ਏਸ਼ਿਆਈ ਹਾਕੀ ਵਿੱਚ ਭਾਰਤੀ ਕੁੜੀਆਂ ਤੋਂ ਇਕ ਵਾਰ ਫਿਰ ਚੈਂਪੀਅਨ ਤਾਜ ਖੁੱਸ ਗਿਆ ਹੈ। ਏਸ਼ੀਆ ਕੱਪ ਹਾਕੀ ਵਿਚ ਜਾਪਾਨ ਨੇ ਤੀਸਰੀ ਵਾਰ ਆਪਣੀ ਸਰਦਾਰੀ ਕਾਇਮ ਕਰਦਿਆਂ ਫਾਈਨਲ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਦੱਖਣੀ ਕੋਰੀਆ ਨੂੰ 4-2 ਗੋਲਾਂ ਨਾਲ ਹਰਾ ਕੇ ਚੈਂਪੀਅਨ ਤਾਜ ਪਹਿਨਿਆ। ਇਸ ਤੋਂ ਪਹਿਲਾਂ ਜਪਾਨ 2007, 2013 ਚੈਂਪੀਅਨ ਬਣਿਆ ਸੀ ,ਜਦਕਿ ਫਾਈਨਲ ਤੋਂ ਪਹਿਲਾਂ ਭਾਰਤ ਨੇ ਚੀਨ ਨੂੰ 2-0 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਭਾਰਤੀ ਕੁੜੀਆਂ ਏਸ਼ੀਆ ਕੱਪ ਹਾਕੀ ਦੀਆਂ ਵਰਤਮਾਨ ਚੈਂਪੀਅਨ ਸਨ । ਭਾਰਤੀ ਕੁੜੀਆਂ ਆਪਣੇ ਜੇਤੂ ਖ਼ਿਤਾਬ ਦੀ ਲਾਜ ਨੂੰ ਬਚਾ ਨਾ ਸਕੀਆ ਕਿਉਂਕਿ ਭਾਰਤ ਨੂੰ ਪੂਲ ਮੈਚਾਂ ਵਿੱਚ ਜਾਪਾਨ ਹੱਥੋਂ 0-2 ਗੋਲਾਂ ਦੀ ਹੋਈ ਹਾਰ ਦਾ ਖਮਿਆਜ਼ਾ ਵੱਡੇ ਰੂਪ ਵਿੱਚ ਭੁਗਤਣਾ ਪਿਆ। ਜਿਸ ਕਰਕੇ ਭਾਰਤ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਕੋਲੋਂ ਵੀ 2-3 ਗੋਲਾਂ ਨਾਲ ਹਾਰ ਗਿਆ । ਜਾਪਾਨ ਅਤੇ ਦੱਖਣੀ ਕੋਰੀਆ ਨੇ ਆਪੋ ਆਪਣੇ ਪੂਲਾਂ ਵਿੱਚ ਸਰਵੋਤਮ ਸਥਾਨ ਹਾਸਲ ਕੀਤਾ ਜਦ ਕਿ ਭਾਰਤ ਅਤੇ ਚੀਨ ਦੀਆਂ ਟੀਮਾਂ ਆਪੋ ਆਪਣੇ ਪੂਲਾਂ ਵਿੱਚ ਦੂਸਰੇ ਸਥਾਨ ਉੱਤੇ ਰਹੀਆਂ । ਏਸ਼ੀਆ ਕੱਪ ਹਾਕੀ ਦੇ ਇਤਿਹਾਸ ਵਿੱਚ ਹੁਣ ਤਕ ਦੱਖਣੀ ਕੋਰੀਆ ਅਤੇ ਜਾਪਾਨ 3-3 ਵਾਰ ਚੈਂਪੀਅਨ ਬਣੇ ਹਨ ਜਦ ਕਿ ਭਾਰਤ ਅਤੇ ਚੀਨ ਨੇ 2-2 ਵਾਰ ਜੇਤੂ ਖਿਤਾਬ ਆਪਣੇ ਨਾਮ ਕੀਤਾ । ਦੱਖਣੀ ਕੋਰੀਆ ਨੇ ਪਲੇਠਾ ਏਸ਼ੀਆ ਕੱਪ ਸਾਲ1985 ਵਿੱਚ ਜਿੱਤਿਆ ਜਦਕਿ ਉਸ ਤੋਂ ਬਾਅਦ ਦੱਖਣੀ ਕੋਰੀਆ ਦੂਜੀ ਵਾਰ 1993 ਵਿੱਚ ਚੈਂਪੀਅਨ ਬਣਿਆ ਫਿਰ ਦੱਖਣੀ ਕੋਰੀਆ ਨੇ ਤੀਸਰਾ ਖ਼ਿਤਾਬ 1999 ਵਿੱਚ ਜਿੱਤਿਆ । ਭਾਰਤ ਸਾਲ 2004 ਵਿੱਚ ਚੈਂਪੀਅਨ ਬਣਿਆ ਉਸ ਤੋਂ ਬਾਅਦ ਦੂਸਰਾ ਖਿਤਾਬ ਭਾਰਤ ਨੇ ਸਾਲ2017 ਵਿੱਚ ਜਿੱਤਿਆ ਜਦ ਕਿ ਚੀਨ ਨੇ ਪਹਿਲਾ ਖਿਤਾਬ ਸਾਲ 1989 ਵਿੱਚ ਜਿੱਤਿਆ ਅਤੇ ਦੂਜਾ ਇਹ ਖਿਤਾਬ ਸਾਲ 2009 ਵਿੱਚ ਜਿੱਤਿਆ । ਦੱਖਣੀ ਕੋਰੀਆ ਦੀ ਜਿਓਨ ਇਉਂ 7 ਗੋਲ ਕਰਕੇ ਏਸ਼ੀਆ ਕੱਪ ਦੇ ਸਰਵੋਤਮ ਸਕੋਰਰ ਬਣੀ ।ਭਾਰਤ ਦੀ ਗੁਰਜੀਤ ਕੌਰ 4 ਗੋਲ ਕਰਕੇ ਤੀਸਰੇ ਸਥਾਨ ਦੀ ਸਕੋਰਰ ਬਣੀ, ਟੋਕੀਓ ਓਲੰਪਿਕ ਵਿੱਚ ਵੀ ਗੁਰਜੀਤ ਕੌਰ ਨੇ ਅਹਿਮ 4 ਗੋਲ ਕਰਕੇ ਭਾਰਤ ਨੂੰ ਸੈਮੀਫਾਈਨਲ ਤਕ ਪਹੁੰਚਦਾ ਕੀਤਾ ਸੀ । ਏਸ਼ੀਆ ਕੱਪ ਵਿੱਚ ਪਹਿਲੇ ਚਾਰ ਸਥਾਨਾਂ ਤੇ ਰਹਿਣ ਵਾਲੀਆਂ ਟੀਮਾਂ ਇਸ ਵਰ੍ਹੇ 2022 ਵਿੱਚ ਜੁਲਾਈ ਮਹੀਨੇ ਹਾਲੈਂਡ ਅਤੇ ਸਪੇਨ ਵਿਖੇ ਹੋਣ ਵਾਲੇ ਵਿਸ਼ਵ ਕੱਪ ਹਾਕੀ ਨੂੰ ਖੇਡਣਗੀਆਂ ,ਜਦ ਕਿ ਬਾਕੀ ਚਾਰ ਟੀਮਾਂ ਮਲੇਸ਼ੀਆ ਇੰਡੋਨੇਸ਼ੀਆ ,ਥਾਈਲੈਂਡ ,ਸਿੰਘਾਪੁਰ ਵਿਸ਼ਵ ਕੱਪ ਦੇ ਵਿੱਚੋਂ ਬਾਹਰ ਹੋ ਗਈਆਂ ਹਨ । ਏਸ਼ੀਆ ਕੱਪ ਓਮਾਨ ਦੀ ਰਾਜਧਾਨੀ ਮਸਕਟ ਵਿਖੇ ਖੇਡਿਆ ਗਿਆ ਪਰ ਮੇਜ਼ਬਾਨ ਦੇਸ਼ ਦੀ ਦੀਆਂ ਕੁੜੀਆਂ ਇਸ ਏਸ਼ੀਆ ਕੱਪ ਵਿੱਚ ਨਹੀਂ ਖੇਡੀਆ ਕਿਉਂਕਿ ਅਰਬ ਮੁਲਕ ਹੋਣ ਕਰਕੇ ਹੋ ਸਕਦਾ ਉਥੇ ਕੁੜੀਆਂ ਦੇ ਖੇਡਣ ਦੀ ਮਨਾਹੀ ਹੈ । ਜਾਂ ਓਮਾਨ ਦੀ ਕੁੜੀਆਂ ਦੀ ਹਾਕੀ ਟੀਮ ਦਾ ਪੱਧਰ ਉਸ ਲੈਵਲ ਦਾ ਨਾ ਹੋਵੇ ਆਮ ਤੌਰ ਤੇ ਏਸ਼ੀਆ ਹਾਕੀ ਵਿਚ ਉਕਤ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਚਾਰ ਟੀਮਾਂ ਦੀ ਹੀ ਤੂਤੀ ਬੋਲਦੀ ਹੈ । ਵਿਸ਼ਵ ਪੱਧਰ ਤੇ ਆਸਟਰੇਲੀਆ , ਹਾਲੈਂਡ,ਇੰਗਲੈਂਡ , ਜਰਮਨੀ, ਸਪੇਨ ਆਇਰਲੈਂਡ ,ਅਮਰੀਕਾ ਅਤੇ ਹੋਰ ਦਿੱਗਜ ਟੀਮਾਂ ਦੀ ਸਮੇਂ ਸਮੇਂ ਤੇ ਸਰਦਾਰੀ ਅਤੇ ਮਕਬੂਲੀਅਤ ਰਹੀ ਹੈ ।