ਅੱਜ ਪੂਰਬ ਦੀ ਦਿਸ਼ਾ ਵੱਲ ਕਾਰ ਭੱਜੀ ਜਾ ਰਹੀ ਸੀ। ਅਨੰਦ ਸਾਹਿਬ ਦਾ ਪਾਠ ਮਕਾਉਣ ਤੋਂ ਬਾਅਦ ਸੋਢੀ ਨੇ ਸ਼ਬਦਾਂ ਦੀ ਟੇਪ ਲਾ ਦਿੱਤੀ। ਪ੍ਰੋਫੈਸਰ ਦਰਸ਼ਨ ਸਿੰਘ ਦਾ ਸ਼ਬਦ ‘ਹਰਿ ਮੰਦਰੁ ਸੋਈ ਆਖੀਅੇ ਜਿਥਹੁ ਹਰਿ ਜਾਤਾ।। ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ’।। ’ ਚਲ ਰਿਹਾ ਸੀ। ਸ਼ਬਦ ਸੁਣਦੇ ਸੁਣਦੇ ਸੋਢੀ ਨੇ ਕਿਹਾ, “ਜੋ ਕੰੰਮ ਆਪਾਂ ਕਰਨ ਤੁਰੇ ਹਾਂ ਉਹ ਅੱਜ ਰਹਿਣ ਦਿੰਦੇ ਹਾਂ।”
“ਫਿਰ ਕਦੋਂ ਕਰਨਾ ਹੈ।” ਬਿੱਟੂ ਨੇ ਪੁੱਛਿਆ।
“ਕੱਲ ਰਾਤ ਕਰਾਂਗੇ।” ਸੋਢੀ ਨੇ ਦੱਸਿਆ, “ਹੁਣ ਦਿਨ ਛੇਤੀ ਚੜ੍ਹ ਜਾਣਾ ਹੈ, ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਕਿਸੇ ਟਿਕਾਣੇ ਤੇ ਪਹੁੰਚ ਜਾਣਾ ਚਾਹੀਦਾ ਹੈ।”
ਦਿਲਪ੍ਰੀਤ ਅਤੇ ਸੁੱਖੇ ਨੂੰ ਸੋਢੀ ਦਾ ਸੁਝਾਅ ਚੰਗਾ ਲੱਗਾ।
“ਜੇ ਪਤਾ ਹੁੰਦਾ ਇਹ ਕੰੰਮ ਅੱਜ ਨਹੀ ਕਰ ਸਕਦੇ ਫਿਰ ਭਾਵੇਂ ਦਿਲਪ੍ਰੀਤ ਨੂੰ ਬੰਨੀ ਤੇ ਹੀ ਉਤਾਰ ਦਿੰਦੇ।” ਬਿੱਟੂ ਨੇ ਕਿਹਾ, “ਪਰ ਹੁਣ ਕਿੱਥੇ ਜਾਣਾ ਹੈ?”
“ਮੈਨੂੰ ਲੱਗਦਾ ਹੈ ਅੱਜ ਦਾ ਸਾਰਾ ਦਿਨ ਕਿਸੇ ਕਮਾਦ ਵਿਚ ਕੱਟਣਾ ਪੈਣਾ ਹੈ।” ਸੋਢੀ ਨੇ ਕਿਹਾ, “ਹੋਰ ਤਾਂ ਕੋਈ ਚਾਰਾ ਲੱਗਦਾ ਨਹੀਂ।
“ਨਾਲ੍ਹਦੇ ਸ਼ਹਿਰ ਵਿਚ ਹੀ ਮੇਰਾ ਦੋਸਤ ਸ਼ਰਮਾ ਰਹਿੰਦਾ ਹੈ।” ਸੁੱਖੇ ਨੇ ਦੱਸਿਆ, ਜੇ ਤੁਸੀ ਕਹੋ ਤਾਂ ਉਹਦੇ ਕੋਲ ਜਾ ਸਕਦੇ ਹਾਂ।”
“ਤੈਨੂੰ ਉਸ ਉੱਪਰ ਪੂਰਾ ਭਰੋਸਾ ਹੈ।” ਬਿਟੂ ਨੇ ਪੁੱਛਿਆ।
“ਉਹ ਤਾਂ ਪੱਕਾ ਪੰਜਾਬੀ ਆ।” ਸੁੱਖੇ ਨੇ ਦੱਸਿਆ, “ਉਸ ਨੇ ਤਾਂ ਮੈਨੂੰ ਇਥੋਂ ਤੱਕ ਕਹਿ ਰੱਖਿਆ ਕਿ ਪੰਜਾਬੀਆਂ ਦੇ ਹੱਕਾਂ ਲਈ ਉਹ ਜਾਨ ਵੀ ਕੁਰਬਾਨ ਕਰ ਸਕਦਾ ਹੈ।”
“ਇਹ ਉਹ ਹੀ ਸ਼ਰਮਾ ਤਾਂ ਨਹੀ ਜਿਹਦੇ ਕੋਲ ਆਪਾਂ ਦੋਨਾਂ ਨੇ ਇਕ ਵਾਰੀ ਦੁਪਹਿਰਾ ਕੱਟਿਆ ਸੀ।” ਦਿਲਪ੍ਰੀਤ ਨੇ ਸੁੱਖੇ ਨੂੰ ਯਾਦ ਕਰਵਾਇਆ, “ਜੇ ਉਹ ਹੀ ਤਾਂ ਫਿਰ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀ ਰਹਿ ਜਾਂਦੀ।”
“ਕਿਉਂ, ਏਡੀ ਵੀ ਤੂੰ ਉਹਦੇ ਵਿਚ ਕੀ ਗੱਲ ਦੇਖ ਲਈ।” ਸੋਢੀ ਨੇ ਪੁੱਛਿਆ, “ਜਿਹੜਾ ਤੂੰ ਸ਼ਰਮੇ ਦਾ ਨਾਮ ਸੁਣ ਕੇ ਹੀ ਖੁਸ਼ ਹੋ ਗਿਆ।”
“ਪੰਜਾਬ ਨਾਲ ਜੋ ਕੁਝ ਹੋਇਆ, ਉਹ ਇਸ ਦੇ ਲੂੰ ਲੂੰ ਤੋਂ ਜਾਣੂ ਹੈ।” ਦਿਲਪ੍ਰੀਤ ਨੇ ਦੱਸਿਆ, “ਉਸ ਦਿਨ ਉਹ ਕਹਿ ਰਿਹਾ ਸੀ ਕਿਤੇ ਦੇਸ਼ ਦੀ ਵੰਡ ਸਮੇਂ ਮਾਸਟਰ ਤਾਰਾ ਸਿੰਘ ਅਤੇ ਬਲਦੇਵ ਸਿੰਘ ਨੂੰ ਸਮਝ ਆ ਜਾਂਦੀ ਤਾਂ ਅੱਜ ਪੰਜਾਬੀਆਂ ਨੂੰ ਇਹ ਦਿਨ ਦੇਖਣੇ ਨਹੀ ਸੀ ਪੈਣੇ।”
“ਬਲਦੇਵ ਸਿੰਘ ਤਾਂ ਮਰਨ ਵੇਲੇ ਮੰਨ ਗਿਆ ਸੀ ਕਿ ਜੋ ਮੈਂ ਪੰਜਾਬੀਆਂ ਨਾਲ ਕੀਤਾ, ਰਹਿੰਦੀ ਦੁਨੀਆ ਤਕ ਪੰਜਾਬੀ ਮੈਨੂੰ ਮੁਆਫ ਨਹੀ ਕਰਨਗੇ।” ਸੋਢੀ ਨੇ ਦੱਸਿਆ, “ਉਹ ਨਹਿਰੂ ਦੀਆਂ ਕੁਟਲਨੀਤੀਆ ਵਿਚ ਐਸਾ ਫਸਿਆ ਕਿ ਸਾਰੇ ਪੰਜਾਬ ਨੂੰ ਚਾਲਬਾਜ਼ਾਂ ਕੋਲ ਗਹਿਣੇ ਕਰ ਗਿਆ।”
“ਬਲਦੇਵ ਸਿੰਘ ਉਝ ਤਾਂ ਛੇ ਫੁੱਟ ਲੰੰਮਾ –ਚੋੜਾ ਜਵਾਨ ਸੀ, ਪਰ ਰਾਜਨੀਤੀ ਵਿਚ ਸਿਰਫ ਜੀਰੋ।” ਬਿੱਟੂ ਨੇ ਕਿਹਾ, “ਗੋਲ ਮੇਜ਼ ਕਾਨਫਰੰਸ ਵਿਚ ਗਿਆ ਮਿਸਟਰ ਜਿਨਾਹ ਤੇ ਨਹਿਰੂ ਦੇ ਮੁਕਾਬਲੇ ਤੇ।”
“ਆਪ ਨਹੀ ਗਿਆ, ਮਾਸਟਰ ਤਾਰਾ ਸਿੰਘ ਨੇ ਭੇਜਿਆ ਸੀ।” ਸੋਢੀ ਨੇ ਗੱਡੀ ਦਾ ਮੋੜ ਕੱਟਦੇ ਹੌਲੀ ਜਿਹੀ ਕਿਹਾ, “ਚਲੋ ਫਿਰ ਸ਼ਰਮੇ ਦੇ ਹੀ ਚਲਦੇ ਹਾਂ।”
ਸ਼ਹਿਰ ਵੱਲ ਜਾਂਦੀ ਸੜਕ ਤੇ ਗੱਡੀ ਚਾੜੀ ਹੀ ਸੀ ਕਿ ਬਿੱਟੂ ਨੇ ਮਾਤਾ ਜੀ ਵਲੋ ਦਿੱਤੀ ਬਾਹਰਲੀ ਦੂਰਬੀਨ ਰਾਹੀ ਦੂਰ ਤਕ ਨਿਗਾਹ ਮਾਰੀ ਤਾਂ ਸਾਹਮਣੇ ਹੀ ਬਾਈਪਾਸ ਤੇ ਪੁਲੀਸ ਦਾ ਨਾਕਾ ਦਿਸਿਆ।
“ਸੋਢੀ, ਗੱਡੀ ਹੌਲੀ ਕਰ ਲਾ, ਬਾਈਪਾਸ ਤੇ ਨਾਕਾ ਆ।” ਬਿਟੂ ਨੇ ਕਿਹਾ, “ਦਿਲਪ੍ਰੀਤ ਤੂੰ ਤੇ ਸੁਖਾ ਇੱਥੇ ਹੀ ਉਤਰ ਜਾਉ ਅਤੇ ਅਸਲਾ ਵੀ ਨਾਲ ਲੈ ਜਾਉ, ਖੇਤਾਂ ਵਿਚ ਦੀ ਹੋ ਕੇ ਸੜਕ ਦੇ ਦੂਜੇ ਪਾਸੇ ਨਿਕਲ ਆਉ।”
“ਇਦਾਂ ਕਰਨ ਵਿਚ ਖਤਰਾ ਹੈ।” ਦਿਲਪ੍ਰੀਤ ਨੇ ਕਿਹਾ, “ਸੋਢੀ ਤੂੰ ਵੀ ਇੱਥੇ ਉਤਰ ਜਾਹ ਤੇ ਬਿੱਟੂ ਤੂੰ ਵੀ ਬਾਹਰ ਆ ਜਾ, ਕਾਰ ਸੁੱਖਾ ਚਲਾ ਕੇ ਲੈ ਜਾਵੇਗਾ, ਪੁਲੀਸ ਨੰੁ ਦੱਸ ਵੀ ਸਕਦਾ ਹੈ ਕਿ ਉਹ ਆਪਣੇ ਦੋਸਤ ਵੱਲ ਜਾ ਰਿਹਾ ਹੈ।”
“ਹਾਂ ਇਹ ਵੀ ਗੱਲ ਠੀਕ ਹੈ।” ਸੋਢੀ ਨੇ ਕਿਹਾ, “ਇਸ ਨੂੰ ਤਾਂ ਪਤਾ ਵੀ ਹੈ ਸ਼ਰਮਾ ਰਹਿੰਦਾ ਕਿੱਥੇ ਕੁ ਹੈ।”
“ਪ੍ਰੋਫੈਸਰ ਦੀ ਸ਼ਬਦਾ ਵਾਲ੍ਹੀ ਟੇਪ ਕਾਰ ਵਿਚੋਂ ਕੱਢ ਲੈ।” ਦਿਲਪ੍ਰੀਤ ਨੇ ਕਾਰ ਦਾ ਦਰਵਾਜ਼ਾ ਬੰਦ ਕਰਦੇ ਕਿਹਾ, “ਇਸ ਜਗਹ ਤੇ ਮੁੰਹਮਦ ਸਦੀਕ ਅਤੇ ਰਣਜੀਤ ਕੌਰ ਦੀ ਗਾਣਿਆ ਦੀ ਟੇਪ ਲਾ ਲੈ।”
ਖੇਤਾਂ ਵਿਚ ਦੀ ਲੰਘਣ ਲੱਗੇ ਤਾਂ ਸੋਢੀ ਨੇ ਸਲਾਹ ਦਿੱਤੀ, “ਇਸ ਤਰ੍ਹਾਂ ਕਰਦੇ ਹਾਂ ਕਿ ਇਸ ਅਸਲੇ ਨੂੰ ਖੇਤਾਂ ਵਿਚ ਹੀ ਦੱਬ ਦਿੰਦੇ ਹਾਂ, ਅੱਗੇ ਵੀ ਪੁਲੀਸ ਹੋ ਸਕਦੀ ਹੈ।”
“ਹਾਂ, ਇਹ ਗੱਲ ਠੀਕ ਹੈ।” ਸੁੱਖੇ ਨੇ ਕਿਹਾ, “ਸਾਲ੍ਹਾ, ਇਹਦਾ ਭਾਰ ਵੀ ਬਹੁਤ ਹੈ।”
ਉਹਨਾਂ ਆਪਣੇ ਮਜ਼ਬੂਤ ਅਤੇ ਨਿਗਰ ਹੱੱਥਾਂ ਨਾਲ ਪੋਲੇ ਅਤੇ ਸੁਹਾਗੇ ਦਿੱਤੇ ਖੇਤ ਦੇ ਖੂੰਜੇ ਦੀ ਮਿੱਟੀ ਪੱਟ ਕੇ ਅਸਲਾ ਉੱਥੇ ਲੁਕਾ ਦਿੱਤਾ, ਪਰ ਇਕ ਇਕ ਪਿਸਤੋਲ ਆਪਣੇ ਕੋਲ ਰੱਖਿਆ ਅਤੇ ਖੇਤਾਂ ਵਿਚ ਦੀ ਹੁੰਦੇ ਹੋਏ ਸੜਕ ਵੱਲ ਨੂੰ ਚੱਲ ਪਏ।
ਹੱਕ ਲਈ ਲੜਿਆ ਸੱਚ – (ਭਾਗ -71)
This entry was posted in Uncategorized.