ਬਸੀਮੇ ਪਿੰਡ ਦੇ ਜੱਥੇਦਾਰ ਨੂੰ ਸੋਧਾ ਲਾਉਣ ਤੋਂ ਬਾਅਦ ਦਿਲਪ੍ਰੀਤ ਦਾ ਪੂਰਾ ਗਰੁੱਪ ਪੱਛਮ ਦੇ ਖੇਤਾਂ ਵਲ ਚਲ ਪਿਆ। ਸੰਤਰਿਆਂ ਦਾ ਬਾਗ ਲੰਘ ਕੇ ਖੇਤ ਦੀ ਇਕ ਟਾਹਲੀ ਹੇਠ ਹਥਿਆਰ ਦੱਬਣ ਹੀ ਲੱਗੇ ਸੀ ਕਿ ਸੁੱਖਾ ਬੋਲ ਪਿਆ, “ਮੈ ਤਾਂ ਕਹਿੰਦਾ ਸੀ ਲੱਗੇ ਹੱਥੀਂ ਇਨਸਪੈਕਟਰ ਮਲਕੀਤ ਸਿੰਘ ਦਾ ਵੀ ਕੰਡਾ ਕੱਢ ਦਿੰਦੇ।”
“ਦੇਖ ਲਉ ਤਹਾਡੀ ਮਰਜ਼ੀ ਆ।” ਸੋਢੀ ਨੇ ਕਿਹਾ, “ਮੇਰੀਆਂ ਅੱਖਾਂ ਵਿਚ ਤਾਂ ੳਦੋਂ ਦਾ ਰੜਕਦਾ ਹੈ ਜਦੋਂ ਦੇ ਉਸ ਨੇ ਗੁਰਦਾਸ ਪੁਰ ਦੇ ਚਾਰ ਨਿਰਦੋਸ਼ੇ ਮੁੰਡੇ ਚੁੱਕ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਆ।”
“ਫਿਰ ਦੇਖਦੇ ਕੀ ਆਂ, ਤੁਰੋ।” ਸੁੱਖੇ ਨੇ ਕਿਹਾ, “ਪੁਲੀਸ ਤਾਂ ਅੱਜ ਜੱਥੇਦਾਰ ਨੂੰ ਸਾਂਭਣ ਵਿਚ ਹੀ ਰੁੱਝੀ ਰਹੇਗੀ।”
“ਇਸ ਬਾਰੇ ਪਹਿਲਾਂ ਕਮਾਂਡਰ ਨਾਲ ਸਲਾਹ ਕਰ ਲਈ ਜਾਵੇ ਤਾਂ ਚੰਗਾ ਹੈ।” ਦਿਲਪ੍ਰੀਤ ਨੇ ਕਿਹਾ, “ਵੈਸੇ ਤਾਂ ਕਮਾਂਡਰ ਹਮੇਸ਼ਾ ਆਪਣੇ ਨਾਲ ਸਹਿਮਤ ਹੀ ਹੁੰਦਾ ਹੈ।”
“ਕਮਾਂਡਰ ਅਤੇ ਆਪਣੇ ਬਾਕੀ ਸਾਥੀ ਉੱਤਰ ਪ੍ਰਦੇਸ਼ ਵੱਲ ਕਿਸੇ ਮਿਸ਼ਨ ਉੱਤੇ ਗਏ ਹਨ।” ਸੋਢੀ ਨੇ ਦੱਸਿਆ, “ਮਲਕੀਤ ਪੁਲਸੀਆ ਕਮਾਂਡਰ ਦੀ ਲਿਸਟ ਵਿਚ ਹੈ। ਇਹ ਮੈਨੂੰ ਪਤਾ ਹੈ।”
ਉਹ ਤੂੜੀ ਵਾਲੇ ਕੁੱਪਾਂ ਦੇ ਪਿੱਛੇ ਕੱਚੇ ਪਹੇ ਤੇ ਖੜੀ ਮਰੂਤੀ ਵੱਲ ਨੂੰ ਚੱਲ ਪਏ। ਕਾਰ ਵਿਚ ਬੈਠਣ ਲੱਗਿਆ ਸੋਢੀ ਨੇ ਦਿਲਪ੍ਰੀਤ ਨੂੰ ਪੁੱਛਿਆ, “ਜੇ ਤੂੰ ਕੋਠੀ ਜਾਣਾ ਚਾਹੁੰਦਾਂ ਹੈਂ, ਤੈਨੂੰ ਨਹਿਰ ਦੀ ਬੰਨੀ ਤੇ ਲਾਹ ਦੇਵਾਂਗੇ, ਝਾੜੀਆਂ ਵਿਚ ਰੱਖੇ ਸਾਈਕਲ ਤੇ ਤੂੰ ਕੋਠੀ ਪਹੁੰਚ ਜਾਂਈ।”
“ਭਾਬੀ ਜੀ ਵੀ ਉਡਕੀਦੀ ਹੋਵੇਗੀ।” ਸੁੱਖੇ ਨੇ ਕਿਹਾ, “ਸੋਚਦੀ ਹੋਵੇਗੀ ਕਿ ਨਵੇਂ ਵਿਆਹ ਵਾਲੇ ਮੁੰਡੇ ਨੂੰ ਇਦਾਂ ਨਹੀ ਸੀ ਕਰਨਾ ਚਾਹੀਦਾ।”
“ਅਸੀ ਤਾਂ ਜਨਾਬ ਨੂੰ ਵਿਆਹ ਕਰਾਉਣ ਤੋਂ ਪਹਿਲਾਂ ਸਲਾਹ ਦਿੱਤੀ ਸੀ ਕਿ ਵਿਆਹ ਵਾਲੇ ਪੰਗੇ ਵਿਚ ਰਹਿ ਕੇ ਕੌਮ ਦੀ ਸੇਵਾ ਨਹੀ ਹੋ ਸਕਦੀ।” ਸੋਢੀ ਨੇ ਕਿਹਾ, “ਪਰ ਸ਼੍ਰੀ ਮਾਨ ਜੀ ਨੂੰ ਤਾਂ ਵਿਆਹ ਦਾ ਚਾਅ ਸੀ।”
“ਤਹਾਨੂੰ ਸਾਰੀ ਕਹਾਣੀ ਮੈਂ ਦੱਸੀ ਤਾਂ ਸੀ।” ਦਿਲਪ੍ਰੀਤ ਨੇ ਉਹਨਾਂ ਨੂੰ ਚੇਤਾ ਕਰਾਇਆ, “ਕਿਵੇਂ ਦੀਪੀ ਨੂੰ ਮੈਂ ਮਿਲਿਆ ਤੇ ਫਿਰ ਮੰਗਣੀ ਹੋਈ।”
“ਭਰਾਵੋ ਸੰਜੋਗ ਬੜੇ ਜੋਰਾਵਰ ਹੁੰਦੇ ਨੇ” ਸੁੱਖੇ ਨੇ ਕਿਹਾ, “ਕਰਤੇ ਨੇ ਜੋ ਕਰਨਾ ਹੁੰਦਾ ਹੈ, ਉਹ ਹੋ ਕੇ ਹੀ ਰਹਿੰਦਾ ਹੈ।”
“ਮੈ ਵੀ ਤੁਹਾਡੇ ਨਾਲ ਹੀ ਚਲਦਾ ਹਾਂ।”
ਕਾਰ ਚਲਾਉਂਦੇ ਸੋਢੀ ਨੇ ਜੁਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਬਾਕੀ ਸਾਥੀ ਵੀ ਚੁੱਪ ਕਰਕੇ ਕੇ ਪਾਠ ਸੁਣਨ ਲੱਗੇ।
ਹੱਕ ਲਈ ਲੜਿਆ ਸੱਚ – (ਭਾਗ – 69)
This entry was posted in ਹੱਕ ਲਈ ਲੜਿਆ ਸੱਚ.