ਮੁੰਬਈ – ਭਾਰਤ ਦੀ ਸੰਗੀਤ ਦੀ ਦੁਨੀਆਂ ਵਿੱਚ ਸੁਰਾਂ ਦੀ ਕੋਕਿਲਾ ਕਹਾਉਣ ਵਾਲੀ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਪਿੱਛਲੇ 29 ਦਿਨਾਂ ਤੋਂ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।ਉਨ੍ਹਾਂ ਦੀ 8 ਜਨਵਰੀ ਨੂੰ ਕੋਰੋਨਾ ਰਿਪੋਰਟ ਪਾਜਿਿਟਵ ਆਉਣ ਕਰ ਕੇ ਉਹ ਹਸਪਤਾਲ ਵਿੱਚ ਭਰਤੀ ਸਨ। ਐਤਵਾਰ ਦੀ ਸਵੇਰ ਨੂੰ 8 ਵਜ ਕੇ 12 ਮਿੰਟ ਤੇ ਉਨ੍ਹਾਂ ਨੇ ਆਖਰੀ ਸਵਾਸ ਪੂਰੇ ਕੀਤੇ।
ਲਤਾ ਮੰਗੇਸ਼ਕਰ ਦਾ ਜਨਮ 28 ਸਿਤੰਬਰ 1929 ਨੂੰ ਮੱਧਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਨੇ 1942 ਤੋਂ 13 ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਸੰਗੀਤ ਦੀ ਦੁਨੀਆਂ ਅਤੇ ਮਰਾਠੀ ਰੰਗਮੰਚ ਦੇ ਜਾਣੇ-ਪਛਾਣੇ ਵਿਅਕਤੀ ਸਨ। ਉਨ੍ਹਾਂ ਤੋਂ ਹੀ ਲਤਾ ਨੇ ਮੁੱਢਲੀ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਆਪਣੇ ਪੰਜ ਭੈਣ-ਭਰਾਵਾਂ ਵਿੱਚੋਂ ਲਤਾ ਸੱਭ ਤੋਂ ਵੱਡੀ ਸੀ।
ਉਨ੍ਹਾਂ ਨੂੰ 2001 ਵਿੱਚ ਭਾਰਤ ਰਤਨ ਨਾਲ ਨਿਵਾਜਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਦਮ ਵਿਭੂਸ਼ਣ, ਪਦਮ ਭੂਸ਼ਣ, ਅਤੇ ਦਾਦਾ ਸਾਹਿਬ ਫਾਲਕੇ ਆਦਿ ਅਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹ 80 ਸਾਲ ਤੋਂ ਸੰਗੀਤ ਦੀ ਦੁਨੀਆਂ ਵਿੱਚ ਸਰਗਰਮ ਰਹੀ। ਉਨ੍ਹਾਂ ਨੇ 1000 ਤੋਂ ਵੱਧ ਫਿ਼ਲਮਾਂ ਨੂੰ ਆਪਣੀ ਆਵਾਜ਼ ਦਿੱਤੀ। ਲਤਾ ਜੀ ਨੇ 36 ਭਾਸ਼ਾਵਾਂ ਵਿੱਚ 50 ਹਜ਼ਾਰ ਦੇ ਕਰੀਬ ਗਾਣੇ ਗਾਏ, ਜੋ ਕਿ ਕਿਸੇ ਵੀ ਸਿੰਗਰ ਦੇ ਲਈ ਇੱਕ ਰਿਕਾਰਡ ਹੈ।