ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਅਜੋਕੇ ਸਮੇਂ ਵਿੱਚ ਡਾਕਟਰੀ ਖੇਤਰ ‘ਚ ਮਹੱਤਵਪੂਰਨ ਤਰੱਕੀ ਹੋ ਰਹੀ ਹੈ। ਜਿਸ ਤਹਿਤ ਅਪ੍ਰੇਸ਼ਨ ਆਦਿ ਕਰਨ ਲਈ ਰੋਬੋਟ ਦੀ ਵਰਤੋਂ ਕੀਤੀ ਜਾ ਰਹੀ ਹੈ। ਸਕਾਟਲੈਂਡ ਵੀ ਇਸ ਤਕਨੀਕ ਦੀ ਵਰਤੋਂ ਕਰਨ ਵਿੱਚ ਪਿੱਛੇ ਨਹੀਂ ਹੈ। ਸਕਾਟਲੈਂਡ ਦੇ ਡਾਕਟਰਾਂ ਵੱਲੋਂ ਰੋਬੋਟ ਦੀ ਵਰਤੋਂ ਕਰਕੇ ਇੱਕ ਸੁਰੱਖਿਆ ਗਾਰਡ ਦੇ ਗਲੇ ਵਿਚਲੇ ਟਿਊਮਰ ਨੂੰ ਸਫਲਤਾਪੂਰਵਕ ਕੱਢਿਆ ਹੈ ਅਤੇ ਉਹ ਅਜਿਹੀ ਸਰਜਰੀ ਵਾਲੇ ਪਹਿਲੇ ਮਰੀਜ਼ਾਂ ਵਿੱਚੋਂ ਇੱਕ ਬਣ ਗਿਆ ਹੈ। ਪੀਟਰ ਸਿੰਪਸਨ ਨਾਮ ਦਾ ਇਹ ਵਿਅਕਤੀ ਸਰਜਰੀ ਕੀਤੇ ਜਾਣ ਤੋਂ ਪੰਜ ਘੰਟੇ ਬਾਅਦ ਜਾਗ ਰਿਹਾ ਸੀ, ਗੱਲ ਕਰ ਰਿਹਾ ਸੀ ਅਤੇ ਆਈਸਕ੍ਰੀਮ ਖਾ ਰਿਹਾ ਸੀ । ਇਹ 63 ਸਾਲਾ ਬਜ਼ੁਰਗ ਗਲਾਸਗੋ ਵਿੱਚ ਕੁਈਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਵਿੱਚ ਰੋਬੋਟ ਸਰਜਰੀ ਦੇ 24 ਘੰਟਿਆਂ ਬਾਅਦ ਆਪਣੇ ਘਰ ਸੀ। ਪੀਟਰ ਨੂੰ ਪਿਛਲੇ ਸਾਲ ਅਗਸਤ ਵਿੱਚ ਆਪਣੇ ਗਲ ਵਿੱਚ ਟਿਊਮਰ ਦਾ ਪਤਾ ਲੱਗਿਆ ਅਤੇ ਡਾਕਟਰਾਂ ਨੇ ਇਸਦੀ ਰੋਬੋਟਿਕ ਸਰਜਰੀ ਕਰਨ ਦੀ ਯੋਜਨਾ ਬਣਾਈ ਜੋ ਪਹਿਲਾਂ ਹੀ ਯੂਰੋਲੋਜੀ ਅਤੇ ਫੇਫੜਿਆਂ ਦੀ ਸਰਜਰੀ ਵਿੱਚ ਵਰਤੇ ਜਾਂਦੇ ਹਨ। ਸਿਰ ਅਤੇ ਗਰਦਨ ਦੀ ਸਰਜਰੀ ਲਈ ਸਲਾਹਕਾਰ ਜੈਨੀ ਮੋਂਟਗੋਮਰੀ ਨੇ ਰੋਬੋਟਿਕ ਸਰਜਰੀ ਦੀ ਅਗਵਾਈ ਕੀਤੀ ਅਤੇ ਸਰਜੀਕਲ ਟੀਮ ਨਾਲ ਮਾਈਕ੍ਰੋਫੋਨ ਦੁਆਰਾ ਇਸਨੂੰ ਸਫਲ ਕੀਤਾ।