ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸਰਨਾ ਭਰਾ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਤੇ ਉਹਨਾਂ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ ਕੇ 25 ਅਗਸਤ ਨੂੰ ਚੋਣ ਨਤੀਜਿਆਂ ਵਾਲੇ ਦਿਨ ਤੋਂ ਸੰਗਤ ਵੱਲੋਂ ਦਿੱਤੇ ਫਤਵੇ ਨੁੰ ਰੋਕਣ ਲਈ ਪੱਬਾਂ ਭਾਰ ਸਨ ਤੇ ਹੁਣ ਅੰਤਰਿਮ ਕਮੇਟੀ ਚੋਣਾਂ ਤੋਂ ਬਾਅਦ ਉਹਨਾਂ ਪੰਥ ਤੇ ਪੰਥਕ ਸੰਸਥਾਵਾਂ ਦੇ ਖਿਲਾਫ ਆਪਣਾ ਕੂੜ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਕਮੇਟੀ ਚੋਣਾਂ ਵਾਸਤੇ ਪਹਿਲੇ ਦਿਨ ਤੋਂ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ ਕੇ ਸਾਡੇ ਖਿਲਾਫ ਯੋਜਨਾਬੱਧ ਤਰੀਕੇ ਨਾਲ ਕੋਝੀਆਂ ਚਾਲਾਂ ਚੱਲੀਆਂ। ਕਦੇ ਚੋਣ ਨਿਸ਼ਾਨ ਦਾ ਰੌਲਾ ਪਾ ਕੇ ਤੇ ਕਦੇ ਕੋਈ ਰੁਕਾਵਟ ਖੜ੍ਹੀ ਕਰ ਕੇ ਸਾਨੁੰ ਚੋਣਾਂ ਲੜਨ ਤੋਂ ਰੋਕਣ ਦੇ ਅਸਫਲ ਯਤਨ ਕੀਤੇ ਗਏ। ਉਹਨਾਂ ਕਿਹਾ ਕਿ ਜਦੋਂ 25 ਅਗਸਤ ਨੂੰ 46 ਵਾਰਡਾਂ ਦਾ ਨਤੀਜਾ ਆਇਆ ਤਾਂ ਇਸ ਵਿਚ ਸਾਨੁੰ 27 ਸੀਟਾਂ ਨਾਲ ਪੂਰਨ ਬਹੁਮਤ ਮਿਲਿਆ ਜਦੋਂ ਕਿ ਸਰਨਾ ਭਰਾਵਾਂ ਦੀ ਪਾਰਟੀ ਨੁੰ 14 ਸੀਟਾਂ ਤੇ ਮਨਜੀਤ ਸਿੰਘ ਜੀ ਕੇ ਦੀ ਪਾਰਟੀ ਨੂੰ ਸਿਰਫ 3 ਸੀਟਾਂ ਮਿਲੀਆਂ। ਉਹਨਾਂ ਕਿਹਾ ਕਿ ਇਸ ਮਗਰੋਂ ਕੋਆਪਸ਼ਨ ਦੇ ਮੈਂਬਰ ਮਿਲਾ ਕੇ ਸਾਡੀ 30 ਮੈਂਬਰੀ ਟੀਮ ਹੋ ਗਈ ਜੋ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ ਕੇ ਤੋਂ ਬਰਦਾਸ਼ਤ ਨਾ ਹੋਇਆ ਤੇ ਇਹਨਾਂ ਨੇ ਕਮੇਟੀ ਦੇ ਗਠਨ ਦੇ ਰਾਹ ਵਿਚ ਰੁਕਾਵਟਾ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕਦੇ ਕਿਸੇ ਮੈਂਬਰ ਦੀ ਚੋਣ ਤੇ ਕਦੇ ਕਿਸੇ ਮਾਮਲੇ ‘ਤੇ ਅਦਾਲਤਾਂ ਵਿਚ ਕੇਸ ਪਾ ਦਿੱਤੇ।
ਇਹਨਾਂ ਦੋਹਾਂ ਆਗੂਆਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਕ ਪਾਸੇ 30 ਮੈਂਬਰਾਂ ਵਾਲੀ ਟੀਮ ਹੈ ਤੇ ਦੂਜੇ ਪਾਸੇ 14 ਸੀਟਾਂ ਵਾਲੇ ਸਰਨਾ ਭਰਾ ਤੇ 3 ਸੀਟਾਂ ਵਾਲੇ ਜੀ ਕੇ ਜੋ ਪ੍ਰਧਾਨਗੀ ਦੇ ਦਾਅਵੇਦਾਰ ਬਣੇ ਬੈਠੇ ਸਨ ਪਰ ਜਦੋਂ ਅੰਤਰਿਮ ਕਮੇਟੀ ਦੀਆਂ ਚੋਣਾਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਮੈਂਬਰਾਂ ਨੁੰ ਸਹੁੰ ਚੁਕਾਈ ਗਈ ਤੇ ਇਹਨਾਂ ਵੱਲੋਂ ਚੋਣ ਪ੍ਰਕਿਰਿਆ ਸਵੇਰੇ 11.30 ਵਜੇ ਤੋਂ ਲੈ ਕੇ 12 ਘੰਟੇ ਤੱਕ ਠੱਪ ਕੀਤਾ ਗਿਆ ਤਾਂ 30 ਮੈਂਬਰਾਂ ਨੇ ਡਾਇਰੈਕਟਰ ਨੁੰ ਚੋਣਾਂ ਪ੍ਰਵਾਨ ਚੜ੍ਹਾਉਣ ਲਈ ਪੱਤਰ ਲਿਖਿਆ। ਇਹਨਾਂ ਚੋਣਾਂ ਡਾਇਰੈਕਟਰ ਦੀ ਹਾਜ਼ਰੀ ਵਿਚ ਪ੍ਰਵਾਨ ਚੜ੍ਹੀਆਂ ਜਿਸ ਵਿਚ ਨਵੀਂ ਟੀਮ ਚੁਣੀ ਗਈ।
ਸਰਦਾਰ ਕਾਲਕਾ ਨੇ ਕਿਹਾ ਕਿ ਜਨਰਲ ਹਾਊਸ ਵਿਚ ਜੋ ਕੁਝ ਹੋਇਆ, ਉਸ ਲਈ ਪਸ਼ਚਾਤਾਪ ਵਜੋਂ ਉਹ ਹੁਣ ਤੱਕ ਚੁੱਪ ਸਨ। ਉਹਨਾਂ ਕਿਹਾ ਕਿ ਵਿਰੋਧੀ ਧਿਰ ਨੇ ਤਾਂ ਪਸ਼ਚਾਤਾਪ ਵਜੋਂ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਵਿਚ ਸ਼ਮੂਲੀਅਤ ਨਾਕਰ ਕੇ ਗੁਰੂ ਨੁੰ ਬੇਦਾਵਾ ਦੇ ਦਿੱਤਾ ਹੈ।
ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ 14 ਸੀਟਾਂ ਤੇ 3 ਸੀਟਾਂ ਵਾਲਾ ਕਿਵੇਂ ਪ੍ਰਧਾਨ ਬਣ ਸਕਦਾ ਹੈ ? ਉਹਨਾਂ ਕਿਹਾ ਕਿ ਸਰਨਾ ਭਰਾ ਤੇ ਜੀ ਕੇ ਜੋ ਮਰਜ਼ੀ ਕੂੜ ਪ੍ਰਚਾਰ ਕਰਨ, ਅਸੀਂ ਇਹਨਾਂ ਨਾਲ ਉਲਝਣ ਦੀ ਥਾਂ ‘ਤੇ ਸੰਗਤ ਦੇ ਫਤਵੇ ਦਾ ਸਨਮਾਨ ਕਰਦਿਆਂ ਕੌਮ ਦੀ ਸੇਵਾ ਜਾਰੀ ਰੱਖਾਂਗੇ ਤੇ ਆਉਂਦੇ ਦਿਨਾਂ ਵਿਚ ਬਾਲਾ ਸਾਹਿਬ ਹਸਪਤਾਲ ਸ਼ੁਰੂ ਕਰਨ ਸਮੇਤ ਹੋਰ ਪ੍ਰਾਜੈਕਟ ਪ੍ਰਵਾਨ ਚੜ੍ਹਾਏ ਜਾਣਗੇ।ਇਸ ਮੌਕੇ ਕਮੇਟੀ ਦੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।