ਬਲਾਚੌਰ, (ਉਮੇਸ਼ ਜੋਸ਼ੀ) : ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਵਿੱਚ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਬਹੁ-ਪ੍ਰਭਾਵੀ ਸਿਹਤ ਸੁਧਾਰ ਪ੍ਰੋਗਰਾਮ ‘ਕੇਅਰ ਕੰਪੇਨੀਅਨ’ ( ਸੀ.ਸੀ.ਪੀ.) ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਵਿਚ ਸ਼ਾਮਲ ਕਰਨਾ ਹੈ ਤਾਂ ਜੋ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ। ਇਸ ਮੌਕੇ ਜਲ੍ਹਿਾ ਪਰਿਵਾਰ ਭਲਾਈ ਅਫ਼ਸਰ ਡਾ. ਰਕੇਸ਼ ਚੰਦਰ ਤੋਂ ਇਲਾਵਾ ਸਟੇਟ ਪੱਧਰ ਤੋਂ ਆਈ ਟੀਮ ਵਿੱਚ ਜ਼ਨੂਰਾ ਹੈਲਥ ਟਰੱਸਟਜ਼ ਵੱਲੋਂ ਡਾ. ਅਤੁਲ ਤੇ ਮਿਸ ਸਪਨਾ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਕਿਹਾ ਕਿ ਸੀ.ਸੀ.ਪੀ. ਪ੍ਰੋਗਰਾਮ ਨੂੰ ਰਾਜ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਵਿਭਾਗ ਵੱਲੋਂ ਨੂਰਾ ਹੈਲਥ ਇੰਡੀਆ ਟਰੱਸਟ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਗੈਰ-ਸਰਕਾਰੀ ਸੰਸਥਾ ਦਾ ਕੰਮ ਹੈਲਥ ਕੇਅਰ ਸੈਕਟਰ ਵਿਚ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੱਖਿਆ ਦੇਣਾ ਹੈ। ਉਨ੍ਹਾਂ ਕਿਹਾ ਕਿ ਬਹੁ-ਪ੍ਰਭਾਵੀ ਮੈਡੀਕਲ ਸਕਿੱਲ ਤੋਂ ਮਰੀਜਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਣੂ ਕਰਵਾਉਣ ਲਈ ਹਸਪਤਾਲਾਂ ਦੇ ਬਰਾਮਦੇ ਤੇ ਵਾਰਡਾਂ ਨੂੰ ਕਲਾਸ ਰੂਮਾਂ ਦਾ ਰੂਪ ਦਿੱਤਾ ਜਾਵੇਗਾ।
ਡਾ. ਅਤੁਲ ਤੇ ਮਿਸ ਸਪਨਾ ਨੇ ਕਿਹਾ ਕਿ ਮੁਢਲੇ ਪੜਾਅ ਵਿਚ ਇਸ ਪ੍ਰੋਗਰਾਮ ਨੂੰ ਜਲ੍ਹਿਾ ਪੱਧਰ ਤੇ ਲਾਗੂ ਕੀਤਾ ਗਿਆ ਸੀ ਅਤੇ ਹੁਣ ਇਹ ਪ੍ਰੋਗਰਾਮ ਸਬ ਡਵੀਜ਼ਨਲ ਪੱਧਰ ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜ ਵਿਚ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਨੂਰਾ ਹੈਲਥ ਟਰੱਸਟ ਦੀ ਭੂਮਿਕਾ ਤਕਨੀਕੀ ਭਾਈਵਾਲੀ ਵਾਲੀ ਹੈ ਅਤੇ ਇਸ ਸਬੰਧੀ ਹਸਪਤਾਲਾਂ ਦੀਆਂ ਨਰਸਾਂ ਨੂੰ ਮਰੀਜਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਖਲਾਈ ਦੇਣ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੇ ਤਰੀਕੇ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਹ ਸਿਖਿਅਤ ਸਟਾਫ ਜੱਚਾ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਵ-ਜੰਮੇ ਬੱਚੇ ਦੀ ਸਾਂਭ-ਸੰਭਾਲ ਦੇ ਸਹੀ ਤੇ ਆਧੁਨਿਕ ਤਰੀਕਿਆ ਤੋਂ ਜਾਣੂ ਕਰਵਾਏਗਾ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਬੱਚੇ ਦੀ ਸੰਭਾਲ ਦੇ ਨਾਲ-ਨਾਲ ਜਨਮ ਦੇਣ ਵਾਲੀ ਔਰਤ ਦੀ ਦੇਖ-ਰੇਖ ਕਰਨ ਦੇ ਤਰੀਕਿਆਂ ਬਾਰੇ ਦੱਸਣ ਤੋਂ ਇਲਾਵਾ ਬੱਚੇ ਦੀ ਸਾਫ-ਸਫਾਈ, ਸਰਦੀਆਂ ਵਿਚ ਉਸਨੂੰ ਨਿੱਘਾ ਰੱਖਣ, ਦੁੱਧ ਚੁੰਘਾਉਣ ਦੀ ਸਹੀ ਵਿਧੀ ਅਤੇ ਬੱਚੇ ਨੂੰ ਜਨਮ ਦੇਣ ਵਾਲੀ ਔਰਤਾਂ ਨੂੰ ਦਿੱਤੀ ਜਾਣ ਵਾਲੀ ਸਹੀ ਖੁਰਾਕ ਬਾਰੇ ਜਾਣੂ ਕਰਵਾਏਗੀ। ਇਹ ਸਟਾਫ ਇਹ ਵੀ ਯਕੀਨੀ ਬਣਾਵੇਗਾ ਕਿ ਲੰਬੇ ਸਮੇਂ ਲਈ ਗਰਭ-ਰੋਕੂ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ ਜਾਵੇ।
ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਕਿਹਾ ਕਿ ਵਿਭਾਗ ਸਿਹਤ ਸਹੂਲਤਾਂ ਦੇ ਮੌਜੂਦਾ ਪੱਧਰ ਨੂੰ ਸੁਧਾਰ ਕੇ ਆਧੁਨਿਕ ਰੂਪ ਦੇਣ ਲਈ ਤਤਪਰ ਹੈ ਅਤੇ ਨਾਲ ਹੀ ਨਵ-ਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਵੀ ਯਤਨਸ਼ੀਲ ਹੈ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ, ਅਪਥਲਮਿਕ ਅਫ਼ਸਰ ਹਰਜਿੰਦਰ ਸਿੰਘ, ਗੁਰਜੀਤ ਕੌਰ, ਅਨੀਤਾ ਰਾਣੀ, ਹਰਬੰਸ ਕੌਰ, ਪਰਵਿੰਦਰ ਕੌਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜਰ ਸਨ।