ਹੋਰ ਪਿਉ ਦਾ ਹੱਥ ਮੇਰੇ ਸਿਰ ‘ਤੇ ਆ ਗਿਆ… ਹੁਣ ਮੈਂ ਹਮੇਸ਼ਾ ਆਪਦੇ ਕੋਲ ਹੀ ਹਾਂ।” ਅੱਬਾਸ ਨੇ ਭਰੋਸਾ ਦਿੱਤਾ।
“ਮੇਰੇ ਬੇਟੇ ਕਾ ਹਾਦਸਾ ਹੋਇਆ, ਤੇ ਆਪ ਨੇ ਮੇਰੇ ਬੇਟੇ ਨੂੰ ਇੱਕ ਨਵੀਂ ਜ਼ਿੰਦਗੀ ਬਖ਼ਸ਼ੀ, ਮਰਨੋਂ ਬਚਾਇਆ। ਸ਼ਾਇਦ ਇਹ ਅੱਲਾਹ ਪਾਕ ਦਾ ਹੀ ਤਾਣਾ ਬਾਣਾ ਸੀ, ਸ਼ਾਇਦ ਉਸ ਨੇ ਹੀ ਇਸ ਨਵੇਂ ਰਿਸ਼ਤੇ ਨੂੰ ਤਫ਼ਸੀਲ ਕਰਨਾ ਹੋਉਗਾ?” ਅੱਬਾਸ ਦੇ ਪਿਉ ਖ਼ਾਲਿਦ ਮੁਹੰਮਦ ਨੇ ਨਵੇਂ ਰਿਸ਼ਤੇ ਦੀ ਸਹਿਮਤੀ ਦਾ ਹੁੰਗਾਰਾ ਭਰਿਆ।
“……………।” ਪੂਰਨ ਖੰਨਾ ਚੁੱਪ ਸੀ।
“ਸਰਦਾਰ ਜੀ, ਗਲਤੀ ਇੱਕ ਇਨਸਾਨ ਕਰਦਾ ਹੈ ਅਤੇ ਦੋਸ਼ੀ ਸਾਰੀ ਕੌਮ, ਜਾਂ ਸਾਰਾ ਮੁਲਕ ਬਣ ਜਾਂਦਾ ਹੈ। ਹਰ ਬੰਦਾ ਔਰੰਗਜ਼ੇਬ ਨਹੀਂ ਹੁੰਦਾ, ਤੇ ਹਰ ਬੰਦਾ ਪੀਰ ਬੁੱਧੂ ਸ਼ਾਹ ਵੀ ਨਹੀਂ ਬਣ ਸਕਦਾ। ਜੇ ਕੌਮ ਵਿੱਚ ਗੰਗੂ ਵਰਗੇ ਦੁਸ਼ਟ ਸਨ, ਤਾਂ ਓਸੀ ਕੌਮ ਵਿੱਚ ਸਤਿਯੁਗੀ ਪੁਰਸ਼ ਦੀਵਾਨ ਕੌੜਾ ਮੱਲ ਵਰਗੇ ਵੀ ਜਿਉਂਦੇ ਜਾਗਦੇ ਸਨ। ਜੇ ਇੱਕ ਖ਼ਬੀਸ ਦੇ ਬੱਚੇ ਨੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਤਾਂ ਅਸੀਂ ਦੋਸ਼ੀ ਥੋੜ੍ਹੋ ਹੋ ਗਏ?” ਅੱਬਾਸ ਦੇ ਅੱਬੂ ਖ਼ਾਲਿਦ ਮੁਹੰਮਦ ਨੇ ਆਪਣੇ ਦਿਲ ਦੀ ਗੱਲ ਆਖੀ ਤਾਂ ਪੂਰਨ ਖੰਨਾ ਨੇ ਧਾਹ ਮਾਰ ਕੇ ਖ਼ਾਲਿਦ ਨੂੰ ਜੱਫ਼ੀ ਪਾ ਲਈ, “ਮੈਨੂੰ ਮੁਆਫ਼ ਕਰ ਭਾਈ ਜਾਨ, ਮੈਨੂੰ ਮੁਆਫ਼ ਕਰ! ਸਦਮੇਂ ਵਿੱਚ ਆ ਕੇ ਮੈਂ ਸਾਡੀ ਮਰਿਆਦਾ ਦੇ ਸਿਧਾਂਤ ਭੁੱਲ ਚੱਲਿਆ ਸੀ, ਮੁਆਫ਼ ਕਰ ਮੈਨੂੰ!” ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਛਰਾਟੇ ਪੈਣ ਲੱਗ ਪਏ। ਦੋ ਮਜ੍ਹਬਾਂ ਦੇ ਲੋਕ ਇੱਕ ਦੂਜੇ ਨੂੰ ਅਪਣੱਤ ਨਾਲ ਘੁੱਟੀ ਖੜ੍ਹੇ, ਰੋ ਰਹੇ ਸਨ। ਦਿਲਾਂ ਦਾ ਪਾੜਾ ਖਤਮ ਹੋ ਗਿਆ ਸੀ ਅਤੇ ਵੱਖੋ-ਵੱਖ ਮਾਵਾਂ ਦੇ ਜਾਏ ਇੱਕ-ਮਿੱਕ ਹੋਏ ਖੜ੍ਹੇ ਸਨ। ਖਾਰੇ ਹੰਝੂਆਂ ਨੇ ਵਿਤਕਰੇ ਅਤੇ ਈਰਖਾ ਵਾਲਾ ਕਲੰਕ ਧੋ ਮਾਰਿਆ ਸੀ। ਖ਼ਾਲਿਦ ਨਾਲੋਂ ਗਲਵਕੜੀ ਛੱਡ ਕੇ ਪੂਰਨ ਨੇ ਅੱਬਾਸ ਨੂੰ ਜੱਫ਼ੀ ਵਿੱਚ ਜਕੜ ਲਿਆ, “ਤੂੰ ਕਿਹੜਾ ਬਿਗਾਨਾ ਖ਼ੂਨ ਹੈਂ? ਮੇਰਾ ਹੀ ਤਾਂ ਲਹੂ ਹੈਂ! ਤੇਰੇ ਵਡੇਰਿਆਂ ਨੇ ਤਾਂ ਸਾਡੇ ਗੁਰੂ ਮਹਾਰਾਜ ਨੂੰ ਉਚ ਦਾ ਪੀਰ ਬਣਾ ਕੇ ਸਤਿਕਾਰ ਦਿੱਤਾ। ਬਾਬਾ ਮਰਦਾਨਾ ਸਾਰੀ ਉਮਰ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਨਾਲ ਰਿਹਾ। ਪਰ ਮੈਂ ਹੀ ਬੇਮੁੱਖ ਤੇ ਦਿਸ਼ਾਹੀਣ ਹੋ ਗਿਆ ਸੀ, ਪੁੱਤ! ਤੂੰ ਮੇਰਾ ਹੀ ਖ਼ੂਨ ਹੈਂ!” ਤੇ ਉਸ ਨੇ ਅੱਬਾਸ ਨੂੰ ਮੁੜ ਗਲਵਕੜੀ ਵਿੱਚ ਘੁੱਟ ਲਿਆ। ਸਭ ਦੀਆਂ ਅੱਖਾਂ ਨਮ ਸਨ। ਕਨੇਰ ਖੰਨਾ ਸਾਰਿਆਂ ਲਈ ਚਾਹ ਦੀ ਟਰੇਅ ਚੁੱਕੀ ਖੜ੍ਹੀ ਸੀ। ਉਸ ਦੀਆਂ ਅੱਖਾਂ ਵਿੱਚ ਵੀ ਵੈਰਾਗ ਦੇ ਅੱਥਰੂ ਕੰਬ ਰਹੇ ਸਨ।
ਇਹ ਲਹੂ ਮੇਰਾ ਹੈ
January 11, 2022
by: ਅਜੀਤ ਸਤਨਾਮ ਕੌਰ
by: ਅਜੀਤ ਸਤਨਾਮ ਕੌਰ
This entry was posted in ਕਹਾਣੀਆਂ.