ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਆਪਣੇ ਰਿਹਾਇਸ਼ੀ ਸਥਾਨਾਂ ਦੇ ਕਿਰਾਏ ਵਿੱਚ ਹੋ ਰਹੇ ਵਾਧੇ ਦੀ ਸਮੱਸਿਆ ਨਾਲ ਜੂਝ ਰਹੇ ਹਨ। ਵਧ ਰਹੇ ਕਿਰਾਏ ਨਾਲ ਨਜਿੱਠਣ ਲਈ ਵਿਦਿਆਰਥੀ ਸਕਾਟਿਸ਼ ਸਰਕਾਰ ਤੋਂ ਕਾਰਵਾਈ ਦੀ ਮੰਗ ਵੀ ਕਰ ਰਹੇ ਹਨ। ਇਸ ਸੰਬੰਧੀ ਇੱਕ ਅਧਿਐਨ ਅਨੁਸਾਰ ਵਿਦਿਆਰਥੀਆਂ ਦੀ ਰਿਹਾਇਸ਼ ਲਈ ਅਦਾ ਕੀਤੀ ਔਸਤ ਰਕਮ ਤਿੰਨ ਸਾਲ ਪਹਿਲਾਂ ਨਾਲੋਂ 34% ਵੱਧ ਹੈ। ਵਿਦਿਆਰਥੀ ਰਿਹਾਇਸ਼ ਦਾ ਔਸਤ ਸਾਲਾਨਾ ਕਿਰਾਏ ਦਾ ਖਰਚਾ 2018 ਵਿੱਚ 5111 ਪੌਂਡ ਸੀ। ਪਰ 2021-22 ਵਿੱਚ ਵਧ ਕੇ 6853 ਪੌਂਡ ਹੋ ਗਿਆ ਹੈ। ਔਸਤਨ, ਨਿੱਜੀ ਖੇਤਰ ਦੀ ਰਿਹਾਇਸ਼ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਰਿਹਾਇਸ਼ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਲਈ ਔਸਤਨ 5809 ਪੌਂਡ ਦੇ ਮੁਕਾਬਲੇ, ਹਾਊਸਿੰਗ ਖਰਚਿਆਂ ਵਿੱਚ 7322 ਪੌਂਡ ਦਾ ਭੁਗਤਾਨ ਕੀਤਾ। ਇਸ ਸੰਬੰਧ ਵਿੱਚ ਸਕਾਟਿਸ਼ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਹ ਕਿਰਾਏ ਦੇ ਘਰਾਂ ਲਈ ਪਹੁੰਚ, ਯੋਗਤਾ, ਸਮਰੱਥਾ ਅਤੇ ਮਿਆਰਾਂ ਨੂੰ ਬਿਹਤਰ ਬਣਾਉਣ ਲਈ ਦ੍ਰਿੜ ਹੈ। ਹਾਲ ਦੀ ਘੜੀ ਇਹ ਗੱਲ ਸੋਚਣ ਵਾਲੀ ਹੈ ਕਿ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਇਸ ਕਿਰਾਇਆ ਵਾਧੇ ਨਾਲ ਜੂਝਦੇ ਹੋਏ ਕਿਸ ਤਰ੍ਹਾਂ ਦੀ ਮਾਨਸਿਕ ਪੀੜ ਵਿੱਚੋਂ ਗੁਜਰ ਰਹੇ ਹੋਣਗੇ।
ਸਕਾਟਲੈਂਡ : ਵਿਦਿਆਰਥੀ ਰਿਹਾਇਸ਼ਾਂ ‘ਚ ਕਿਰਾਏ ਦੇ ਵਾਧੇ ਨੇ ਕੱਢਿਆ ਧੂੰਆਂ, ਸਰਕਾਰ ਤੋਂ ਦਖਲ ਦੀ ਮੰਗ
This entry was posted in ਅੰਤਰਰਾਸ਼ਟਰੀ.