ਫ਼ਤਹਿਗੜ੍ਹ ਸਾਹਿਬ – “ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਲੰਮੇਂ ਸਮੇਂ ਤੋਂ ਦਰਪੇਸ਼ ਆ ਰਹੇ ਗੰਭੀਰ ਮਸਲਿਆ ਦਾ ਹੱਲ ਨਾ ਤਾਂ ਰਾਜ ਕਰਨ ਵਾਲੀ ਪਾਰਟੀ ਕਾਂਗਰਸ, ਨਾ ਬਾਦਲ-ਬੀਜੇਪੀ ਅਤੇ ਨਾ ਹੀ ਆਰ.ਐਸ.ਐਸ. ਦੀ ਬੀ-ਟੀਮ ਬਣੀ ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਕੋਲ ਹੈ । ਕਿਉਂਕਿ ਇਨ੍ਹਾਂ ਆਗੂਆਂ ਅਤੇ ਪਾਰਟੀਆਂ ਦਾ ਪੰਜਾਬ ਦੀ ਧਰਤੀ, ਇਥੋਂ ਦੇ ਵਿਰਸੇ-ਵਿਰਾਸਤ, ਇਥੋ ਦੀ ਆਰਥਿਕਤਾ ਨੂੰ ਮਜਬੂਤ ਕਰਨ, ਬੇਰੁਜਗਾਰੀ ਦੈਂਤ ਦਾ ਖਾਤਮਾ ਕਰਨ, ਇਥੋਂ ਦੇ ਕਿਸਾਨ-ਮਜਦੂਰ ਨੂੰ ਮਾਲੀ ਤੌਰ ਤੇ ਮਜ਼ਬੂਤ ਕਰਨ, ਇਥੋ ਦੇ ਵਪਾਰ ਨੂੰ ਸਰਹੱਦਾਂ ਖੋਲ੍ਹਕੇ ਕੌਮਾਂਤਰੀ ਪੱਧਰ ਤੇ ਲਿਜਾਣ ਅਤੇ ਇਥੇ ਸਦਾ ਲਈ ਅਮਨ ਤੇ ਜਮਹੂਰੀਅਤ ਕਾਇਮ ਕਰਨ ਨਾਲ ਕੋਈ ਵਾਸਤਾ ਨਹੀਂ । ਕੇਵਲ ਤੇ ਕੇਵਲ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਇਹ ਬਾਹਰੀ ਅਤੇ ਸਵਾਰਥੀ ਆਗੂ ਪੰਜਾਬ ਦੀ ਸਰਕਾਰ ਉਤੇ ਕਾਬਜ ਹੋ ਕੇ ਇਥੋ ਦੇ ਸਾਧਨਾਂ, ਧਨ-ਦੌਲਤਾਂ, ਪਾਣੀ, ਬਿਜਲੀ ਆਦਿ ਨੂੰ ਲੁੱਟਣ ਦੀ ਮੰਦਭਾਵਨਾ ਰੱਖਦੇ ਹਨ । ਇਸ ਲਈ ਇਹ ਕਦੀ ਵੀ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਮਸਲਿਆ ਨੂੰ ਹੱਲ ਨਹੀਂ ਕਰ ਸਕਦੇ । ਜੇਕਰ ਇਹ ਪਾਰਟੀਆਂ ਅਤੇ ਆਗੂ ਪੰਜਾਬ ਸੂਬੇ ਪ੍ਰਤੀ ਅਤੇ ਇਥੋ ਦੇ ਨਿਵਾਸੀਆ ਦੀ ਬਿਹਤਰੀ ਲਈ ਸੰਜ਼ੀਦਾ ਹੁੰਦੇ ਤਾਂ ਪੰਜਾਬ ਸਿਰ 3 ਲੱਖ ਕਰੋੜ ਦਾ ਬੀਤੇ ਲੰਮੇਂ ਸਮੇਂ ਤੋ ਚੜ੍ਹੇ ਕਰਜੇ, ਕਿਸਾਨੀ ਕਰਜੇ ਦਾ ਕਦੋ ਦਾ ਖਾਤਮਾ ਕਰ ਦਿੰਦੇ । ਹੁਣ ਪੰਜਾਬ ਦੇ ਨਿਵਾਸੀਆਂ ਲਈ ਗੰਭੀਰਤਾ ਨਾਲ ਸੋਚਣ ਅਤੇ ਫੈਸਲਾ ਕਰਨ ਦੀ ਘੜੀ ਹੈ ਕਿ ਇਸ ਸੂਬੇ ਦੇ ਮਸਲਿਆ ਨੂੰ ਦੂਰਅੰਦੇਸ਼ੀ, ਸੰਜ਼ੀਦਗੀ ਅਤੇ ਦ੍ਰਿੜਤਾਂ ਸ਼ਕਤੀ ਨਾਲ ਹੱਲ ਕਰਨ ਦੀ ਸਮਰੱਥਾਂ ਕਿਹੜੀ ਪਾਰਟੀ ਅਤੇ ਕਿਹੜੀ ਸਖਸ਼ੀਅਤ ਕਰ ਸਕਦੀ ਹੈ । ਅਜਿਹਾ ਫੈਸਲਾ ਕਰਨ ਉਪਰੰਤ ਹੀ ਪੰਜਾਬ ਨਿਵਾਸੀ ਆਪੋ-ਆਪਣੀਆਂ ਕੀਮਤੀ ਵੋਟਾਂ ਨੂੰ ਈ.ਵੀ.ਐਮ. ਵਿਚ ਦਰਜ ਕਰਨ ਤਾਂ ਕਿ ਪੰਜਾਬ ਦੀ ਮਿੱਟੀ ਨਾਲ ਜੁੜੀ ਸਖਸ਼ੀਅਤ ਅਤੇ ਇਥੋ ਦੇ ਸਮੁੱਚੇ ਮਸਲਿਆ ਨੂੰ ਦ੍ਰਿੜਤਾਂ ਨਾਲ ਹੱਲ ਕਰਨ ਤੇ ਸਮਰੱਥਾਂ ਰੱਖਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਪੰਜਾਬ ਵਿਚ ਖੜ੍ਹੇ ਉਮੀਦਵਾਰਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਨਿਭਾਉਣ । ਅਜਿਹਾ ਅਮਲ ਕਰਕੇ ਹੀ ਪੰਜਾਬ ਨਿਵਾਸੀ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆ ਦੀ ਬਿਹਤਰੀ ਕਰਨ ਵਿਚ ਯੋਗਦਾਨ ਪਾ ਸਕਦੇ ਹਨ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਮੀਦਵਾਰ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਨੇ ਅੱਜ ਆਪਣੀ ਚੋਣ ਮੁਹਿੰਮ ਦਾ ਕਿਲ੍ਹਾ ਸ. ਹਰਨਾਮ ਸਿੰਘ ਤੋ ਪੂਰਨ ਗਰਮਜੋਸੀ ਨਾਲ ਆਗਾਜ ਕਰਦੇ ਹੋਏ ਵੱਡੀ ਗਿਣਤੀ ਵਿਚ ਇਸ ਮੌਕੇ ਉਤੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਰਕਰਾਂ, ਸਮਰਥਕਾਂ, ਅਹੁਦੇਦਾਰਾਂ ਦੇ ਸਮੂਹ ਨੂੰ ਪ੍ਰਭਾਵਸਾਲੀ ਅਤੇ ਬਾਦਲੀਲ ਵਿਚਾਰਾਂ ਰਾਹੀ ਸੁਬੋਧਿਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕੀਮਤੀ ਪਾਣੀਆਂ, ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਪੰਜਾਬ ਸੂਬੇ ਦੀ ਲੋੜ ਪੂਰੀ ਕਰਨ ਵਾਲੀ ਬਿਜਲੀ ਦੀ ਲੁੱਟ ਨੂੰ ਬਚਾਉਣ, ਨੌਜ਼ਵਾਨੀ ਨੂੰ ਨਸ਼ਿਆਂ ਵਿਚ ਗਲਤਾਨ ਹੋਣ ਤੋ ਰੋਕਣ, ਇਥੇ ਵੱਡੀਆਂ ਇੰਡਸਟਰੀਆਂ ਤੇ ਕੌਮਾਂਤਰੀ ਵਪਾਰ ਸੁਰੂ ਕਰਕੇ ਬੇਰੁਜਗਾਰੀ ਨੂੰ ਖਤਮ ਕਰਨ, ਪੰਜਾਬ ਦੀ ਜਵਾਨੀ ਅਤੇ ਕਿਸਾਨੀ ਦੀ ਸਹੀ ਵਰਤੋਂ ਕਰਨ ਲਈ ਇਹ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ 2022 ਦੀਆਂ ਚੋਣਾਂ ਵਿਚ 95 ਸੰਜ਼ੀਦਾ, ਇਮਾਨਦਾਰ, ਪੰਜਾਬ ਦੀ ਅਣਖ-ਇੱਜ਼ਤ ਉਤੇ ਪਹਿਰਾ ਦੇਣ ਵਾਲੇ ਅਤੇ ਦ੍ਰਿੜਤਾ ਨਾਲ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਮੁਕਾਬਲਾ ਕਰਕੇ ਪੰਜਾਬ ਦੀ ਨੁਹਾਰ ਬਦਲਣ ਵਾਲੇ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਜਿਤਾਉਣਾ ਹਰ ਪੰਜਾਬੀ ਅਤੇ ਹਰ ਸਿੱਖ ਦਾ ਜਿਥੇ ਫਰਜ ਬਣ ਜਾਂਦਾ ਹੈ, ਉਥੇ ਆਪੋ-ਆਪਣੇ ਹਲਕਿਆ ਦੇ ਪੋਲਿੰਗ ਬੂਥਾਂ ਉਤੇ ਵੋਟਾਂ ਪੈਣ ਵਾਲੇ ਦਿਨ 20 ਫਰਵਰੀ ਨੂੰ ਪੂਰੀ ਸੁਚੇਤਾ ਨਾਲ ਜ਼ਿੰਮੇਵਾਰੀ ਨਿਭਾਉਣੀ ਪਵੇਗੀ । ਜੇਕਰ ਅਸੀਂ ਆਪਣੀ ਪੰਜਾਬ ਪੱਖੀ ਅਤੇ ਮਨੁੱਖਤਾ ਪੱਖੀ ਸੋਚ ਲਈ ਪ੍ਰਗਤੀ ਕਰਨੀ ਹੈ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇਨ੍ਹਾਂ ਚੋਣਾਂ ਵਿਚ ਹਰ ਪੱਖ ਤੋ ਸਹਿਯੋਗ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਨਿਰੋਲ ਪੰਜਾਬ ਸੂਬੇ ਪੱਖੀ ਸਰਕਾਰ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ ਜਾਵੇ । ਤਾਂ ਕਿ ਕਾਂਗਰਸ, ਬੀਜੇਪੀ-ਆਰ.ਐਸ.ਐਸ ਅਤੇ ਇਨ੍ਹਾਂ ਦੇ ਭਾਈਵਾਲ ਬਾਦਲ ਦਲ ਅਤੇ ਆਰ.ਐਸ.ਐਸ. ਦੀ ਬੀ-ਟੀਮ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਪੰਜਾਬ ਦੀ ਪਵਿੱਤਰ ਧਰਤੀ ਦੀ ਹਕੂਮਤ ਉਤੇ ਕਾਬਜ ਹੋ ਕੇ ਇਥੋ ਦੇ ਸਾਧਨਾਂ, ਧਨ-ਦੌਲਤਾਂ ਦੇ ਭੰਡਾਰ ਲੁੱਟ ਨਾ ਸਕੇ ਅਤੇ ਸਾਡੇ ਅਮੀਰ ਵਿਰਸੇ-ਵਿਰਾਸਤ, ਸੱਭਿਆਚਾਰ, ਪੰਜਾਬੀ ਬੋਲੀ, ਸਾਡੇ ਸਭ ਹਿੰਦੂ, ਮੁਸਲਿਮ, ਸਿੱਖ, ਇਸਾਈ, ਰੰਘਰੇਟਿਆ ਦੇ ਬਣੇ ਇਤਫਾਕ ਪਿਆਰ ਨੂੰ ਕੋਈ ਪੰਜਾਬ ਵਿਰੋਧੀ ਸ਼ਕਤੀ ਨੁਕਸਾਨ ਨਾ ਪਹੁੰਚਾ ਸਕੇ ਅਤੇ ਅਸੀਂ ਸਭ ਇਕ ਹੋ ਕੇ ਪੰਜਾਬ ਸੂਬੇ ਦੀ ਨੁਹਾਰ ਐਸੀ ਬਦਲ ਸਕੀਏ ਕਿ ਕਿਸੇ ਵੀ ਵਰਗ, ਕੌਮ, ਧਰਮ ਨਾਲ ਕਿਸੇ ਤਰ੍ਹਾਂ ਦਾ ਨਾ ਤਾਂ ਵਿਤਕਰਾ ਹੋਵੇ ਅਤੇ ਨਾ ਹੀ ਕਿਸੇ ਨਾਲ ਕਾਨੂੰਨੀ ਜਾਂ ਮਾਲੀ ਤੌਰ ਤੇ ਵੱਖਰੇਵਾ ਹੋ ਸਕੇ । ਸਭ ਬਰਾਬਰਤਾ ਦੀ ਸੋਚ ਤੇ ਅੱਗੇ ਵੱਧ ਸਕਣ ।
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅੱਜ ਇਥੇ ਇਕੱਤਰ ਹੋਏ ਪੰਜਾਬ ਅਤੇ ਪੰਥਦਰਦੀ ਇਹ ਆਪਣੀ ਜ਼ਿੰਮੇਵਾਰੀ ਨਿਭਾਕੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਰਕਾਰ ਬਣਾਉਣਗੇ ਅਤੇ ਜੋ ਦੁਨੀਆਂ ਦੇ ਮਹਾਨ ਸ਼ਹੀਦਾਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਦੀ ਪਵਿੱਤਰ ਤੇ ਸ਼ਹੀਦੀ ਧਰਤੀ ਤੇ ਫ਼ਤਹਿਗੜ੍ਹ ਸਾਹਿਬ ਦਾ ਵਿਧਾਨ ਸਭਾ ਹਲਕਾ ਹੈ ਜਿਥੇ ਪਾਰਟੀ ਨੇ ਦਾਸ ਨੂੰ ਆਪ ਜੀ ਦੀ ਸੇਵਾ ਕਰਨ ਲਈ ਚੁਣਿਆ ਹੈ, ਉਥੇ ਆਪ ਜੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਪੂਰਨ ਕਰਕੇ ਮੇਰੀ ਅਤੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੋਗੇ । ਜਿਵੇ ਅਸੀਂ ਤੇ ਸਾਡਾ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਦਿਨ-ਰਾਤ ਮਨੁੱਖਤਾ ਦੀ ਸੇਵਾ ਵਿਚ ਹਾਜਰ ਰਹਿੰਦਾ ਹੈ, ਉਸੇ ਤਰ੍ਹਾਂ ਮੈਂ ਫਤਹਿਗੜ੍ਹ ਸਾਹਿਬ ਹਲਕੇ ਅਤੇ ਜ਼ਿਲ੍ਹੇ ਦੇ ਨਿਵਾਸੀਆ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਕਰਕੇ ਸੇਵਾ ਕਰਨ ਵਿਚ ਵੱਡਾ ਫਖ਼ਰ ਮਹਿਸੂਸ ਕਰਾਂਗਾ । ਅੱਜ ਦੇ ਇਸ ਚੋਣ ਮੁਹਿੰਮ ਦੇ ਆਗਾਜ ਸਮੇ ਹਾਜਰ ਹੋਣ ਵਾਲੀਆ ਸਖਸ਼ੀਅਤਾਂ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕੁਸਲਪਾਲ ਸਿੰਘ ਮਾਨ ਜਰਨਲ ਸਕੱਤਰ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਸਿੰਗਾਰਾ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ, ਜੋਗਿੰਦਰ ਸਿੰਘ ਸੈਪਲੀ, ਸਵਰਨ ਸਿੰਘ ਫਾਟਕਮਾਜਰੀ, ਕੁਲਦੀਪ ਸਿੰਘ ਪਹਿਲਵਾਨ, ਦਰਬਾਰਾ ਸਿੰਘ ਮੰਡੋਫਲ, ਲਖਵੀਰ ਸਿੰਘ ਕੋਟਲਾ, ਗੁਰਪ੍ਰੀਤ ਸਿੰਘ ਪੀਰਜੈਨ, ਭੁਪਿੰਦਰ ਸਿੰਘ ਫ਼ਤਹਿਪੁਰ, ਪਵਨਪ੍ਰੀਤ ਸਿੰਘ ਢੋਲੇਵਾਲ, ਗੁਰਪ੍ਰੀਤ ਦੁੱਲਵਾ, ਕੁਲਵੰਤ ਸਿੰਘ ਲੰਬੜਦਾਰ, ਹਰਮਲ ਸਿੰਘ ਲਟੋਰ, ਗੁਰਮੀਤ ਸਿੰਘ ਫਤਹਿਪੁਰ ਜੱਟਾਂ, ਜੋਰਾ ਸਿੰਘ ਖੰਟ, ਹਰਬੰਸ ਸਿੰਘ ਲੰਬੜਦਾਰ ਕਿਸਾਨ ਵਿੰਗ, ਗੁਰਮੁੱਖ ਸਿੰਘ ਸਮਸਪੁਰ, ਪਰਮਿੰਦਰ ਸਿੰਘ ਨਾਨੋਵਾਲ, ਜਰਨੈਲ ਸਿੰਘ ਜਟਾਣਾ, ਗੁਰਮੇਲ ਸਿੰਘ, ਕੁਲਦੀਪ ਸਿੰਘ ਦੁਭਾਲੀ, ਸੁਰਿੰਦਰ ਸਿੰਘ ਬਰਕਤਪੁਰ ਆਦਿ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜ਼ਵਾਨ, ਕਿਸਾਨ, ਮਜਦੂਰ ਅਤੇ ਵਿਦਿਆਰਥੀਆਂ ਨੇ ਹੱਥ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਝੰਡੇ ਫੜਕੇ ਬੁਲੰਦ ਨਾਅਰੇ ਲਗਾਉਦੇ ਨਜਰ ਆ ਰਹੇ ਸਨ ।