ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਗ੍ਰੇਟਰ ਮਾਨਚੈਸਟਰ ਅਤੇ ਉੱਤਰੀ ਆਇਰਲੈਂਡ ਦੇ ਹਸਪਤਾਲਾਂ ਨੇ ਕੋਵਿਡ ਨਾਲ ਨਜਿੱਠਣ ਲਈ ਫੌਜੀ ਮਦਦ ਦੀ ਬੇਨਤੀ ਕੀਤੀ ਹੈ। ਲੰਡਨ ਵਿੱਚ ਕੋਰੋਨਾ ਵਾਇਰਸ ਦੇ ਦਾਖਲੇ ਘੱਟ ਹੁੰਦੇ ਜਾਪਦੇ ਹਨ, ਪਰ ਓਮੀਕਰੋਨ ਦੇ ਮਾਮਲੇ ਹੁਣ ਦੇਸ਼ ਦੇ ਹੋਰ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸਿਹਤ ਅਧਿਕਾਰੀ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ ਕਿਉਂਕਿ ਲਗਭਗ 130,000 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਵਾਇਰਸ ਨਾਲ ਸਬੰਧਤ ਮੌਤਾਂ ਵੀ 11 ਮਹੀਨਿਆਂ ਦੇ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਮਾਨਚੈਸਟਰ ਦੇ ਹਸਪਤਾਲਾਂ ਵਿੱਚ ਤਕਰੀਬਨ 15% ਸਟਾਫ ਘਰਾਂ ਵਿੱਚ ਇਕਾਂਤਵਾਸ ‘ਚ ਹੈ ਅਤੇ ਭਾਰੀ ਦਬਾਅ ਮੁੱਖ ਤੌਰ ‘ਤੇ ਜਨਰਲ ਬੈੱਡਾਂ ‘ਤੇ ਹੈ ਜੋ 90% ਤੋਂ ਵੱਧ ਭਰੇ ਹੋਏ ਹਨ। ਜਦੋਂ ਕਿ ਕੁਝ ਗੈਰ-ਜ਼ਰੂਰੀ ਸਰਜਰੀਆਂ ਨੂੰ ਪਿਛਲੇ ਹਫਤੇ ਹੀ ਰੋਕ ਦਿੱਤਾ ਗਿਆ ਸੀ। ਇਸ ਲਈ ਸੈਨਿਕਾਂ ਨੂੰ ਬੈੱਡਾਂ ਵਿੱਚ ਰਹਿਣ ਵਾਲਿਆਂ ਲਈ ਹਾਈਡਰੇਸ਼ਨ ਅਤੇ ਪੋਸ਼ਣ ਸਮੇਤ ਬੁਨਿਆਦੀ ਦੇਖਭਾਲ ਵਿੱਚ ਮਦਦ ਕਰਨ ਲਈ ਵੀ ਕਿਹਾ ਜਾ ਸਕਦਾ ਹੈ। ਇਸ ਦੌਰਾਨ, ਉੱਤਰੀ ਆਇਰਲੈਂਡ ਵੱਲੋਂ ਵੀ ਫੌਜੀ ਸਹਾਇਤਾ ਲਈ ਬੇਨਤੀ ਕੀਤੀ ਗਈ ਹੈ।