ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕਤਲ ਅਤੇ ਜਬਰਜਿਨਾਹ ਦੇ ਦੋਸ਼ਾਂ ਹੇਠ ਸੁਨਾਰੀਆਂ ਜੇਲ੍ਹ ਅੰਦਰ ਬੰਦ ਡੇਰਾ ਮੁੱਖੀ ਰਾਮ ਰਹੀਮ ਨੂੰ ਅਖੰਡ ਕੀਰਤਨੀ ਜੱਥਾ ਦਿੱਲੀ ਨੇ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਤੇ ਰਿਹਾ ਕਰਣ ਦਾ ਵਿਰੋਧ ਕੀਤਾ ਹੈ । ਜੱਥੇ ਦੇ ਕਨਵੀਂਨਰ ਭਾਈ ਅਰਵਿੰਦਰ ਸਿੰਘ ਰਾਜਾ, ਮੈਂਬਰ ਭਾਈ ਮਲਕੀਤ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਹੋਰ ਮੌਜੂਦ ਸਿੰਘਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮ ਰਹੀਮ ਵਲੋਂ ਦਸਮ ਪਾਤਸ਼ਾਹ ਦਾ ਸਰੂਪ ਬਣਾ ਕੇ ਅਤੇ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਗਈ ਸੀ । ਓਸ ਨੂੰ ਇਕ ਲੰਮੀ ਕਾਂਨੂੰਨੀ ਲੜਾਈ ਲੜਨ ਤੋਂ ਬਾਅਦ ਜੁਰਮਾਨੇ ਦੇ ਨਾਲ ਉਮਰਕੈਦ ਦੀ ਸਜ਼ਾ ਮਿਲੀ ਸੀ ਤੇ ਹੁਣ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਨੂੰ ਦੇਖਦੀਆਂ ਓਸ ਦੀ 21 ਦਿਨਾਂ ਦੀ ਫਰਲੋ ਮੰਜੂਰ ਕਰਕੇ ਸਿੱਖ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਜ਼ਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਜਿਸਦਾ ਅਸੀ ਜ਼ੋਰਦਾਰ ਵਿਰੋਧ ਕਰਦੇ ਹਾਂ ਕਿਉਂਕਿ ਡੇਰਾ ਮੁੱਖੀ ਵਲੋਂ ਕੀਤੇ ਗਏ ਕੁਕਰਮ ਇਤਨੇ ਸੰਗੀਨ ਹਨ ਕਿ ਓਹ ਕਿਸੇ ਕਿਸਮ ਦੀ ਨਰਮੀ ਦੇ ਲਾਇਕ ਨਹੀਂ ਹੈ । ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਡੇਰਾ ਮੁੱਖੀ ਦੇ ਬਾਹਰ ਆਣ ਨਾਲ ਪੰਜਾਬ ਵਿਚ ਮੁੜ ਅਸ਼ਾਂਤੀ ਫੈਲ ਸਕਦੀ ਹੈ ਜਿਸ ਨਾਲ ਉਥੇ ਹੋਣ ਵਾਲੇ ਚੋਣ ਵਿਚ ਗੜਬੜੀ ਅਤੇ ਹਿੰਸਾ ਦਾ ਖਤਰਾ ਬਣ ਸਕਦਾ ਹੈ । ਨਾਲ ਹੀ ਉਨ੍ਹਾਂ ਕਾਂਨੂੰਨ ਤੇ ਸੁਆਲ ਚੁਕਦਿਆਂ ਕਿਹਾ ਕਿ ਡੇਰਾ ਮੁੱਖੀ ਨੂੰ ਸਿਰਫ ਚਾਰ ਸਾਲਾਂ ਬਾਅਦ ਹੀ ਫਰਲੋ ਦਿੱਤੀ ਗਈ ਹੈ ਤੇ ਜਿਹੜੇ ਸਿੱਖ ਬੰਦੀ ਪਿਛਲੇ ਲੰਮੇ ਸਮੇਂ ਤੋਂ ਬੰਦ ਹਨ ਉਨ੍ਹਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਜਦਕਿ ਓਹ ਤਾਂ ਬਣਦੀ ਸਜ਼ਾ ਤੋਂ ਵੀ ਵੱਧ ਸਜ਼ਾ ਭੁਗਤ ਚੁੱਕੇ ਹਨ । ਅੰਤ ਵਿਚ ਉਨ੍ਹਾਂ ਨੇ ਚੇਤਾਵਨੀ ਦੇਂਦਿਆਂ ਕਿਹਾ ਕਿ ਜ਼ੇਕਰ ਡੇਰਾ ਮੁੱਖੀ ਦੇ ਬਾਹਰ ਆਉਣ ਤੇ ਕਿਥੇ ਵੀ ਮਾਹੌਲ ਵਿਗੜਦਾ ਹੈ ਓਸ ਦੀ ਜੁੰਮੇਵਾਰ ਮੌਜੂਦਾ ਸਰਕਾਰ ਅਤੇ ਫਰਲੋ ਦੇਣ ਵਾਲੇ ਅਧਿਕਾਰੀ ਹੋਣਗੇ ਜੋ ਇਕ ਧਿਰ ਨੂੰ ਫਾਇਦਾ ਪਹੁੰਚਾਣ ਲਈ ਇਕ ਬਲਾਤਕਾਰੀ ਅਤੇ ਕਾਤਲ ਨੂੰ ਫਰਲੋ ਦੇ ਰਹੇ ਹਨ ।
ਜਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ 2017 ‘ਚ ਦੋ ਪੈਰੋਕਾਰਾਂ ਨਾਲ ਬਲਾਤਕਾਰ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 2002 ‘ਚ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਡੇਰਾ ਸੱਚਾ ਸੌਦਾ ਪ੍ਰਧਾਨ ਅਤੇ ਚਾਰ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।