1997 ਤੋਂ ਲੈਕੇ 2019 ਤੱਕ ਪੰਜਾਬ ਦੀ ਹਰ ਚੋਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਇਕੱਠੀ ਲੜੀ ਸੀ। ਲੇਕਿਨ 2022 ਦਿਆਂ ਵਿਧਾਨਸਭਾ ਚੋਣਾਂ ਦੌਰਾਨ ਦੋਨੇ ਪਾਰਟੀਆਂ ਆਮਨੇ ਸਾਹਮਣੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਬਣਾ ਲਿਆ ਹੈ। ਜਦਕਿ ਬੀਜੇਪੀ ਵਲੋਂ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕਰਕੇ ਚੋਣ ਲੜੀ ਜਾ ਰਹੀ ਹੈ।
ਇਹ ਗਠਜੋੜ ਪਹਿਲੀ ਬਾਰ 1996 ਵਿੱਚ ਦੇਖਣ ਨੂੰ ਸਾਹਮਣੇ ਆਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 1996 ਵਿੱਚ ਫਰੀਦਕੋਟ ਲੋਕਸਭਾ ਤੋਂ ਆਪਣਾ ਰਾਜਨੈਤਿਕ ਕੈਰੀਅਰ ਸ਼ੁਰੂ ਕੀਤਾ ਸੀ। ਉਸ ਸਮੇਂ ਕੋਟਕਪੂਰਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਸਵ. ਅਜਮੇਰ ਸਿੰਘ ਮੱਕੜ ਦਾ ਸ਼ੁਮਾਰ ਜਿਲਾ ਫਰੀਦਕੋਟ ਦੇ ਪ੍ਰਮੁੱਖ ਅਕਾਲੀ ਆਗੂਆਂ ਵਿੱਚ ਹੁੰਦਾ ਸੀ। ਅਜਮੇਰ ਸਿੰਘ ਮੱਕੜ ਕਾਫੀ ਸੂਝਵਾਨ ਅਤੇ ਪੜੇਲਿਖੇ ਵਿਅਕਤੀ ਸਨ। ਮੰਨਿਆ ਜਾਂਦਾ ਸੀ ਕਿ ਬਾਦਲ ਪਰਿਵਾਰ ਵਲੋਂ ਕੋਈ ਖਾਸ ਫੈਸਲਾ ਲੈਣ ਤੋਂ ਪਹਿਲਾਂ ਅਜਮੇਰ ਸਿੰਘ ਮੱਕੜ ਨਾਲ ਸਲਾਹ ਜਰੂਰ ਕੀਤੀ ਜਾਂਦੀ ਸੀ। ਉਨ੍ਹਾਂ ਦਿਨਾਂ ਵਿੱਚ ਅਕਸਰ ਬਾਦਲ ਪਰਿਵਾਰ ਦੀਆਂ ਗੱਡੀਆਂ ਇਨ੍ਹਾਂ ਦੀ ਫਰੀਦਕੋਟ ਸੜਕ ਸਥਿਤ ਕੋਠੀ ਅੱਗੇ ਖੜੀਆਂ ਦਿਖਦੀਆਂ ਸੀ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਰਾਤ ਨੂੰ ਵੀ ਇਨ੍ਹਾਂ ਦੀ ਕੋਠੀ ਵਿੱਚ ਹੀ ਠਹਿਰਦੇ ਵੇਖੇ ਜਾਂਦੇ ਸੀ।
ਉਨ੍ਹਾਂ ਦਿਨਾਂ ਵਿਚ ਕੋਟਕਪੂਰਾ ਦੇ ਸਾਬਕਾ ਕੌਂਸਲਰ ਸਵ. ਗਾਇਤ੍ਰੀ ਪ੍ਰਕਾਸ਼ ਸ਼ਰਮਾ ਭਾਰਤੀ ਜਨਤਾ ਪਾਰਟੀ ਫਰੀਦਕੋਟ ਦੇ ਪ੍ਰਮੁੱਖ ਆਗੂਆਂ ਵਿੱਚ ਸ਼ੁਮਾਰ ਸਨ। ਅਜਮੇਰ ਸਿੰਘ ਮੱਕੜ ਨਾਲ ਇਨ੍ਹਾਂ ਦੀ ਦੋਸਤੀ ਜਗਜਹਿਰ ਸੀ।ਸੁਖਬੀਰ ਸਿੰਘ ਬਾਦਲ ਪਹਿਲੀ ਬਾਰ ਫਰੀਦਕੋਟ ਹਲਕੇ ਤੋਂ ਲੋਕਸਭਾ ਚੋਣ ਲੜ ਰਹੇ ਸਨ।
ਉਸ ਸਮੇਂ ਚੰਡੀਗੜ੍ਹ ਲੋਕਸਭਾ ਤੋਂ ਭਾਰਤੀ ਜਨਤਾ ਪਾਰਟੀ ਵਲੋਂ ਸਤਪਾਲ ਜੈਨ ਲੋਕਸਭਾ ਚੋਣ ਲੜ ਰਹੇ ਸਨ। ਸੁਖਬੀਰ ਸਿੰਘ ਬਾਦਲ ਨੂੰ ਚੋਣ ਜਿਤਾਉਣ ਲਈ ਸਵ. ਅਜਮੇਰ ਸਿੰਘ ਮੱਕੜ ਦੀ ਵੀ ਡਿਊਟੀ ਲੱਗੀ ਹੋਈ ਸੀ। ਉਨ੍ਹਾਂ ਦਿਨਾਂ ਵਿੱਚ ਬੀਜੇਪੀ ਦਾ ਪੰਜਾਬ ਵਿੱਚ ਕੋਈ ਵੱਡਾ ਆਧਾਰ ਨਹੀਂ ਸੀ। ਕੋਟਕਪੂਰਾ ਵਿਧਾਨਸਭਾ ਤੋਂ 1967 ਵਿੱਚ ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਪ੍ਰਕਾਸ਼ ਕੌਰ ਨੇ ਭਾਰਤੀ ਜਨਸੰਘ ਦੀ ਟਿਕਟ ਤੇ ਚੋਣ ਲੜੀ ਸੀ ਤਾਂ ਗਾਇਤ੍ਰੀ ਪ੍ਰਕਾਸ਼ ਸ਼ਰਮਾ ਪੋਲਿੰਗ ਏਜੇਂਟ ਬਣੇ ਸਨ। 1992 ਵਿੱਚ ਸਵ. ਕ੍ਰਿਸ਼ਨ ਕੁਮਾਰ ਸ਼ਾਸਤਰੀ ਨੇ ਕੋਟਕਪੂਰਾ ਵਿਧਾਨਸਭਾ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੋਣ ਲੜੀ ਤਾਂ ਉਸ ਸਮੇਂ ਵੀ ਚੋਣ ਮੁਹਿੰਮ ਨੂੰ ਗਾਇਤ੍ਰੀ ਪ੍ਰਕਾਸ਼ ਸ਼ਰਮਾ ਨੇ ਹੀ ਸੰਭਾਲਿਆ ਸੀ।
ਜੇਕਰ ਬੀਜੇਪੀ ਚੋਣ ਮੈਦਾਨ ਵਿਚ ਨਹੀਂ ਹੁੰਦੀ ਸੀ ਤਾਂ ਆਮ ਤੌਰ ਤੇ ਬੀਜੇਪੀ ਵਾਲੀਆਂ ਕਰੀਬ ਕਰੀਬ ਸਾਰੀਆਂ ਹਿੰਦੂ ਵੋਟਾਂ ਕਾਂਗਰਸ ਲਈ ਭੁਗਤਦੀਆਂ ਸਨ।
ਉਸ ਸਮੇਂ ਅਜਮੇਰ ਸਿੰਘ ਮੱਕੜ ਨੇ ਗਾਇਤ੍ਰੀ ਪ੍ਰਕਾਸ਼ ਸ਼ਰਮਾ ਨਾਲ ਸੁਖਬੀਰ ਸਿੰਘ ਬਾਦਲ ਦੀ ਜਿੱਤ ਲਈ ਸਲਾਹ ਕੀਤੀ ਅਤੇ ਇਕ ਫੈਸਲਾ ਹੋਇਆ ਕਿ ਫਰੀਦਕੋਟ ਲੋਕਸਭਾ ਹਲਕੇ ਵਿਚ ਭਾਜਪਾ ਦਾ ਕੋਈ ਉਮੀਦਵਾਰ ਨਹੀਂ ਹੈ। ਜਦੋਂਕਿ ਚੰਡੀਗੜ੍ਹ ਲੋਕ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਮੀਦਵਾਰ ਨਹੀਂ ਹੈ। ਇਸ ਲਈ ਫਰੀਦਕੋਟ ਲੋਕਸਭਾ ਵਿਚ ਭਾਜਪਾ ਵਰਕਰ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਦੀ ਮਦਦ ਕਰਣਗੇ। ਜਦਕਿ ਚੰਡੀਗੜ੍ਹ ਲੋਕਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਜਪਾ ਉਮੀਦਵਾਰ ਸੱਤਪਾਲ ਜੈਨ ਦੀ ਮਦਦ ਕੀਤੀ ਜਾਵੇਗੀ।
ਹਾਲਾਂਕਿ ਇਹ ਕੋਈ ਅਧਿਕਾਰਿਤ ਸਮਝੌਤਾ ਨਹੀਂ ਸੀ। ਪਰ ਸ਼੍ਰੋਮਣੀ ਅਕਾਲੀ ਦਲ – ਬੀਜੇਪੀ ਗਠਜੋੜ ਦੀ ਸ਼ੁਰੂਆਤ ਇਥੋਂ ਹੋਈ ਸੀ। ਇਹ ਗੱਲ ਸਵ. ਗਾਇਤ੍ਰੀ ਪ੍ਰਕਾਸ਼ ਸ਼ਰਮਾ ਨੇ ਕਈ ਬਾਰ ਆਪਣੇ ਜਾਣਕਾਰਾਂ ਨਾਲ ਸਾਂਝੀ ਕੀਤੀ ਸੀ।
ਇਸ ਤੋਂ ਬਾਅਦ ਇਸ ਤੋਂ ਬਾਅਦ 1996 ‘ਚ ਮੋਗਾ ਐਲਾਨਨਾਮਾ ਸਮਝੌਤੇ ‘ਤੇ ਹਸਤਾਖਰ ਕਰਕੇ ਭਾਜਪਾ ਅਤੇ ਅਕਾਲੀ ਦਲ ਇਕੱਠੇ ਹੋ ਗਏ ਅਤੇ 1997 ਦੀਆਂ ਵਿਧਾਨਸਭਾ ਚੋਣਾਂ ਇਕੱਠੀਆਂ ਲੜੀਆਂ। ਦੋਵਾਂ ਪਾਰਟੀਆਂ ਦੇ ਗਠਜੋੜ ਨੇ 2007 ਤੋਂ 2017 ਤੱਕ ਪੰਜਾਬ ਵਿੱਚ ਸਰਕਾਰ ਵੀ ਬਣਾਈ ਸੀ। ਸੁਖਬੀਰ ਸਿੰਘ ਬਾਦਲ 1996, 1998 ਅਤੇ 2004 ਦੀਆਂ ਲੋਕਸਭਾ ਚੋਣਾਂ ਦੌਰਾਨ ਫਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਵੀ ਬਣੇ।
ਇਨ੍ਹਾਂ 24 ਸਾਲਾਂ ਵਿਚ ਕਈ ਉਤਰਾਅ-ਚੜ੍ਹਾਅ ਆਏ ਪਰ ਗਠਜੋੜ ਕਾਇਮ ਰਿਹਾ। ਆਖਰਕਾਰ, 2020 ਵਿੱਚ, ਖੇਤੀਬਾੜੀ ਬਿੱਲਾਂ ਨੂੰ ਲੈ ਕੇ ਇਹ ਗਠਜੋੜ ਟੁੱਟ ਗਿਆ।
ਜਿਸ ਦੇ ਚਲਦੇ 2022 ਚੋਣਾਂ ਦੌਰਾਨ ਸੁੱਬੇ ਦੇ ਚੋਣ ਸਮੀਕਰਨ ਪੁਰੀ ਤਰਾਂ ਬਦਲ ਚੁੱਕੇ ਹਨ। ਬੇਸ਼ਕ ਗਠਜੋੜ ਟੁੱਟ ਗਿਆ ਪਰ ਦੋਨਾਂ ਪਾਰਟੀਆਂ ਦੇ ਆਗੂਆਂ ਦੇ ਪੁਰਾਣੇ ਰਿਸ਼ਤੇ ਨਹੀਂ ਟੁੱਟੇ। 2021 ਨਗਰ ਕੌਂਸਲ ਚੋਣਾਂ ਮੌਕੇ ਕਿਸਾਨ ਅੰਦੋਲਨ ਦੇ ਚਲਦੇ ਬੀਜੇਪੀ ਦੇ ਕੁਝ ਚੰਗੇ ਰੁਤਬੇ ਵਾਲੇ ਕਾਰਜਕਰਤਾਵਾਂ ਨੇ ਆਜਾਦ ਉਮੀਦਵਾਰ ਦੇ ਰੂਪ ਵਿਚ ਨਾਮਜ਼ਦਗੀ ਫਾਰਮ ਭਰੇ ਤਾਂ ਬੀਜੇਪੀ ਨੇ ਇਸਨੂੰ ਅਨੁਸ਼ਾਸਨ ਭੰਗ ਮੰਨਕੇ ਇਨ੍ਹਾਂ ਦੇ ਸਾਹਮਣੇ ਅਪਣੇ ਉਮੀਦਵਾਰ ਖੜੇ ਕੀਤੇ , ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਸਾਹਮਣੇ ਆਪਣੇ ਉਮੀਦਵਾਰ ਨਹੀਂ ਖੜੇ ਕੀਤੇ ਨਾਲ ਹੀ ਇਨ੍ਹਾਂ ਨੂੰ ਆਪਣਾ ਬਾਹਰੀ ਸਮਰਥਨ ਵੀ ਦਿੱਤਾ। ਜਿਸਦਾ ਹੁਣ ਵਿਧਾਨਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ – ਬਸਪਾ ਉਮੀਦਵਾਰ ਮਨਤਾਰ ਸਿੰਘ ਬਰਾੜ ਨੂੰ ਫਾਇਦਾ ਮਿਲਦਾ ਸਾਫ ਦਿਖ ਰਿਹਾ ਹੈ। ਕੋਟਕਪੂਰਾ ਬੀਜੇਪੀ ਦੀ ਫੁਟ ਦਾ ਸ਼ਿਕਾਰ ਬਣੇ ਕੁਝ ਚੰਗੇ ਰੁਤਬੇ ਵਾਲੇ ਬੀਜੇਪੀ ਪਿਛੋਕੜ ਦੇ ਆਗੂ ਮਨਤਾਰ ਸਿੰਘ ਬਰਾੜ ਦੀ ਚੋਣ ਮੁਹਿੰਮ ਵਿੱਚ ਸਾਥ ਦਿੰਦੇ ਨਜਰ ਆ ਰਹੇ ਹਨ। ਕੋਟਕਪੂਰਾ ਵਿਧਾਨਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ – ਬਸਪਾ ਉਮੀਦਵਾਰ ਮਨਤਾਰ ਸਿੰਘ ਬਰਾੜ ਅਤੇ ਕਾਂਗਰਸ ਉਮੀਦਵਾਰ ਅਜੈਪਾਲ ਸੰਧੂ ਦਰਮਿਆਨ ਫਸਵੀਂ ਟੱਕਰ ਬਣੀ ਹੋਈ ਹੈ।