ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੀਤੇ ਗਏ ਇੱਕ ਅਧਿਐਨ ਦੌਰਾਨ ਸਾਹਮਣੇ ਆਇਆ ਹੈ ਕਿ ਇੱਥੋਂ ਦੀਆਂ ਜਿਆਦਾਤਰ ਨਰਸਾਂ ਆਪਣੀ ਨੌਕਰੀ ਛੱਡਣ ਲਈ ਵਿਚਾਰ ਕਰ ਰਹੀਆਂ ਹਨ। ਇਸ ਖੋਜ ਅਨੁਸਾਰ ਸਕਾਟਲੈਂਡ ਵਿੱਚ ਪੰਜਾਂ ਵਿੱਚੋਂ ਤਿੰਨ ਨਰਸਾਂ ਆਪਣੀ ਨੌਕਰੀ ਛੱਡਣ ਬਾਰੇ ਸੋਚ ਰਹੀਆਂ ਹਨ। ਰਾਇਲ ਕਾਲਜ ਆਫ਼ ਨਰਸਿੰਗ (RCN) ਸਕਾਟਲੈਂਡ ਨੇ 2021 ਰੁਜ਼ਗਾਰ ਸਰਵੇਖਣ ਲਈ ਆਪਣੇ ਲਗਭਗ 1300 ਮੈਂਬਰਾਂ ਦੀ ਇੰਟਰਵਿਊ ਕੀਤੀ, ਜਿਨ੍ਹਾਂ ਵਿੱਚੋਂ 61% ਨੇ ਕਿਹਾ ਕਿ ਉਹ ਆਪਣੀ ਮੌਜੂਦਾ ਨੌਕਰੀ ਨੂੰ ਛੱਡਣ ਬਾਰੇ ਵਿਚਾਰ ਕਰ ਰਹੇ ਹਨ। ਇਹਨਾਂ ਵਿੱਚੋਂ 20% ਬੇਹੱਦ ਉਤਾਵਲੇਪਨ ਨਾਲ ਨੌਕਰੀ ਛੱਡਣ ਦੀ ਯੋਜਨਾ ਬਣਾ ਰਹੇ ਸਨ। ਇਹ ਸਰਵੇਖਣ ਦਸੰਬਰ ਵਿੱਚ ਓਮੀਕਰੋਨ ਲਹਿਰ ਆਉਣ ਤੋਂ ਪਹਿਲਾਂ ਕੀਤਾ ਗਿਆ ਸੀ। ਆਰ ਸੀ ਐੱਨ ਦੇ ਕੋਲਿਨ ਪੂਲਮੈਨ ਅਨੁਸਾਰ ਸਟਾਫ ਬਿਨਾਂ ਭੁਗਤਾਨ ਦੇ ਓਵਰਟਾਈਮ ਲਈ ਕੰਮ ਕਰ ਰਿਹਾ ਹੈ ਅਤੇ ਬਹੁਤ ਜ਼ਿਆਦਾ ਦਬਾਅ ਹੇਠ ਹੈ। ਰਿਪੋਰਟ ਅਨੁਸਾਰ ਅਹੁਦਾ ਛੱਡਣ ਦੀ ਇੱਛਾ ਦੇ ਮੁੱਖ ਕਾਰਨਾਂ ਵਿੱਚ ਘੱਟ ਸਟਾਫ ਅਤੇ ਘੱਟ ਤਨਖਾਹ ਦੇ ਨਾਲ ਬਹੁਤ ਜ਼ਿਆਦਾ ਦਬਾਅ ਸ਼ਾਮਲ ਹੈ। ਇਸਦੇ ਇਲਾਵਾ 3000 ਤੋਂ ਵੱਧ ਨਰਸਿੰਗ ਅਤੇ ਮਿਡਵਾਈਫਰੀ ਵਿਦਿਆਰਥੀਆਂ ਨੇ ਇਸ ਮਹੀਨੇ ਪਲੇਸਮੈਂਟ ‘ਤੇ ਅੱਗੇ ਵਧਣ ਲਈ ਸਵੈਇੱਛੁਕ ਤੌਰ ‘ਤੇ ਕੰਮ ਕੀਤਾ, ਜੋ ਆਪਣੀਆਂ ਡਿਗਰੀਆਂ ਲਈ ਕੰਮ ਕਰਨਾ ਜਾਰੀ ਰੱਖਣਗੇ। ਇਸ ਸਬੰਧੀ ਸਕਾਟਲੈਂਡ ਨੇ ਸਰਕਾਰ ਨੂੰ ਸਿਹਤ ਅਤੇ ਸਮਾਜਿਕ ਦੇਖਭਾਲ ਵਿੱਚ ਨਰਸਿੰਗ ਸੰਕਟ ਤੋਂ ਬਚਣ ਲਈ ਕਦਮ ਚੁੱਕਣ ਲਈ ਕਿਹਾ, ਜਿਸ ਵਿੱਚ ਸੁਰੱਖਿਅਤ ਸਟਾਫਿੰਗ ਕਾਨੂੰਨ ਨੂੰ ਲਾਗੂ ਕਰਨਾ ਅਤੇ ਨਰਸਿੰਗ ਸਟਾਫ ਲਈ ਤਨਖਾਹ ਵਿੱਚ ਵਾਧਾ ਕਰਨਾ ਸ਼ਾਮਲ ਹੈ।