ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਚੋਣ ਵਿੱਚ ਬਾਦਲ ਅਕਾਲੀ ਦਲ ਨੇ ਕੇਂਦਰੀ ਸਰਕਾਰ ਨਾਲ ਰਲ ਕੇ ਗੁਰਦੁਆਰਾ ਸ੍ਰੀ ਰਕਾਬ ਗੰਜ ਵਿੱਚ ਪੁਲਿਸ ਨੂੰ ਦਾਖ਼ਲ ਕਰਵਾਇਆ, ਗੁਰਦੁਆਰਿਆਂ ਦੀ ਬੇਹੁਰਮਤੀ ਕਰਨ ਦਾ ਇਕ ਕਲੰਕ ਹੋਰ ਬਾਦਲ ਦਲ ਨੇ ਆਪਣੇ ਉੱਪਰ ਲਵਾ ਲਿਆ ਹੈ । ਇਹ ਇਲਜ਼ਾਮ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰਪਾਲ ਸਿੰਘ ਸਰਨਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਲਗਾਏ ਹਨ ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਹੁੰਦਿਆਂ ਹਰਵਿੰਦਰਪਾਲ ਸਿੰਘ ਸਰਨਾ ਨੇ ਦੱਸਿਆ ਕਿ ਜਦੋਂ ਪ੍ਰਧਾਨਗੀ ਦੀ ਚੋਣ ਹੋ ਰਹੀ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਹੀ ਪੁਲੀਸ ਨੂੰ ਬੁਲਾਇਆ, ਪੁਲੀਸ ਦੀਆਂ ਛੇ ਗੱਡੀਆਂ ਕਮਾਂਡੋਆਂ ਨਾਲ ਭਰ ਕੇ ਆਈਆਂ । ਉਨ੍ਹਾਂ ਨੇ ਗੁਰਦੁਆਰਾ ਸ੍ਰੀ ਰਕਾਬ ਗੰਜ ਨੂੰ ਪੂਰਾ ਘੇਰਾ ਪਾ ਲਿਆ । ਗੁਰਦੁਆਰਾ ਸ੍ਰੀ ਰਕਾਬਗੰਜ ਇੱਕ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ । ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਕੋਈ ਜੰਗ ਲੱਗੀ ਹੋਵੇ । ਇਸ ਦੌਰਾਨ ਉਨ੍ਹਾਂ ਕਮਾਂਡੋਆਂ ਦੀਆਂ ਜੇਬਾਂ ਵਿੱਚ ਕੀ ਕੀ ਸੀ, ਕੀ ਉਹ ਗੁਰਮਤਿ ਅਨੁਸਾਰ ਪ੍ਰਵਾਨਤ ਸੀ.? ਉਸ ਨੂੰ ਵੀ ਕਿਸੇ ਨੇ ਚੈੱਕ ਨਾ ਕੀਤਾ । ਉਹ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਬਿਨਾਂ ਰੋਕ ਟੋਕ ਤਾਇਨਾਤ ਰਹੇ । ਕੀ ਇਹ ਹੀ ਬਾਦਲ ਦੀ ਸਿੱਖੀ ਹੈ..? ਇਹ ਉਨ੍ਹਾਂ ਨੇ ਸਵਾਲ ਖੜ੍ਹਾ ਕੀਤਾ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਪੁਲਿਸ ਦਨਦਨਾਉਂਦੇ ਫਿਰ ਰਹੀ ਹੈ ਤੇ ਮੈਂਬਰ ਨੰਗੀਆਂ ਚਿੱਟੀਆਂ ਗਾਲ੍ਹਾਂ ਕੱਢ ਰਹੇ ਹਨ ਇਹ ਸਾਰੀ ਜਾਣਕਾਰੀ ਮੀਡੀਆ ਵਿੱਚ ਆਉਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੇ ਜਥੇਦਾਰ ਹਾਲੇ ਤੱਕ ਬੋਲੇ ਕਿਉਂ ਨਹੀਂ.? ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਜ਼ਤ ਅਤੇ ਬੇ ਹੁਰਮਤੀ ਲਈ ਵੀ ਉਨ੍ਹਾਂ ਨੂੰ ਬਾਦਲ ਪਰਿਵਾਰ ਤੋਂ ਆਗਿਆ ਲੈਣ ਦੀ ਜ਼ਰੂਰਤ ਹੈ ਤੇ ਫਿਰ ਉਹ ਕਾਹਦੇ ਕੌਮ ਦੇ ਜਥੇਦਾਰ ਅਤੇ ਕਾਹਦੇ ਕਸਟੋਡੀਅਨ.?
ਸਰਨਾ ਭਰਾਵਾਂ ਦੱਸਿਆ ਐਡਵੋਕੇਟ ਧਾਮੀ ਨੇ ਜੋ ਪੁਲਿਸ ਬੁਲਾਈ ਉਸ ਬਾਰੇ ਜਦੋਂ ਚੋਣ ਡਾਇਰੈਕਟਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ, ਇਹ ਸਭ ਉੱਪਰੋ ਹੁਕਮ ਅਨੁਸਾਰ ਹੀ ਹੋ ਰਿਹਾ ਹੈ । ਜਦੋਂ ਪੱਤਰਕਾਰਾਂ ਨੇ ਪੁੱਛਿਆ ਇਹ ਹੁਕਮ ਉੱਪਰੋ ਦਾ ਮਤਲਬ ਕੀ ਹੈ? ਕਿ ਕੇਂਦਰੀ ਸਰਕਾਰ, ਤਾਂ ਸਰਦਾਰ ਸਰਨਾ ਨੇ ਦੱਸਿਆ ਕਿ ਐਲਜੀ ਕੇਂਦਰੀ ਸਰਕਾਰ ਦੇ ਮਤਹਿਤ ਹੀ ਆਉਂਦਾ ਹੈ ਸਾਡੀ ਜਾਚੇ ਇਹੀ ਸਭ ਕੁਝ ਹੈ ।
ਉਨ੍ਹਾਂ ਅੱਗੇ ਦੱਸਿਆ ਜਦੋਂ ਨਕਾਰਾਤਮਕ ਵੋਟਾਂ ਨੂੰ ਲੈ ਕੇ ਰੋਲ ਘਚੋਲਾ ਚੱਲ ਰਿਹਾ ਸੀ ਤਾਂ ਐਡਵੋਕੇਟ ਧਾਮੀ ਨੇ ਇਕ ਸਲਾਹ ਦਿੱਤੀ ਕਿ ਪਰਚੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਮਣੇ ਰੱਖ ਕੇ ਚੁੱਕ ਲਈਆਂ ਜਾਣ । ਇਸ ਤੇ ਸਰਨਾ ਭਰਾਵਾਂ ਨੇ ਕਿਹਾ ਕਿ ਹੁਣ ਧਾਮੀ ਗੁਰਦੁਆਰਿਆਂ ਵਿੱਚ ਪਰਚੀਆਂ ਚੁੱਕਣ ਵਾਲਾ ਜੂਆ ਖਲੋਣਾ ਚਾਹੁੰਦੇ ਹਨ । ਕਿ ਬਾਦਲ ਦਲੀਏ ਪੰਥ ਵਿਰੋਧੀ ਕੀ ਕੀ ਨਵੀਂਆਂ ਪਿਰਤਾਂ ਪੰਥ ਦੀ ਝੋਲੀ ਪਾਉਣਾ ਚਾਹੁੰਦੇ ਹਨ ਸਾਡੀ ਸਮਝ ਤੋਂ ਬਾਹਰ ਹੈ ।
ਪਰਮਜੀਤ ਸਰਨਾ ਨੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਉਪਰ ਬੋਲਦਿਆਂ ਦੱਸਿਆ ਕਿ ਜਦੋਂ ਦਵਿੰਦਰਪਾਲ ਭੁੱਲਰ ਦੀ ਫਾਈਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੌਰਾਨ ਉਨ੍ਹਾਂ ਕੋਲ ਆਈ ਤਾਂ ਉਨ੍ਹਾਂ ਨੇ ਦਵਿੰਦਰਪਾਲ ਭੁੱਲਰ ਨੂੰ ਡ੍ਰੇਨਡ ਟੈਰੋਰਿਸਟ, ਖ਼ਤਰਨਾਕ ਅਤਿਵਾਦੀ ਕਹਿ ਕੇ ਫਾਈਲ ਮੋੜ ਦਿੱਤੀ ਕਿ ਇਹਦੇ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ । ਹੁਣ ਕਿਸ ਮੂੰਹ ਨਾਲ ਉਹ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਮੰਗ ਕਰ ਰਹੇ ਹਨ । ਇਹ ਦੂਹਰੇ ਚਿਹਰੇ ਵਾਲੇ ਲੀਡਰ ਜੋ ਸਿੱਖੀ ਭੇਖ ਵਿੱਚ ਸਿੱਖਾਂ ਦੇ ਹੀ ਵਿਰੁੱਧ ਫ਼ੈਸਲੇ ਲੈਂਦੇ ਰਹੇ ਹਨ ਅੱਜ ਅਸੀਂ ਪੰਜਾਬ ਦੀ ਜਨਤਾ ਅਤੇ ਸੂਝਵਾਨ ਸਿੱਖਾਂ ਨੂੰ ਇਹ ਅਪੀਲ ਕਰਾਂਗੇ ਕਿ ਉਹ ਇਨ੍ਹਾਂ ਤੋਂ ਚੋਣਾਂ ਵਿੱਚ ਜ਼ਰੂਰ ਬਦਲਾ ਲਵੇ, ਬਾਦਲ ਵਿਰੋਧੀ ਵੋਟਾਂ ਵੋਟਾਂ ਪਾ ਕੇ ਉਨ੍ਹਾਂ ਨੂੰ ਕਰਾਰੀ ਹਾਰ ਦੇਵੇ । ਇਸ ਪ੍ਰੈੱਸ ਕਾਨਫ਼ਰੰਸ ਵਿੱਚ ਗੁਰਦੁਆਰਾ ਅਸਥਾਪਨ ਕਮੇਟੀ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ, ਸਿੱਖ ਚਿੰਤਕ ਅਤੇ ਸਾਬਕਾ ਆਈਏਐਸ ਗੁਰਤੇਜ ਸਿੰਘ ਅਤੇ ਕਈ ਮੋਹਤਬਰ ਸੱਜਣ ਵੀ ਸ਼ਾਮਲ ਸਨ ।