ਨਵੀਂ ਦਿੱਲੀ – ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਸੇਵਾਦਾਰਾਂ ਨੇ ਦਿੱਲੀ ਵਿਧਾਨਸਭਾ ਦੇ ਸਪੀਕਰ ਸ੍ਰੀ ਰਾਮ ਨਿਵਾਸ ਗੋਇਲ ਨੂੰ 2 ਮੰਗ ਪੱਤਰ ਦਿੱਤੇ ਹਨ। ਜਿਸ ਵਿੱਚ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਜੇਲ੍ਹ ਤੋਂ ਪੰਜਾਬ ਵਿੱਚ ਤਬਦੀਲ ਕਰਨ ਸਬੰਧੀ ਬੇਨਤੀਆਂ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਿਹਾਈ ਮੋਰਚੇ ਦੇ ਅੰਤ੍ਰਿੰਗ ਬੋਰਡ ਮੈਂਬਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਅਸੀਂ ਸਪੀਕਰ ਸਾਹਿਬ ਨੂੰ ਵਿਸਤਾਰ ਨਾਲ ਦੋਵਾਂ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਹੈ। ਨਾਲ ਹੀ ਵਫ਼ਦ ਨੇ ਸਪੀਕਰ ਸਾਹਿਬ ਨੂੰ ਜਾਣਕਾਰੀ ਦਿੱਤੀ ਕਿ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਤੇ ਨੂੰ 4 ਵਾਰ ਦਿੱਲੀ ਸਰਕਾਰ ਦਾ ‘ਸਜ਼ਾ ਸਮੀਖਿਆ ਬੋਰਡ’ ਰੱਦ ਕਰ ਚੁੱਕਿਆ ਹੈ। ਜਦਕਿ ਭਾਈ ਭੁੱਲਰ 26 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਬੰਦ ਹਨ। ਕੇਂਦਰ ਸਰਕਾਰ ਵੱਲੋਂ ਵੀ 2019 ਵਿੱਚ ਉਨ੍ਹਾਂ ਦੀ ਰਿਹਾਈ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਤੇ ਸੁਪਰੀਮ ਕੋਰਟ ਨੇ ਵੀ 9 ਦਸੰਬਰ 2021 ਨੂੰ ਭਾਈ ਭੁੱਲਰ ਦੀ ਰਿਹਾਈ ਨੂੰ ਰੋਕਣ ਸਬੰਧੀ ਮਨਿੰਦਰਜੀਤ ਸਿੰਘ ਬਿੱਟਾ ਵੱਲੋਂ ਪਾਈ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਪਰ ਦਿੱਲੀ ਸਰਕਾਰ ਕਾਨੂੰਨੀ ਅੜਿੱਕੇ ਹਟਣ ਦੇ ਬਾਵਜੂਦ ਭਾਈ ਭੁੱਲਰ ਦੀ ਰਿਹਾਈ ਨੂੰ ਮਨਜ਼ੂਰੀ ਨਾਂ ਦੇ ਕੇ ਲਗਾਤਾਰ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਨਾਂ ਕਰ ਰਹੀ ਹੈ। ਕਿਉਂਕਿ ਆਪ ਦੇਸ਼ ਦੇ ਸੰਵਿਧਾਨ ਦੇ ਚੌਕੀਦਾਰ ਹੋ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਹ ਦੇ ਕੇ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਮੁੰਮਕਿਨ ਬਣਾਓ।
ਪਰਮਿੰਦਰ ਨੇ ਦੱਸਿਆ ਕਿ ਸਪੀਕਰ ਸਾਹਿਬ ਨੂੰ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਉਨਾਂ ਦੀ ਮਾਤਾ ਨਰਿੰਦਰ ਕੌਰ ਜੀ ਵੱਲੋਂ ਭੇਜੀ ਗਈ ਚਿੱਠੀ ਦੀ ਕਾਪੀ ਵੀ ਦਿੱਤੀ ਹੈ। ਭਾਈ ਹਵਾਰਾ ਦੇ ਮਾਤਾ ਜੀ 77 ਸਾਲ ਦੀ ਉਮਰ ਦੇ ਹਨ ਅਤੇ ਹਰ 15 ਦਿਨਾਂ ਬਾਅਦ ਭਾਈ ਸਾਹਿਬ ਨੂੰ ਦਿੱਲੀ ਵਿਖੇ ਆਕੇ ਮੁਲਾਕਾਤ ਕਰਨ ਵਿੱਚ ਅਸਮਰਥ ਹਨ। ਇਸ ਤੋਂ ਇਲਾਵਾ ਭਾਈ ਹਵਾਰਾ ਦੇ ਖਿਲਾਫ ਦਿੱਲੀ ਦੀ ਅਦਾਲਤ ਵਿੱਚ ਕਿਸੇ ਕੇਸ ਦੀ ਸੁਣਵਾਈ ਵੀ ਨਹੀਂ ਚਲ ਰਹੀ ਹੈ, ਇੱਕੋ ਚਲ ਰਿਹਾ ਕੇਸ ਵੀ ਪੰਜਾਬ ਵਿੱਚ ਹੈ। ਇਸ ਲਈ ਜੇਲ੍ਹ ਤਬਦੀਲੀ ਐਕਟ 1955 ਤਹਿਤ ਭਾਈ ਹਵਾਰਾ ਦੀ ਜੇਲ੍ਹ ਤਬਦੀਲੀ ਲਾਜ਼ਮੀ ਹੈ। ਇਸ ਦੇ ਨਾਲ ਹੀ ਸਪੀਕਰ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਭੁੱਲਰ ਪਹਿਲਾਂ ਉਨ੍ਹਾਂ ਕੋਲ ਆਏ ਸਨ, ਜਦੋਂ ਭਾਈ ਭੁੱਲਰ ਦਿੱਲੀ ਦੇ ਇਬਹਾਸ ਹਸਪਤਾਲ ਵਿਖੇ ਇਲਾਜ ਲਈ 2014 ਵਿੱਚ ਦਾਖਲ ਸਨ। ਤਾਂ ਨੀਂ ਉਨ੍ਹਾਂ ਦੀ ਮੈਂ ਮਦਦ ਕੀਤੀ ਸੀ ਤੇ ਹੁਣ ਵੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਇਸ ਵਫਦ ਵਿੱਚ ਰਾਜਾ ਸਿੰਘ, ਰਵਿੰਦਰ ਸਿੰਘ ਤੇ ਨਰਿੰਦਰ ਸਿੰਘ ਭਾਟੀਆ ਸ਼ਾਮਲ ਸਨ।