ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਕੀ ਵਾਰ ਗੱਡੀਆਂ ਦੇ ਡਰਾਈਵਰ ਇੱਕ ਦੂਜੇ ਨੂੰ ਲਾਈਟਾਂ ਦਾ ਇਸ਼ਾਰਾ ਮਾਰ ਕੇ ਲੰਘਦੇ ਹਨ। ਇਹਨਾਂ ਇਸ਼ਾਰਿਆਂ ਦਾ ਲੁਕਵਾਂ ਇਸ਼ਾਰਾ ਪੁਲਿਸ ਚੈਕਿੰਗ ਜਾਂ ਅੱਗੇ ਸਪੀਡ ਕੈਮਰੇ ਵਾਲੀ ਵੈਨ ਆਦਿ ਤੋਂ ਬਚਣ ਲਈ ਹੁੰਦਾ ਹੈ। ਯੂਕੇ ਵਿੱਚ ਡਰਾਈਵਰਾਂ ਨੂੰ ਆਪਣੀ ਗੱਡੀ ਦੀਆਂ ਹੈੱਡਲਾਈਟਾਂ ਨੂੰ ਇਸ਼ਾਰੇ ਦੇ ਰੂਪ ਵਿੱਚ ਮਟਕਾਉਣ ਲਈ 5,000 ਪੌਂਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਡਰਾਈਵਰਾਂ ਨੂੰ ਗੱਡੀ ਦੀਆਂ ਹੈੱਡਲਾਈਟਾਂ ਦੀ ਗਲਤ ਵਰਤੋਂ ਕਰਨ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਵਾਹਨ ਚਾਲਕਾਂ ਨੂੰ 5,000 ਪੌਂਡ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਜੇਕਰ ਉਹਨਾਂ ਨੂੰ ਉਹਨਾਂ ਦੀਆਂ ਹੈੱਡਲਾਈਟਾਂ ਦੀ ਦੁਰਵਰਤੋਂ ਕਰਨ ਲਈ ਅਦਾਲਤ ਵਿੱਚ ਭੇਜਿਆ ਜਾਂਦਾ ਹੈ। ਜੇਕਰ ਵਾਹਨ ਚਾਲਕ ਕਿਸੇ ਡਰਾਇਵਰ ਨੂੰ ਡਰਾਉਣ ਲਈ, ਅੱਗੇ ਸਪੀਡ ਕੈਮਰੇ ਤੋਂ ਸਾਵਧਾਨ ਰਹਿਣ ਲਈ ਸੁਚੇਤ ਕਰਦਿਆਂ ਲਾਈਟਾਂ ਫ਼ਲੈਸ਼ ਕਰਦੇ ਹਨ ਤਾਂ ਇਹ ਸਭ ਸੜਕ ਕਾਨੂੰਨਾਂ ਦੇ ਸਖਤ ਵਿਰੁੱਧ ਹੈ। ਅਜਿਹਾ ਕਰਦਿਆਂ ਫੜ੍ਹੇ ਜਾਣ ‘ਤੇ ਮੌਕੇ ‘ਤੇ ਛੋਟੇ ਜੁਰਮਾਨੇ ਦੀ ਸੰਭਾਵਨਾ ਹੈ, ਪਰ ਜਾਣਬੁੱਝ ਕੇ ਉਹਨਾਂ ਦੀ ਦੁਰਵਰਤੋਂ ਕਰਨਾ ਬਹੁਤ ਜ਼ਿਆਦਾ ਗੰਭੀਰ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋਏ ਫੜੇ ਗਏ ਤਾਂ ਤੁਹਾਡੇ ‘ਤੇ ਪੁਲਿਸ ਐਕਟ 1996 ਦੀ ਧਾਰਾ 89 ਦੀ ਉਲੰਘਣਾ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਕਿਉਂਕਿ ਕਿਸੇ ਕਾਂਸਟੇਬਲ ਨੂੰ ਉਸਦੀ ਡਿਊਟੀ ਨਿਭਾਉਣ ਵਿੱਚ ਜਾਣ ਬੁੱਝ ਕੇ ਰੁਕਾਵਟ ਪਾਉਣਾ ਇੱਕ ਅਪਰਾਧ ਹੈ ਅਤੇ ਵੱਧ ਤੋਂ ਵੱਧ 1,000 ਪੌਂਡ ਦਾ ਜੁਰਮਾਨਾ ਹੈ। ਜੇਕਰ ਤੁਹਾਨੂੰ ਅਦਾਲਤ ਵਿੱਚ ਲਿਜਾਇਆ ਜਾਂਦਾ ਹੈ, ਤਾਂ ਤੁਹਾਨੂੰ 5,000 ਪੌਂਡ ਤੱਕ ਦਾ ਜੁਰਮਾਨਾ ਅਤੇ ਲਾਇਸੈਂਸ ‘ਤੇ ਨੌਂ ਪੈਨਲਟੀ ਪੁਆਇੰਟਸ ਲੱਗ ਸਕਦੇ ਹਨ।